ਭੰਗਾਲਾ, 8 ਦਸੰਬਰ (ਬਲਵਿੰਦਰ ਸਿੰਘ ਸੈਣੀ)- ਕਾਂਗਰਸ ਪਾਰਟੀ ਹੀ ਪੰਜਾਬ ਨੂੰ ਦੁਬਾਰਾ ਸੁਨਹਿਰੀ ਦੌਰ ਵਿਚ ਵਾਪਸ ਲਿਜਾਉਣ ਦੀ ਸਮਰੱਥਾ ਰੱਖਦੀ ਹੈ ਤੇ ਇਹ ਗੱਲ ਪੰਜਾਬ ਦੇ ਲੋਕ ਸਮਝ ਚੁੱਕੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਵੱਲੋਂ ਜ਼ੋਨ ਭੰਗਾਲਾ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ. ਬੇਅੰਤ ਸਿੰਘ ਰੰਧਾਵਾ ਦੇ ਹੱਕ 'ਚ ਅੱਜ ਪਿੰਡ ਮਹਿਮੂਦਪੁਰ ਬਟਾਲਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ ਅਤੇ ਇਸ ਸਮੇਂ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਜਿੱਤ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਬਲਾਕ ਸੰਮਤੀ ਜ਼ੋਨ ਸੰਘੋਂ ਕਤਰਾਲਾ ਤੋਂ ਉਮੀਦਵਾਰ ਪ੍ਰੇਮ ਚੰਦ, ਜ਼ੋਨ ਭੰਗਾਲਾ ਤੋਂ ਉਮੀਦਵਾਰ ਮੈਡਮ ਪ੍ਰੀਤੀ, ਜ਼ੋਨ ਫ਼ਿਰੋਜ਼ਪੁਰ ਤੋਂ ਉਮੀਦਵਾਰ ਸਤਬੀਰ ਸਿੰਘ ਵੀ ਹਾਜ਼ਰ ਰਹੇ | ਇਨ੍ਹਾਂ ਤੋਂ ਇਲਾਵਾ ਤਰਸੇਮ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਬੇਅੰਤ ਸਿੰਘ ਰੰਧਾਵਾ, ਪ੍ਰੇਮ ਸਿੰਘ ਸੰਮਤੀ ਮੈਂਬਰ, ਵਿਸ਼ਵ ਮਿੱਤਰਾਂ ਲਖਬੀਰ ਸਿੰਘ ਰੰਧਾਵਾ, ਅਨਿਲ ਠਾਕੁਰ, ਸਿੱਕਾ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਇਲਾਕਾ ਵਾਸੀ ਮੌਜੂਦ ਰਹੇ | ਸਰਬਜੋਤ ਸਾਬੀ ਅਤੇ ਤਰਸੇਮ ਮਿਨਹਾਸ ਨੇ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਬਦਲਾਅ ਦੇ ਨਾਮ ਹੇਠ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਜਿਹੜੇ ਦਾਅਵੇ ਅਤੇ ਵਾਅਦੇ ਕਰਕੇ ਇਨ੍ਹਾਂ ਵਲੋਂ ਸਰਕਾਰ ਬਣਾਈ ਗਈ ਸੀ, ਉਨ੍ਹਾਂ ਨੂੰ ਇਹ ਲੋਕ ਭੁੱਲ ਚੁੱਕੇ ਹਨ ਅਤੇ ਇਸ ਸਮੇਂ ਪੰਜਾਬ ਵਿਚ ਦਿੱਲੀ ਦੇ ਲੋਕਾਂ ਦਾ ਰਾਜ ਚੱਲ ਰਿਹਾ ਹੈ ਜਿਨ੍ਹਾਂ ਨੂੰ ਦਿੱਲੀ ਵਾਸੀ ਨਕਾਰ ਚੁੱਕੇ ਹਨ | ਸਰਬਜੋਤ ਸਾਬੀ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਸੂਬੇ ਦੇ ਸਿਰ ਕਰਜੇ ਦੀ ਪੰਡ ਦਾ ਭਾਰ ਪਹਿਲਾਂ ਨਾਲੋਂ ਦੁੱਗਣਾ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਇਸ ਸਰਕਾਰ ਨੇ ਜਿਹੜੀਆਂ ਵੀ ਪਾਲਿਸੀਆਂ ਬਣਾਈਆਂ ਹਨ ਉਹ ਸਭ ਫ਼ੇਲ੍ਹ ਸਾਬਤ ਹੋਈਆਂ ਹਨ | ਉਨ੍ਹਾਂ ਕਿਹਾ ਕਿ ਜਿਸ ਬੁਰੇ ਦੌਰ ਵਿਚ ਪੰਜਾਬ ਫਸ ਚੁੱਕਾ ਹੈ ਇੱਥੋਂ ਇਸ ਨੂੰ ਬਾਹਰ ਕਾਂਗਰਸ ਦੀ ਲੀਡਰਸ਼ਿਪ ਹੀ ਕੱਢ ਸਕਦੀ ਹੈ ਕਿਉਂਕਿ ਕਾਂਗਰਸ ਕੋਲ ਪੰਜਾਬ ਦੇ ਭਵਿੱਖ ਦਾ ਵਿਜ਼ਨ ਹੈ | ਸਰਬਜੋਤ ਸਾਬੀ ਨੇ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਨਤੀਜੇ ਇਸ ਗੱਲ 'ਤੇ ਮੋਹਰ ਲਗਾਉਣਗੇ ਕਿ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਜਿੱਥੇ ਘਰ-ਘਰ ਪਹੁੰਚਾਇਆ ਜਾਵੇ ਉੱਥੇ ਹੀ ਆਪ ਸਰਕਾਰ ਦੀਆਂ ਨਲਾਇਕੀਆਂ ਤੋਂ ਵੀ ਲੋਕਾਂ ਨੂੰ ਜਾਣੰੂ ਕਰਵਾਇਆ ਜਾਵੇ |