ਹੁਸ਼ਿਆਰਪੁਰ, 18 ਜੁਲਾਈ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਗ੍ਰਾਮ ਪੰਚਾਇਤਾਂ ਵਿੱਚ ਖਾਲੀ ਅਸਾਮੀਆਂ ਲਈ ਉਪ-ਚੋਣਾਂ 27 ਜੁਲਾਈ 2025 (ਐਤਵਾਰ) ਨੂੰ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਰਪੰਚਾਂ ਦੀਆਂ 4 ਖਾਲੀ ਅਸਾਮੀਆਂ ਅਤੇ ਪੰਚਾਂ ਦੀਆਂ 151 ਖਾਲੀ ਅਸਾਮੀਆਂ ਨੂੰ ਭਰਨ ਲਈ ਉਪ-ਚੋਣਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦੇ ਆਖਰੀ ਦਿਨ ਅੱਜ ਸਰਪੰਚਾਂ ਲਈ 8 ਅਤੇ ਪੰਚਾਂ ਲਈ 112 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ | ਇਸ ਤਰ੍ਹਾਂ ਇਨ੍ਹਾਂ ਚੋਣਾਂ ਵਿੱਚ ਹੁਣ ਤੱਕ ਸਰਪੰਚਾਂ ਲਈ ਕੁੱਲ 15 ਅਤੇ ਪੰਚਾਂ ਲਈ 160 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦੇ ਆਖਰੀ ਦਿਨ ਤੱਕ ਹੁਸ਼ਿਆਰਪੁਰ-1 ਵਿੱਚ ਪੰਚਾਂ ਲਈ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਹੁਸ਼ਿਆਰਪੁਰ-2 ਵਿੱਚ ਸਰਪੰਚਾਂ ਲਈ 5 ਅਤੇ ਪੰਚਾਂ ਲਈ 28, ਭੂੰਗਾ ਵਿੱਚ ਪੰਚਾਂ ਲਈ 10, ਮਾਹਿਲਪੁਰ ਵਿੱਚ ਸਰਪੰਚਾਂ ਲਈ 2 ਅਤੇ ਪੰਚਾਂ ਲਈ 22, ਗੜ੍ਹਸ਼ੰਕਰ ਵਿੱਚ ਪੰਚਾਂ ਲਈ 14, ਟਾਂਡਾ ਵਿੱਚ ਪੰਚਾਂ ਲਈ 15, ਦਸੂਹਾ ਵਿੱਚ ਪੰਚਾਂ ਲਈ 10, ਮੁਕੇਰੀਆਂ ਵਿੱਚ ਪੰਚਾਂ ਲਈ 11, ਹਾਜੀਪੁਰ ਵਿੱਚ ਪੰਚਾਂ ਲਈ 9, ਸਰਪੰਚਾਂ ਲਈ 8 ਅਤੇ ਤਲਵਾੜਾ ਵਿੱਚ ਪੰਚਾਂ ਲਈ 26 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ, 2025 (ਸ਼ੁੱਕਰਵਾਰ) ਨੂੰ ਕੀਤੀ ਜਾਵੇਗੀ | ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ, 2025 (ਸ਼ਨੀਵਾਰ) ਦੁਪਹਿਰ 3 ਵਜੇ ਤੱਕ ਹੈ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ |