ਬੀਣੇਵਾਲ, 6 ਨਵੰਬਰ (ਬੈਜ ਚੌਧਰੀ)-ਗੜ੍ਹਸ਼ੰਕਰ ਦੇ ਵਿਧਾਇਕ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਸਪੱਸ਼ਟ ਕਰਨ ਕਿ ਨਵੇਂ ਬਣਨ ਜਾ ਰਹੇ ਜ਼ਿਲੇ੍ਹ ਸ਼੍ਰੀ ਅਨੰਦਪੁਰ ਸਾਹਿਬ ਵਿਚ ਹਲਕਾ ਗੜ੍ਹਸ਼ੰਕਰ ਦੇ ਕਿਹੜੇ ਇਲਾਕੇ ਸ਼ਾਮਿਲ ਕੀਤੇ ਜਾ ਰਹੇ ਹਨ | ਹਲਕਾ ਗੜ੍ਹਸ਼ੰਕਰ ਕਾਂਗਰਸ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਜ਼ਿਲੇ੍ਹ ਵਾਰੇ ਚੱਲ ਰਹੀਆਂ ਅਫ਼ਵਾਹਾਂ ਦੌਰਾਨ ਉਨ੍ਹਾਂ ਬਿਆਨ ਜਾਰੀ ਕਰਕੇ ਕਿਹਾ ਸੀ | ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਣਨ ਵਾਲੇ ਜ਼ਿਲੇ੍ਹ ਦਾ ਉਹ ਸਵਾਗਤ ਕਰਦੇ ਹਨ ਤੇ ਮੰਗ ਕਰਦੇ ਹਨ ਕਿ ਰੋਪੜ ਜ਼ਿਲੇ੍ਹ ਦਾ ਨਾਮ ਬਦਲ ਕੇ ਗੁਰੂ ਸਾਹਿਬ ਦੇ ਨਾਮ ਤੇ ਰੱਖਿਆ ਜਾਵੇ | ਇਸ ਤਰਾਂ ਕਰਨ ਨਾਲ ਸਰਕਾਰ ਦਾ ਕਰੋੜਾਂ ਰੁਪਏ ਵੀ ਬਚ ਜਾਵੇਗਾ ਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਸਕੇਗੀ | ਲਾਲੀ ਨੇ ਕਿਹਾ ਕਿ ਪਿਛਲੇ ਦਿਨੀਂ ਇਸ ਮੁੱਦੇ ਤੇ ਗੜ੍ਹਸ਼ੰਕਰ ਵਿਚ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਸੀ ਜਿਸ ਵਿਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੂੰ ਵੀ ਸੱਦਾ ਭੇਜਿਆ ਸੀ | ਮੀਟਿੰਗ ਵਿਚ ਰੌੜੀ ਵਲੋਂ ਆਪਣਾ ਨੁਮਾਇੰਦਾ ਭੇਜਿਆ ਗਿਆ ਸੀ ਪਰ ਖ਼ੁਦ ਸ਼ਾਮਲ ਨਹੀ ਹੋਇਆ | ਮੀਟਿੰਗ ਵਿਚ ਹਾਜ਼ਰ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਇੱਕ ਆਵਾਜ਼ ਵਿਚ ਗੜ੍ਹਸ਼ੰਕਰ ਨੂੰ ਤੋੜਨ ਦਾ ਵਿਰੋਧ ਕੀਤਾ ਸੀ | ਲਾਲੀ ਨੇ ਕਿਹਾ ਕਿ ਨਵੇਂ ਜ਼ਿਲੇ੍ਹ ਬਾਰੇ ਅਤੇ ਜ਼ਿਲੇ੍ਹ ਵਿਚ ਸ਼ਾਮਲ ਹੋਣ ਵਾਲੇ ਇਲਾਕਿਆਂ ਬਾਰੇ ਚੁੱਪੀ ਧਾਰ ਕੇ ਰੌੜੀ ਗੜ੍ਹਸ਼ੰਕਰ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ |