ਨਵੀਂ ਦਿੱਲੀ, 18 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ,ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ), ਇਸ ਦੀਆਂ ਸਮੂਹ ਕੰਪਨੀਆਂ ਅਤੇ ਉਨ੍ਹਾਂ ਦੇ ਪ੍ਰਮੋਟਰਾਂ ਨਾਲ ਜੁੜੇ ਕਥਿਤ ਬੈਂਕਿੰਗ ਅਤੇ ਕਾਰਪੋਰੇਟ ਧੋਖਾਧੜੀ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਕੇਂਦਰ, ਸੀ. ਬੀ. ਆਈ., ਈ. ਡੀ., ਅਨਿਲ ਅੰਬਾਨੀ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਹਨ | ਪਟੀਸ਼ਨਕਰਤਾ ਸਾਬਕਾ ਕੇਂਦਰੀ ਸਕੱਤਰ ਈ. ਏ. ਐੱਸ. ਸ਼ਰਮਾ ਵਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਬੈਂਚ ਅੱਗੇ ਪੇਸ਼ ਹੋਏ | ਪਟੀਸ਼ਨ 'ਤੇ ਵਿਚਾਰ ਕਰਨ ਤੋਂ ਬਾਅਦ, ਬੈਂਚ ਨੇ ਨੋਟਿਸ ਜਾਰੀ ਕਰਕੇ ਤਿੰਨ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ | ਮਾਮਲੇ ਦੀ ਅਗਲੀ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਹੋਣ ਦੀ ਉਮੀਦ ਹੈ | ਪਟੀਸ਼ਨ ਵਿਚ ਜਨਤਕ ਫੰਡਾਂ ਦੀ ਯੋਜਨਾਬੱਧ ਦੁਰਵਰਤੋਂ, ਵਿੱਤੀ ਸਟੇਟਮੈਂਟਾਂ ਵਿਚ ਹੇਰਾਫੇਰੀ ਅਤੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਏ. ਡੀ. ਏ. ਗਰੁੱਪ ਦੀਆਂ ਕਈ ਸੰਸਥਾਵਾਂ 'ਚ ਸੰਸਥਾਗਤ ਮਿਲੀਭੁਗਤ ਦਾ ਦੋਸ਼ ਲਗਾਇਆ ਗਿਆ ਹੈ |