ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਦੇ ਪਿੰਡਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਨਾਲੋਂ ਤੋੜ ਕੇ ਨਵੇਂ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜੇ ਜਾਣ ਦੀਆਂ ਚਰਚਾਵਾਂ ਦੇ ਚੱਲਦਿਆਂ ਗੁਰਤੇਜ ਸਿੰਘ ਪੰਨੂੰ ਚੇਅਰਮੈਨ ਸੋਸ਼ਲ ਮੀਡੀਆ ਪੰਜਾਬ ਕਾਂਗਰਸ ਨੇ ਕਿਹਾ ਕਿ ਗੜ੍ਹਸ਼ੰਕਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਨਾਲੋਂ ਤੋੜ ਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਸ਼ਾਮਿਲ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਗਰ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਂਦੀ ਹੈ ਤਾਂ ਉਹ ਸਵਾਗਤ ਕਰਨਗੇ ਤੇ ਸ੍ਰੀ ਅਨੰਦਪੁਰ ਸਾਹਿਬ ਕਈ ਸਾਲ ਪਹਿਲਾ ਹੀ ਜ਼ਿਲ੍ਹਾ ਬਣ ਜਾਣਾ ਚਾਹੀਦਾ ਸੀ ਪਰ ਅਫ਼ਸੋਸ ਵੱਖ-ਵੱਖ ਪਾਰਟੀਆਂ ਨੇ ਰਾਜ ਕਰਦਿਆਂ ਇਸ ਗੱਲ ਨੂੰ ਅਣਗੌਲਿਆ ਕੀਤਾ | ਗੁਰਤੇਜ ਸਿੰਘ ਪੰਨੂ ਨੇ ਕਿਹਾ ਕਿ ਗੜ੍ਹਸ਼ੰਕਰ ਦੇ ਲੋਕ ਨਵੇਂ ਜ਼ਿਲ੍ਹੇ ਵਿਚ ਸ਼ਾਮਿਲ ਹੋਣ ਦੀ ਬਜਾਏ ਹੁਸ਼ਿਆਰਪੁਰ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਗੜ੍ਹਸ਼ੰਕਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੀ ਜੁੜਿਆ ਰਹਿਣ ਦੇਵੇ | ਪੰਨੂ ਨੇ ਕਿਹਾ ਕਿ ਨਵੇਂ ਜ਼ਿਲ੍ਹੇ 'ਚ ਸ਼ਾਮਿਲ ਕੀਤੇ ਜਾਣ ਨਾਲ ਲੋਕਾਂ ਦੀ ਖੱਜਲ-ਖੁਆਰੀ ਵਧੇਗੀ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਗੜ੍ਹਸ਼ੰਕਰ ਦੇ ਲੋਕਾਂ ਦੇ ਨਾਲ ਹਨ ਤੇ ਅਗਰ ਸਰਕਾਰ ਨੇ ਗਲਤ ਫ਼ੈਸਲਾ ਲਿਆ ਤਾਂ ਉਸ ਦਾ ਵਿਰੋਧ ਕਰਨਗੇ |