ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਬਾਸਕਿਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪਿੰਡ ਮੜੂਲੀ ਬ੍ਰਾਹਮਣਾ ਦੀ ਪੰਚਾਇਤ ਦੇ ਸਹਿਯੋਗ ਨਾਲ ਅੰਡਰ-15 ਅਤੇ ਅੰਡਰ-19 ਲੜਕੇ ਤੇ ਲੜਕੀਆਂ ਦਾ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜ਼ਿਲ੍ਹੇ ਭਰ ਤੋਂ ਟੀਮਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ | ਅੰਤਰਰਾਸ਼ਟਰੀ ਸਾਇਕਲਿਸਟ ਅਤੇ ਸਟੇਟ ਅਵਾਰਡੀ ਬਲਰਾਜ ਸਿੰਘ ਚੌਹਾਨ ਬਤੌਰ ਮੁੱਖ ਮਹਿਮਾਨ ਪਹੁੰਚੇ | ਬੱਚਿਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਸਕਿਟਬਾਲ ਐਸੋਸੀਏਸ਼ਨ ਵਲੋਂ ਕੀਤਾ ਜਾ ਰਿਹਾ ਇਹ ਯਤਨ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਛੋਟੀ ਉਮਰ ਤੋਂ ਖੇਡਾਂ ਨਾਲ ਜੁੜ ਜਾਂਦੇ ਹਨ, ਉਹ ਨਸ਼ਿਆਂ ਤੋਂ ਬਚਦੇ ਹਨ ਅਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਦੇ ਹਨ | ਚੌਹਾਨ ਨੇ ਕਿਹਾ ਕਿ ਇਹ ਖਿਡਾਰੀ ਅੱਗੇ ਜਾ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ | ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਸੰਧੂ ਨੇ ਬਲਰਾਜ ਸਿੰਘ ਚੌਹਾਨ ਦੇ ਬੇਮਿਸਾਲ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਲੱਖਾਂ ਕਿਲੋਮੀਟਰ ਸਾਇਕਲਿੰਗ ਕਰਕੇ ਹੁਸ਼ਿਆਰਪੁਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੌਹਾਨ ਵਰਗੇ ਖਿਡਾਰੀਆਂ ਤੋਂ ਸਿੱਖ ਪ੍ਰਾਪਤ ਕਰਨੀ ਚਾਹੀਦੀ ਹੈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪ੍ਰਬੰਧਕ ਕਮੇਟੀ ਵਲੋਂ ਬਲਰਾਜ ਸਿੰਘ ਚੌਹਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਜੇਤੂ ਟੀਮਾਂ ਨੂੰ ਵੀ ਇਨਾਮ ਦਿੱਤੇ ਗਏ | ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਰਾਣਾ, ਜਨਰਲ ਸਕੱਤਰ ਨਛੱਤਰ ਸਿੰਘ, ਰਜਿੰਦਰ ਸਿੰਘ ਗੁਚੂ, ਮਿੰਟੂ ਮੜੂਲੀ, ਜਸਵੰਤ ਸਿੰਘ ਆਦਿ ਮੌਜੂਦ ਸਨ |