14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪ੍ਰਧਾਨ ਮੰਤਰੀ ਵਲੋਂ ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ ਤਹਿਤ 18 ਹਜ਼ਾਰ ਕਰੋੜ ਜਾਰੀ <br/>

ਅਜੀਤ ਡੈਸਕ 20-11-2025

ਕਿਹਾ, ਭਾਰਤ ਕੁਦਰਤੀ ਖੇਤੀ ਦਾ ਆਲਮੀ ਕੇਂਦਰ ਬਣਨ ਦੇ ਰਾਹ 'ਤੇ
ਕੋਇੰਬਟੂਰ, 19 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ ਤਹਿਤ 9 ਕਰੋੜ ਤੋਂ ਵੱਧ ਕਿਸਾਨਾਂ ਨੂੰ 18,000 ਕਰੋੜ ਰੁਪਏ ਵੱਧ ਜਾਰੀ ਕੀਤੇ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਦੇਸ਼ ਦੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਹੁਣ ਤੱਕ 4 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ | ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਮਦਦ ਵੀ ਦਿੱਤੀ ਗਈ ਹੈ | 2019 ਵਿਚ ਸ਼ੁਰੂ ਹੋਈ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ ਇਕ ਸਾਲ 'ਚ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ (ਕੁੱਲ 6 ਹਜ਼ਾਰ ਰੁਪਏ) ਦਿੱਤੇ ਜਾਂਦੇ ਹਨ ਅਤੇ ਇਹ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੀ ਜਾਂਦੀ ਹੈ | ਕਿਸਾਨਾਂ ਲਈ ਫ਼ੰਡ ਜਾਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੋਡਿਸੀਆ ਵਪਾਰ ਮੇਲਾ ਕੰਪਲੈਕਸ ਵਿਖੇ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ ਦਾ ਉਦਘਾਟਨ ਕੀਤਾ, ਜਿਸ ਵਿਚ ਦੱਖਣੀ ਰਾਜਾਂ ਦੇ 5,000 ਤੋਂ ਵੱਧ ਕਿਸਾਨ ਅਤੇ ਵੱਖ-ਵੱਖ ਕਿਸਾਨ ਸੰਗਠਨਾਂ ਦੇ ਮੈਂਬਰ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੁਦਰਤੀ ਖੇਤੀ ਦਾ ਆਲਮੀ ਕੇਂਦਰ ਬਣਨ ਦੇ ਰਾਹ 'ਤੇ ਹੈ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੀ ਮੂਲ ਅਤੇ ਰਵਾਇਤੀ ਪਰੰਪਰਾ ਹੈ | ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ | ਉਨ੍ਹਾਂ ਕਿਹਾ ਫ਼ਸਲੀ ਵਿਭਿੰਨਤਾ ਅਤੇ ਕੁਦਰਤੀ ਖੇਤੀ ਮਿੱਟੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੁਦਰਤੀ ਖੇਤੀ ਵਾਤਾਵਰਨ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਵੀ ਮਦਦ ਕਰਦੀ ਹੈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਕ ਕਿਸਾਨ ਐਕਸਪੋ ਦਾ ਉਦਘਾਟਨ ਕੀਤਾ, ਜਿਸ ਵਿਚ ਵੱਖ-ਵੱਖ ਖੇਤੀ ਉਤਪਾਦਾਂ ਅਤੇ ਨਵੀਨਤਮ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨ ਸੰਗਠਨਾਂ ਦੇ ਮੈਂਬਰਾਂ ਨਾਲ ਵਿਆਪਕ ਤੌਰ 'ਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਖੇਤੀਬਾੜੀ ਦੇ ਖੇਤਰ 'ਚ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਇਸ ਸੰਮੇਲਨ ਦਾ ਉਦੇਸ਼ ਟਿਕਾਊ, ਵਾਤਾਵਰਨ ਅਨੁਕੂਲ ਅਤੇ ਰਸਾਇਣ ਮੁਕਤ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਭਾਰਤ ਦੇ ਖੇਤੀਬਾੜੀ ਭਵਿੱਖ ਲਈ ਇੱਕ ਵਿਹਾਰਕ, ਜਲਵਾਯੂ ਅਨੁਕੂਲ ਅਤੇ ਆਰਥਿਕ ਤੌਰ 'ਤੇ ਟਿਕਾਊ ਮਾਡਲ ਵਜੋਂ ਕੁਦਰਤੀ ਅਤੇ ਪੁਨਰ-ਉਤਪਾਦਨਸ਼ੀਲ ਖੇਤੀ ਵੱਲ ਬਦਲਾਅ ਨੂੰ ਰਫ਼ਤਾਰ ਦੇਣਾ ਹੈ | ਇਸ ਸੰਮੇਲਨ 'ਚ ਤਾਮਿਲਨਾਡੂ, ਪੁਡੂਚੇਰੀ, ਕੇਰਲ, ਤੇਲੰਗਾਨਾ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ 50,000 ਤੋਂ ਵੱਧ ਕਿਸਾਨ, ਕੁਦਰਤੀ ਖੇਤੀ ਕਾਰੋਬਾਰੀ, ਵਿਗਿਆਨੀ ਹਿੱਸਾ ਲੈ ਰਹੇ ਹਨ | ਇਸ ਮੌਕੇ ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ, ਕੇਂਦਰੀ ਮੰਤਰੀ ਐਲ ਮੁਰੂਗਨ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਗੈਂਗਸਟਰ ਅਨਮੋਲ ਬਿਸ਼ਨੋਈ ਐਨ.ਆਈ.ਏ. ਵਲੋਂ ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ <br/> ਅਗਲੀ ਖ਼ਬਰ ਸਾਬਕਾ ਫ਼ੌਜੀ ਵਲੋਂ ਪਤਨੀ ਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਖੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।