ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਰੈੱਡ ਕਰਾਸ ਸੁਸਾਇਟੀ ਨੇ ਮਾਤਾ ਚਿੰਤਪੁਰਨੀ ਮੇਲੇ ਨੂੰ ਵਾਤਾਵਰਨ ਦੇ ਅਨੁਕੂਲ ਅਤੇ 100 ਫ਼ੀਸਦੀ ਪਲਾਸਟਿਕ ਮੁਕਤ ਬਣਾਉਣ ਲਈ 'ਚੜ੍ਹਦਾ ਸੂਰਜ' ਮੁਹਿੰਮ ਤਹਿਤ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ | ਇਹ ਮੇਲਾ 25 ਜੁਲਾਈ ਤੋਂ 4 ਅਗਸਤ 2025 ਤੱਕ ਆਯੋਜਿਤ ਹੋਵੇਗਾ | ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਨੇ ਇਸ ਮੁਹਿੰਮ ਦਾ ਐਲਾਨ ਕਰਦਿਆਂ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ, ਸਮਾਜ ਸੇਵਕਾਂ ਅਤੇ ਵਿਅਕਤੀਗਤ ਚੇਂਜਮੇਕਰਸ ਤੋਂ ਇਸ ਪਵਿੱਤਰ ਮੇਲੇ ਨੂੰ ਵਾਤਾਵਰਨ ਸੁਰੱਖਿਆ ਦਾ ਪ੍ਰਤੀਕ ਬਣਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ | ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਮੇਲਾ ਸਾਡੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ | ਇਸ ਵਾਰ 'ਚੜ੍ਹਦਾ ਸੂਰਜ' ਮੁਹਿੰਮ ਤਹਿਤ ਮੇਲੇ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਗਿਆ ਹੈ | ਇਸ ਮੁਹਿੰਮ ਵਿਚ ਸਾਰੇ ਗੈਰ-ਸਰਕਾਰੀ ਸੰਗਠਨਾਂ, ਵਲੰਟੀਅਰਾਂ ਅਤੇ ਸਮਾਜ ਦੇ ਜਾਗਰੂਕ ਨਾਗਰਿਕਾਂ ਤੋਂ ਸਰਗਰਮ ਸਹਿਯੋਗ ਦੀ ਉਮੀਦ ਹੈ | ਇਸ ਮੁਹਿੰਮ ਤਹਿਤ ਵਲੰਟੀਅਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਉਨ੍ਹਾਂ ਨੂੰ ਸ਼ਿਫ਼ਟਾਂ ਦੇ ਹਿਸਾਬ ਨਾਲ ਆਦਮਵਾਲ ਤੋਂ ਲੈ ਕੇ ਹੁਸ਼ਿਆਰਪੁਰ ਸਰਹੱਦ ਤੱਕ ਲੰਗਰਾਂ ਵਿਚ ਨਿਯੁਕਤ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਵਲੰਟੀਅਰਾਂ ਦਾ ਇਹ ਯੋਗਦਾਨ ਮੇਲੇ ਨੂੰ ਵਾਤਾਵਰਨ ਪੱਖੀ ਬਣਾਉਣ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ |ਉਨ੍ਹਾਂ ਕਿਹਾ ਕਿ ਚਾਹਵਾਨ ਐਨ.ਜੀ.ਓ ਅਤੇ ਵਲੰਟੀਅਰ 23 ਜੁਲਾਈ ਤੱਕ ਰਜਿਸਟਰ ਕਰਵਾ ਸਕਦੇ ਹਨ |