ਗੜ੍ਹਸ਼ੰਕਰ, 2 ਦਸੰਬਰ (ਧਾਲੀਵਾਲ)- ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਪਿੰਡ ਗੋਗੋਂ ਵਿਖੇ ਮੁੱਖ ਸੜਕ 'ਤੇ ਸਥਿਤ ਇਕ ਘਰ ਚੋਂ ਦਿਨ ਦਿਹਾੜੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਹੋਣ ਦੀ ਖ਼ਬਰ ਹੈ | ਘਰ ਦੀ ਮਾਲਕ ਜਸਵੀਰ ਕੌਰ ਪਤਨੀ ਸਵ. ਪਿਆਰਾ ਸਿੰਘ ਵਾਸੀ ਪਿੰਡ ਗੋਗੋਂ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10.30 ਕੁ ਵਜੇ ਘਰ ਦੇ ਮੁੱਖ ਗੇਟ ਨੂੰ ਤਾਲਾ ਲਗਾਕੇ ਪਿੰਡ ਦੇ ਦੂਜੇ ਪਾਸੇ ਸਥਿਤ ਇਕ ਧਾਰਮਿਕ ਅਸਥਾਨ 'ਤੇ ਆਟਾ-ਦਾਲ ਸਕੀਮ ਦੀਆਂ ਪਰਚੀਆਂ ਲੈਣ ਗਈ ਸੀ | ਮੇਰਾ ਪੋਤਰਾ ਛੱਤ 'ਤੇ ਪੜ੍ਹ ਰਿਹਾ ਸੀ ਤੇ ਮੇਰਾ ਲੜਕਾ ਡਰਾਈਵਰੀ ਕਰਦਾ ਹੈ ਜੋ ਘਰੋਂ ਬਾਹਰ ਗੇੜੇ 'ਤੇ ਗਿਆ ਹੋਇਆ ਸੀ | ਜਸਵੀਰ ਕੌਰ ਨੇ ਦੱਸਿਆ ਕਿ ਜਦੋਂ ਅਸੀ ਕੁਝ ਟਾਈਮ ਬਾਅਦ ਵਾਪਸ ਆਈਆਂ ਤਾਂ ਘਰ ਦੇ ਮੇਨ ਗੇਟ ਦਾ ਤਾਲਾ ਤੋੜਿਆ ਹੋਇਆ ਸੀ ਤੇ ਅੰਦਰ ਕਮਰੇ ਵਿਚ ਪਈ ਅਲਮਾਰੀ ਵਿਚੋਂ ਚੋਰਾਂ ਨੇ 15 ਹਜ਼ਾਰ ਦੀ ਨਕਦੀ, ਸੋਨੇ ਦਾ ਹਾਰ, ਸੋਨੇ ਦੀਆਂ ਵੰਗਾਂ, ਸੋਨੇ ਦੇ ਕਾਂਟੇ ਅਤੇ ਇਕ ਸੋਨੇ ਦੀ ਮੁੰਦੀ ਚੋਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਦੱਸਣ ਅਨੁਸਾਰ ਘਰ ਦੇ ਬਾਹਰ ਸੜਕ 'ਤੇ ਦੋ ਵਿਅਕਤੀ ਸਕੂਟਰ 'ਤੇ ਆਏ ਸਨ ਜਿਨ੍ਹਾਂ ਵਲੋਂ ਘਰ ਦਾ ਤਾਲਾ ਤੋੜਕੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਚੋਰੀ ਹੋਣ ਨਾਲ ਛੇ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ | ਪੁਲਿਸ ਵਲੋਂ ਮੌਕਾ ਦੇਖ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |