• ਇਕ ਦੁਕਾਨਦਾਰ ਜ਼ਖ਼ਮੀ • ਗੈਂਗਸਟਰਾਂ ਨੇ ਮੰਗੀ ਸੀ 2 ਕਰੋੜ ਦੀ ਫ਼ਿਰੌਤੀ-ਰਵੀਕਰਨ ਸਿੰਘ ਕਾਹਲੋਂ
ਅੰਮਿ੍ਤਸਰ, 18 ਨਵੰਬਰ (ਰੇਸ਼ਮ ਸਿੰਘ)-ਅੱਜ ਸਵੇਰੇ ਇਥੇ ਬੱਸ ਅੱਡੇ ਵਿਖੇ ਇਕ ਨਿੱਜੀ ਬੱਸ ਕੰਪਨੀ ਦੇ ਅੱਡਾ ਇੰਚਾਰਜ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਨੇੜੇ ਕੰਮ ਕਰਦਾ ਇਕ ਪ੍ਰਵਾਸੀ ਦੁਕਾਨਦਾਰ ਜ਼ਖ਼ਮੀ ਹੋ ਗਿਆ | ਹਮਲਾਵਰਾਂ ਵਲੋਂ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ | ਹਮਲਾਵਾਰਾਂ ਦੀ ਗਿਣਤੀ ਤਿੰਨ ਤੋਂ ਚਾਰ ਸੀ, ਜੋ ਮੋਟਰਸਾਇਕਲਾਂ 'ਤੇ ਸਵਾਰ ਹੋ ਕੇ ਆਏ ਸਨ | ਮਿ੍ਤਕ ਦੀ ਸ਼ਨਾਖਤ ਮੱਖਣ ਸਿੰਘ (40) ਵਾਸੀ ਪਿੰਡ ਘਣਸ਼ਾਮਪੁਰ ਮਹਿਤਾ ਰੋਡ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ ਜਦਕਿ ਗੋਲੀਬਾਰੀ 'ਚ ਜ਼ਖ਼ਮੀ ਹੋਇਆ ਪ੍ਰਵਾਸੀ ਦੁਕਾਨਦਾਰ ਦਿਨੇਸ਼ ਵਾਸੀ ਬਿਹਾਰ ਦੱਸਿਆ ਗਿਆ ਹੈ | ਘਟਨਾ ਸੰਬੰਧੀ ਕਾਹਲੋਂ ਬੱਸ ਸਰਵਿਸ ਪ੍ਰਾ. ਲਿਮਟਿਡ ਦੇ ਮਾਲਕ ਤੇ ਭਾਜਪਾ ਦੇ ਸੀਨੀ: ਆਗੂ ਰਵੀਕਰਨ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਗੈਂਗਸਟਰਾਂ ਦੀ ਵਾਰਦਾਤ ਹੈ | ਉਨ੍ਹਾਂ ਦਾਅਵਾ ਕੀਤਾ ਕਿ ਗੈਂਗਸਟਰਾਂ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਜਦੋਂ ਉਨ੍ਹਾਂ ਦਾ ਅੱਡਾ ਇੰਚਾਰਜ ਮੱਖਣ ਸਿੰਘ ਬੱਸ ਅੱਡੇ 'ਤੇ ਆਂਮ ਵਾਂਗ ਡਿਉੂਟੀ ਕਰ ਰਿਹਾ ਸੀ ਤਾਂ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ | ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵਲੋਂ ਮਿਲ ਰਹੀਆਂ ਧਮਕੀਆਂ ਸੰਬੰਧੀ ਮਜੀਠਾ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਕ ਮੁਲਾਜ਼ਮ ਕੰਵਲ ਥਾਣਾ ਰਾਮ ਬਾਗ 'ਚ ਸ਼ਿਕਾਇਤ ਦੇ ਕੇ ਆਇਆ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਉਨ੍ਹਾਂ ਦਾ ਪੁੱਤਾਂ ਵਰਗਾ ਮੁਲਾਜ਼ਮ ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਮਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਗੈਂਗਸਟਰਾਂ ਦਾ ਰਾਜ ਹੈ ਤੇ ਸਰਕਾਰ ਲੋਕਾਂ ਨੂੰ ਗੈਂਗਸਟਰਾਂ ਤੋਂ ਸੁਰੱਖਿਆ ਦੇਣ 'ਚ ਅਸਫਲ ਰਹੀ ਹੈ | ਘਟਨਾ ਉਪਰੰਤ ਪੁਲਿਸ ਵਲੋਂ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ | ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਸੀ.ਪੀ. ਗਗਨਦੀਪ ਸਿੰਘ ਹੋਰ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ |
ਗੈਂਗਸਟਰ ਡੋਨੀ ਬੱਲ ਤੇ 3 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ
ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੇ ਇਸ ਮਾਮਲੇ 'ਚ ਗੈਂਗਸਟਰ ਡੌਨੀ ਬੱਲ ਤੇ 3 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਨੁਸਾਰ ਸ਼ਿਕਾਇਤਕਰਤਾ ਕੰਵਲਪ੍ਰੀਤ ਸਿੰਘ ਵਾਸੀ ਪਿੰਡ ਮਹਾਦੀਪੁਰ ਮਜੀਠਾ ਨੇ ਦੱਸਿਆ ਕਿ ਉਹ ਲਗਭਗ 25 ਸਾਲਾਂ ਤੋਂ ਕਾਹਲੋਂ ਟਰਾਂਸਪੋਰਟ 'ਚ ਅੱਡਾ ਇੰਚਾਰਜ ਵਜੋਂ ਕੰਮ ਕਰ ਰਿਹਾ ਹੈ | ਉਸ ਦੇ ਬਿਆਨ ਮੁਤਾਬਿਕ ਮੱਖਣ ਸਿੰਘ, ਜੋ ਸਹਾਇਕ ਅੱਡਾ ਇੰਚਾਰਜ ਵਜੋਂ ਕੰਮ ਕਰਦਾ ਸੀ, ਉਤੇ ਬੱਸ ਅੱਡੇ ਵਿਖੇ 3 ਅਣਪਛਾਤੇ ਨੌਜਵਾਨਾਂ ਨੇ ਕਈ ਗੋਲੀਆਂ ਚਲਾਈਆਂ | ਉਸ ਨੇ ਦਸਿਆ ਕਿ ਕਿ ਗੈਂਗਸਟਰ ਡੋਨੀ ਬੱਲ ਨੇ ਪਹਿਲਾਂ ਉਸ ਨੂੰ ਅਤੇ ਮੱਖਣ ਸਿੰਘ ਨੂੰ ਜ਼ਬਰੀ ਫਿਰੌਤੀ ਦੀਆਂ ਧਮਕੀਆਂ ਦਿੱਤੀਆਂ ਸਨ ਤੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਮਾਲਕਾਂ ਰਵੀਕਰਨ ਸਿੰਘ ਕਾਹਲੋਂ ਤੇ ਉਸ ਦੇ ਭਰਾ ਨੂੰ ਮਾਰ ਦਿੱਤਾ ਜਾਵੇਗਾ | ਇਸ ਮਾਮਲੇ 'ਚ ਡੋਨੀ ਬੱਲ ਤੇ ਤਿੰਨ ਹੋਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਅੰਮਿ੍ਤਸਰ ਵਿਖੇ ਨਿੱਜੀ ਬੱਸ ਕੰਪਨੀ ਦੇ ਅੱਡਾ ਇੰਚਾਰਜ ਦੀ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
19-11-2025