ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- 'ਸੋਲਿਡ ਵੇਸਟ ਮੈਨੇਜਮੈਂਟ ਰੂਲਜ਼-2000' 25 ਸਾਲਾਂ 'ਚ ਕਾਗ਼ਜ਼ਾਂ 'ਚ ਵੱਧ ਫੁੱਲ ਰਿਹਾ ਹੈ ਤੇ ਕਈ ਵਾਰ ਬਿਨਾਂ ਲਾਗੂ ਹੋਣ ਤੋਂ ਐਕਟ 'ਚ ਤਬਦੀਲੀਆਂ ਕੀਤੀਆਂ, ਪਰ ਗੰਦਗੀ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ-ਪਿੰਡ ਕੂੜਾ ਡੰਪ ਕਰਨ ਲਈ ਬਣੇ ਕੂੜੇਦਾਨਾਂ 'ਚ ਲੱਗੇ ਕੂੜੇ ਦੇ ਢੇਰਾਂ ਵੱਲ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਨਾ ਧਿਆਨ ਦੇਣ 'ਤੇ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਸ਼ਹਿਰਾਂ ਵਾਂਗ ਪਿੰਡਾਂ ਦਾ ਵਿਕਾਸ ਵੀ ਅਤੇ ਕੂੜੇ ਦੀ ਸਾਂਭ-ਸੰਭਾਲ ਕਾਗ਼ਜ਼ੀ ਘੋੜੇ ਦੁੜਾ ਕੇ ਸਰਕਾਰ ਲੋਕਾਂ ਲਈ ਸਿਰ ਦਰਦੀ ਪੈਦਾ ਕਰ ਰਹੀ ਹੈ | ਹਲਾਤ ਇਹ ਹਨ ਕਿ ਕੂੜੇਦਾਨ ਪੂਰੀ ਤਰ੍ਹਾਂ ਬਦਬੂ ਮਾਰਦੀ ਗੰਦਗੀ ਨਾਲ ਭਰੇ ਪਏ ਹਨ ਅਤੇ ਮੱਖੀਆਂ ਮੱਛਰਾਂ ਦੀ ਨਰਸਰੀ ਬਣਨ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ | ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੇ ਆਪਣੇ ਹਲਕਿਆਂ 'ਚ ਖਾਨਾਪੂਰਤੀ ਕਰਕੇ ਡੰਗ ਟਪਾਇਆ ਹੈ | ਧੀਮਾਨ ਨੇ ਦੱਸਿਆ ਕਿ ਕਈਆਂ ਪਿੰਡਾਂ 'ਚ ਤਾਂ ਕੂੜਾ ਤੋਲਣ ਲਈ ਕਾਗ਼ਜ਼ਾਂ ਵਿਚ ਲੱਖਾਂ ਰੁਪਏ ਖ਼ਰਚ ਕਰਕੇ ਮਸ਼ੀਨਾਂ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਕ ਪਾਸੇ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਕੂੜੇ ਨੂੰ ਅਲੱਗ-ਅਲੱਗ ਕਰਕੇ ਰੱਖਣਾ ਹੈ ਤੇ ਉਸ ਨੂੰ ਸੋਧਣਾ ਹੈ, ਪਰ ਇੱਥੇ ਤਾਂ ਪਿੰਡਾਂ ਵਿਚ ਸਭ ਕੁੱਝ ਇਕੱਠਾ ਹੀ ਪਿਆ ਵੇਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕੂੜਾਦਾਨ ਤਾਂ ਬਣਾ ਲਏ ਪਰ ਉਨ੍ਹਾਂ 'ਤੇ ਬੇਰੁਜ਼ਗਾਰਾਂ ਨੂੰ ਕੰਮ ਮੁਹੱਈਆ ਕਰਵਾਉਣ ਵਾਸਤੇ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ | ਧੀਮਾਨ ਨੇ ਕਿਹਾ ਕਿ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ ਬਹੁਤ ਵਧੀਆ ਹੈ, ਉਸ ਵਿਚ ਸੋਧ ਤਾਂ ਸਰਕਾਰ ਕਰੇ, ਅਗਰ ਉਸ ਨੂੰ ਪਹਿਲਾਂ ਲਾਗੂ ਕੀਤਾ ਗਿਆ ਹੈ, ਪਰ ਇਹ ਰੂਲਜ਼ ਹਾਲੇ ਤੱਕ ਸ਼ਹਿਰਾਂ ਵਿਚ ਲਾਗੂ ਨਹੀਂ ਹੋ ਸਕੇ |