ਗੜ੍ਹਸ਼ੰਕਰ, 20 ਜੁਲਾਈ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਅੰਡਰ-ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕਲਾਸਾਂ ਦਾ ਦਾਖ਼ਲਾ ਜ਼ੋਰਾਂ 'ਤੇ ਚੱਲ ਰਿਹਾ ਹੈ | ਇਹ ਪ੍ਰਗਟਾਵਾ ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਾਲਜ 'ਚ ਚੱਲ ਰਹੇ ਕਈ ਕੋਰਸਾਂ 'ਚ ਲੋਕਲ ਵਿਦਿਆਰਥੀਆਂ ਤੋਂ ਇਲਾਵਾ ਨਾਲ ਲੱਗਦੇ ਜ਼ਿਲਿ੍ਹਆਂ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਵੀ ਵਿਦਿਆਰਥੀ ਦਾਖ਼ਲਾ ਲੈਣ ਲਈ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਅੰਡਰ-ਗ੍ਰੈਜੂਏਟ ਕੋਰਸਾਂ ਬੀ.ਏ. ਅਤੇ ਬੀ.ਐੱਸ.ਸੀ. (ਮੈਡੀਕਲ/ਨਾਨ ਮੈਡੀਕਲ) ਵਿਚ ਜਿਥੇ ਦਾਖ਼ਲਾ ਜਾਰੀ ਹੈ, ਉਥੇ ਹੀ ਬੀ.ਕਾਮ., ਬੀ.ਸੀ.ਏ., ਚਾਰ ਸਾਲਾ ਇੰਟਗ੍ਰੇਟਿਡ ਕੋਰਸਾਂ ਬੀ.ਏ. ਬੀ.ਐੱਡ. ਅਤੇ ਬੀ.ਐੱਸ.ਸੀ. ਬੀ.ਐਡ. ਕੋਰਸਾਂ 'ਚ ਸਿਰਫ ਕੁਝ ਕੁ ਸੀਟਾਂ ਹੀ ਬਾਕੀ ਹਨ | ਉਨ੍ਹਾਂ ਦੱਸਿਆ ਕਿ ਪੋਸਟ-ਗ੍ਰੈਜੂਏਟ ਕੋਰਸਾਂ ਐੱਮ.ਏ. ਹਿਸਟਰੀ, ਐੱਮ.ਕਾਮ., ਐੱਮ.ਐੱਸ.ਸੀ ਕਮਿਸਟਰੀ, ਐੱਮ.ਐੱਸ.ਸੀ. ਮੈਥ, ਪੀ.ਜੀ.ਡੀ.ਸੀ.ਏ. ਦਾ ਦਾਖ਼ਲਾ ਵੀ ਸ਼ੁਰੂ ਹੋ ਚੁੱਕਾ ਹੈ ਤੇ ਵਿਦਿਆਰਥੀ ਸਮੇਂ ਸਿਰ ਦਾਖ਼ਲਾ ਲੈ ਕੇ ਆਪਣੀ ਪੜ੍ਹਾਈ ਆਰੰਭ ਕਰਨ ਨੂੰ ਤਰਜੀਹ ਦੇਣ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਅਕਾਦਮਿਕ ਕੈਲੰਡਰ ਅਨੁਸਾਰ ਕਾਲਜ ਵਿਚ 21 ਜੁਲਾਈ ਤੋਂ ਨਵੇਂ ਵਿੱਦਿਅਕ ਵਰੇ੍ਹ ਦੀਆਂ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸੈਸ਼ਨ ਦੀ ਆਰੰਭਤਾ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ 21 ਜੁਲਾਈ ਦਿਨ ਸੋਮਵਾਰ ਨੂੰ ਕਾਲਜ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ |