ਜਲੰਧਰ, 14 ਜੁਲਾਈ (ਜਸਪਾਲ ਸਿੰਘ, ਰਮਨ ਦਵੇਸਰ)-ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਫੌਜਾ ਸਿੰਘ ਦਾ ਦੇਰ ਸ਼ਾਮ ਇਕ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ | ਉਹ 114 ਸਾਲ ਦੇ ਸਨ ਅਤੇ ਆਖਰੀ ਸਾਹ ਤੱਕ ਪੂਰੀ ਤਰ੍ਹਾਂ ਸਿਹਤਮੰਦ ਸਨ | ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਬਾਅਦ ਦੁਪਹਿਰ 3.30 ਵਜੇ ਜਲੰਧਰ-ਭੋਗਪੁਰ ਰੋਡ 'ਤੇ ਪੈਂਦੇ ਬਿਆਸ ਪਿੰਡ ਸਥਿਤ ਆਪਣੇ ਘਰ ਤੋਂ ਰੋਜ਼ਾਨਾ ਵਾਂਗ ਸੈਰ ਕਰਨ ਲਈ ਨਿਕਲੇ ਅਤੇ ਜਿਉਂ ਹੀ ਉਹ ਹਾਈਵੇ ਤੋਂ ਪਿੰਡ ਵੱਲ ਨੂੰ ਮੁੜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜੋ ਜਾਨਲੇਵਾ ਸਾਬਤ ਹੋਈ | ਹਾਲਾਂਕਿ ਇਸ ਦੌਰਾਨ ਰਾਹਗੀਰਾਂ ਵਲੋਂ ਉਨ੍ਹਾਂ ਨੂੰ ਤੁਰੰਤ ਨੇੜੇ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਵੀ ਉਨ੍ਹਾਂ ਨੂੰ ਬਚਾਅ ਨਾ ਸਕੀਆਂ | ਉਨ੍ਹਾਂ ਨੂੰ 'ਟਰਬਨ ਟੋਰਨਾਡੋ', 'ਰਨਿੰਗ ਬਾਬਾ' ਤੇ 'ਸਿੱਖ ਸੁਪਰਮੈਨ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ | ਮਹਾਨ ਐਥਲੀਟ ਦੀ ਅਚਾਨਕ ਹੋਈ ਮੌਤ ਨਾਲ ਖੇਡ ਜਗਤ 'ਚ ਸੋਗ ਦੀ ਲਹਿਰ ਦੌੜ ਗਈ | ਉਨ੍ਹਾਂ ਦੀ ਮੌਤ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਸਨੇਹੀਆਂ, ਸੱਜਣਾਂ-ਮਿੱਤਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਉਨ੍ਹਾਂ ਨਾਲ ਖਿਚਵਾਈਆਂ ਆਪਣੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਫੌਜਾ ਸਿੰਘ ਦੇ ਦੋ ਬੇਟੇ ਪਰਿਵਾਰ ਸਮੇਤ ਬਿਆਸ ਪਿੰਡ ਹੀ ਰਹਿੰਦੇ ਹਨ ਤੇ ਉਹ ਖੁਦ ਵੀ ਪਿਛਲੇ ਕਾਫੀ ਸਮੇਂ ਤੋਂ ਪਿੰਡ ਵਿਚ ਹੀ ਰਹਿ ਰਹੇ ਸਨ ਪਰ ਉਨ੍ਹਾਂ ਦੀ ਪਛਾਣ ਇੰਡੀਅਨ-ਬਿ੍ਟਿਸ਼ ਸਿੱਖ ਮੈਰਾਥਨ ਦੌੜਾਕ ਵਜੋਂ ਬਣੀ ਰਹੀ | ਬੇਸ਼ੱਕ ਉਨ੍ਹਾਂ ਦਾ ਜਨਮ ਪੰਜਾਬ 'ਚ ਹੋਇਆ ਪਰ ਉਨ੍ਹਾਂ ਜ਼ਿੰਦਗੀ ਦਾ ਲੰਬਾ ਸਮਾਂ ਇੰਗਲੈਂਡ ਦੀ ਧਰਤੀ 'ਤੇ ਬਿਤਾਇਆ | ਉਹ ਦੁਨੀਆ ਲਈ ਹੌਂਸਲੇ ਅਤੇ ਜਜ਼ਬੇ ਦੀ ਅਜਿਹੀ ਮਿਸਾਲ ਸਨ, ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨੀ | ਫੌਜਾ ਸਿੰਘ ਨੇ ਸਮੁੱਚੀ ਲੋਕਾਈ ਨੂੰ ਤੰਦਰੁਸਤ ਜ਼ਿੰਦਗੀ ਜਿਊਣ ਦਾ ਸੰਦੇਸ਼ ਹੀ ਨਹੀਂ ਦਿੱਤਾ, ਬਲਕਿ ਇਸ ਨੂੰ ਜ਼ਿੰਦਾ-ਦਿਲੀ ਨਾਲ ਮਾਣਨ ਦਾ ਹੁਨਰ ਵੀ ਸਿਖਾਇਆ | ਉਹ ਸਾਰੀ ਜ਼ਿੰਦਗੀ ਐਥਲੈਟਿਕਸ ਨੂੰ ਸਮਰਪਿਤ ਰਹੇ ਤੇ ਇਸ ਦੌਰਾਨ ਉਨ੍ਹਾਂ ਵੱਖ-ਵੱਖ ਰਿਕਾਰਡ ਸਥਾਪਿਤ ਕੀਤੇ ਤੇ ਅਨੇਕਾਂ ਮਾਣ-ਸਨਮਾਨ ਆਪਣੀ ਝੋਲੀ ਪੁਆਏ | ਦੱਸਣਯੋਗ ਹੈ ਕਿ ਫੌਜਾ ਸਿੰਘ ਦਾ ਜਨਮ 1911 ਨੂੰ ਜਲੰਧਰ ਨੇੜਲੇ ਬਿਆਸ ਪਿੰਡ ਵਿਖੇ ਹੋਇਆ ਤੇ 90 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣੀ ਪਹਿਲੀ ਮੈਰਾਥਨ ਦੌੜ ਪੂਰੀ ਕੀਤੀ | ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਨੂੰ ਉਸ ਸਮੇਂ ਮਿਲੀ ਜਦੋਂ ਸਾਲ 2011 'ਚ ਉਨ੍ਹਾਂ 100 ਦੀ ਉਮਰ 'ਚ ਲੰਡਨ ਮੈਰਾਥਨ ਦੌੜ ਪੂਰੀ ਕੀਤੀ ਤੇ 100 ਸਾਲ ਦੀ ਉਮਰ ਵਰਗ 'ਚ ਰਿਕਾਰਡ ਬਣਾਇਆ | ਉਨ੍ਹਾਂ ਦੇ ਬੇਟੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਹੀ ਅੰਤਿਮ ਸੰਸਕਾਰ ਬਾਰੇ ਦੱਸਿਆ ਜਾਵੇਗਾ |
ਦਿ੍ੜ੍ਹਤਾ ਤੇ ਉਮੀਦ ਦੇ ਸਥਾਈ ਪ੍ਰਤੀਕ ਸਨ-ਰਾਜਪਾਲ

ਚੰਡੀਗੜ੍ਹ, 14 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੌੜਾਕ ਫ਼ੌਜਾ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੀ ਤਾਕਤ ਤੇ ਵਚਨਬੱਧਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਸਨ | ਉਨ੍ਹਾਂ ਦੀ ਵਿਰਾਸਤ ਇਕ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਲਈ ਲੜਨ ਵਾਲਿਆਂ ਦੇ ਦਿਲਾਂ 'ਚ ਹਮੇਸ਼ਾ ਜ਼ਿੰਦਾ ਰਹੇਗੀ |
ਕੈਪਟਨ ਵਲੋਂ ਦੁੱਖ ਪ੍ਰਗਟ

ਚੰਡੀਗੜ੍ਹ, 14 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਅਸਾਧਾਰਨ ਜੀਵਨ ਤੇ ਅਟੱਲ ਭਾਵਨਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ |
ਜਥੇਦਾਰ ਗੜਗੱਜ ਵਲੋਂ ਦੁੱਖ ਪ੍ਰਗਟ
ਅੰਮਿ੍ਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੌੜਾਕ ਫੌਜਾ ਸਿੰਘ ਦੇ ਹਾਦਸੇ 'ਚ ਹੋਏ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਫੌਜਾ ਸਿੰਘ ਸਮੁੱਚੇ ਸਿੱਖ ਜਗਤ ਅਤੇ ਖ਼ਾਸਕਰ ਸਿੱਖ ਨÏਜਵਾਨਾਂ ਲਈ ਪ੍ਰੇਰਣਾ ਸਰੋਤ ਹਨ ¢
ਬਜ਼ੁਰਗ ਦੌੜਾਕ ਫੌਜਾ ਸਿੰਘ ਦਾ ਸੜਕ ਹਾਦਸੇ 'ਚ ਦਿਹਾਂਤ
ਅਜੀਤ ਡੈਸਕ
15-07-2025