21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਦਿੱਲੀ ਦੇ ਸ਼ਰਾਬ ਘੁਟਾਲੇ ਵਾਂਗ ਪੰਜਾਬ 'ਚ ਲੈਂਡ ਪੂਲਿੰਗ ਘੁਟਾਲੇ ਦੀ ਤਿਆਰੀ-ਅਨੁਰਾਗ ਠਾਕੁਰ

ਅਜੀਤ ਡੈਸਕ 21-07-2025

ਕਿਹਾ, ਕਾਂਗਰਸ ਨੇ ਸਿੱਖ ਕਤਲੇਆਮ ਦੀ ਮੁਆਫ਼ੀ ਨਹੀਂ ਮੰਗੀ ਪਰ ਭਾਜਪਾ ਨੇ ਦੋਸ਼ੀ ਜੇਲ੍ਹਾਂ 'ਚ ਡੱਕੇ
ਅੰਮਿ੍ਤਪਾਲ ਸਿੰਘ ਵਲ੍ਹਾਣ

ਬਠਿੰਡਾ, 20 ਜੁਲਾਈ-ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਸੂਬੇ ਦੀ 'ਆਪ' ਸਰਕਾਰ 'ਤੇ ਵੱਡਾ ਹਮਲਿਆਂ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਸਹਿਯੋਗ ਕਰਨ ਦੀ ਬਜਾਏ ਪੰਜਾਬ ਸਰਕਾਰ 'ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼' (ਏਮਜ਼ ਬਠਿੰਡਾ) ਤੋਂ ਬਿਜਲੀ ਦੇ ਵਪਾਰਕ ਭਾਅ ਵਸੂਲ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਏਮਜ਼ ਤੋਂ ਸਾਰਾ ਪੈਸਾ ਬਿਜਲੀ ਰਾਹੀਂ ਵਸੂਲ ਲਵੇਗੀ ਤਾਂ ਲੋਕਾਂ ਨੂੰ ਸਸਤੀਆਂ ਤੇ ਵਧੀਆ ਸਿਹਤ ਸਹੂਲਤਾਂ ਕਿਵੇਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ | ਇਸ ਦਾ ਖ਼ੁਲਾਸਾ ਉਨ੍ਹਾਂ ਨੇ ਏਮਜ਼ ਬਠਿੰਡਾ ਦੀ ਬਤੌਰ ਮੈਂਬਰ ਗਵਰਨਿੰਗ ਬਾਡੀ ਦੀ ਮੀਟਿੰਗ ਉਪਰੰਤ ਬਠਿੰਡਾ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਬਠਿੰਡਾ ਦੇ ਭਾਜਪਾ ਵਰਕਰਾਂ ਨਾਲ ਭਰਵੀਂ ਮੀਟਿੰਗ ਵੀ ਕੀਤੀ | ਅਨੁਰਾਗ ਠਾਕੁਰ ਨੇ ਏਮਜ਼ ਬਠਿੰਡਾ ਕੈਂਪਸ 'ਚ 'ਇਕ ਪੇੜ ਮਾਂ ਕੇ ਨਾਮ' ਪ੍ਰੋਗਰਾਮ ਤਹਿਤ ਬੂਟਾ ਵੀ ਲਗਾਇਆ ਤੇ ਲੋਕਾਂ ਨੂੰ ਬੂਟੇ ਲਗਾਉਣ ਪ੍ਰਤੀ ਜਾਗਰੂਕ ਕੀਤਾ | ਇਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬੀਆਂ ਨੇ ਸੂਬੇ ਅੰਦਰ ਆਪਣੀ ਸਰਕਾਰ ਤਾਂ ਬਣਾਈ ਪਰ ਉਸ ਨੂੰ ਚਲਾਉਣ ਵਾਲੇ ਪੰਜਾਬੀ ਨਹੀਂ, ਦਿੱਲੀ ਦੇ ਲੋਕਾਂ ਦੇ ਨਕਾਰੇ ਹੋਏ ਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹਾਂ 'ਚ ਰਹਿ ਚੁੱਕੇ ਲੋਕ ਹਨ | ਉਨ੍ਹਾਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸੂਬੇ ਦੇ ਕਿਸਾਨਾਂ ਤੋਂ ਸਿਰਫ਼ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਖੋਹਣ ਦੀ ਨੀਤੀ ਹੈ ਤੇ ਦਿੱਲੀ ਦੇ ਸ਼ਰਾਬ ਘੁਟਾਲੇ ਵਾਂਗ ਲੈਂਡ ਪੂਲਿੰਗ ਘੁਟਾਲਾ ਕਰਨ ਦੀ ਤਿਆਰੀ ਹੈ | ਠਾਕੁਰ ਨੇ ਸੂਬਾ ਸਰਕਾਰ 'ਤੇ ਕੇਂਦਰ ਸਰਕਾਰ ਦੀਆਂ ਲੋਕ ਹਿੱਤ ਸਕੀਮਾਂ ਨੂੰ ਦਬਾਉਣ ਦੇ ਦੋਸ਼ ਵੀ ਲਗਾਏ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਹਰਿਆਣਾ 'ਚ 4 ਸੀਟਾਂ ਪ੍ਰਾਪਤ ਕਰਨ ਵਾਲੀ ਭਾਜਪਾ ਉਥੇ ਤੀਜੀ ਵਾਰ ਆਪਣੀ ਸਰਕਾਰ ਬਣਾ ਸਕਦੀ ਹੈ ਤਾਂ ਪੰਜਾਬ 'ਚ 23 ਸੀਟਾਂ ਜਿੱਤਣ ਵਾਲੀ ਭਾਜਪਾ ਪੰਜਾਬ ਅੰਦਰ ਸਰਕਾਰ ਕਿਉਂ ਨਹੀਂ ਬਣਾ ਸਕਦੀ | ਉਨ੍ਹਾਂ ਸੂਬੇ 'ਚ ਅਗਲੀ ਭਾਜਪਾ ਦੀ ਸਰਕਾਰ ਬਣਾਉਣ ਲਈ ਵਰਕਰਾਂ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਕਿਹਾ | ਉਨ੍ਹਾਂ ਕਾਂਗਰਸ 'ਤੇ ਵਾਰ ਕਰਦਿਆਂ ਕਿਹਾ ਕਿ ਅੱਜ ਤੱਕ ਕਾਂਗਰਸ ਨੇ 84 ਦੇ ਸਿੱਖ ਕਤਲੇਆਮ ਦੀ ਸਿੱਖ ਕੌਮ ਤੋਂ ਮੁਆਫ਼ੀ ਨਹੀਂ ਮੰਗੀ, ਜਦਕਿ ਮੋਦੀ ਸਰਕਾਰ ਨੇ 'ਸਿੱਟ' ਬਣਾ ਕੇ ਇਨ੍ਹਾਂ ਦੰਗਿਆਂ ਲਈ ਜ਼ਿੰਮੇਵਾਰ ਕਾਂਗਰਸ ਦੇ ਮੰਤਰੀਆਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਜੇਲ੍ਹਾਂ 'ਚ ਡੱਕਣ ਦਾ ਕੰਮ ਕੀਤਾ | ਇਸ ਮੌਕੇ ਭਾਜਪਾ ਹਲਕਾ ਭੁੱਚੋ ਦੇ ਇੰਚਾਰਜ ਬਲਦੇਵ ਸਿੰਘ ਆਕਲੀਆ ਤੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਆਦਿ ਸਮੇਤ ਹੋਰ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰ 'ਆਪ੍ਰੇਸ਼ਨ ਸੰਧੂਰ' ਸਮੇਤ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਅਗਲੀ ਖ਼ਬਰ ਲੋਕ ਸਭਾ 'ਚ ਅੱਜ ਪੇਸ਼ ਹੋਵੇਗੀ ਇਨਕਮ ਟੈਕਸ ਬਿੱਲ 2025 ਬਾਰੇ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।