16-03-2025
ਮੁਹੱਬਤ ਕੌਰ
ਲੇਖਕ : ਮੁਹੱਬਤ ਸ਼ਯਰ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 56
ਸੰਪਰਕ : 79867-44676
ਸ਼ਾਇਰ ਮੁਹੱਬਤ ਸ਼ਯਰ ਦੀ ਹਥਲੀ ਕਿਤਾਬ 'ਮੁਹੱਬਤ ਕੌਰ' ਦਾ ਇਹ ਤੀਜਾ ਐਡੀਸ਼ਨ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਕਿਤਾਬ ਦੇ ਸਮਰਪਨ ਤੋਂ ਹੀ ਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ, ਜਦੋਂ ਸ਼ਾਇਰ ਇਸ ਕਾਵਿ-ਸੰਗ੍ਰਹਿ ਨੂੰ ਆਪਣੀ ਮਾਸ਼ੂਕ ਦੇ ਜਨਮ ਦਿਨ 'ਤੇ ਭੇਟ ਕਰਦਾ ਹੈ। ਸ਼ਾਇਰ ਦਾ ਸਵੈਕਥਨ ਹੈ 'ਕਿ ਅਣਜਾਣ ਰਾਹ ਅਤੇ ਅਣਜਾਣ ਸ਼ਖ਼ਸ ਨਾਲ ਮੁਲਾਕਾਤ ਹੋਣ 'ਤੇ ਉਹ ਇਨਸਾਨ ਤੁਹਾਡੇ ਕਰੀਬ ਆ ਜਾਣ ਤੇ ਤੁਸੀਂ ਚਾਹ ਕੇ ਵੀ ਉਸ ਨੂੰ ਦੂਰ ਨਹੀਂ ਕਰ ਸਕਦੇ। ਸਰੀਰਾਂ ਦੇ ਮੇਲ ਦੀ ਮੁਹੱਬਤ ਹੋਰ ਗੱਲ ਹੈ, ਪਾਕਿ ਰੂਹਾਂ ਦੇ ਮੇਲ ਦੀ ਗੱਲ ਵੱਖਰੀ ਹੈ। ਇਸ ਜਹਾਨ ਵਿਚ ਸਰੀਰਾਂ ਦੇ ਮੇਲ ਦੀ ਤਾਂ ਕੋਈ ਗਿਣਤੀ ਨਹੀਂ ਪਰ ਰੂਹਾਂ ਦੇ ਮੇਲ ਨੂੰ ਉਸ ਨਿਰੰਕਾਰ ਨੇ ਵਿਰਲਾ ਵਿਰਲਾ ਕਰਾਇਆ ਹੈ' ਸ਼ਾਇਰ ਨੇ ਆਪਣੇ ਇਸ ਸਵੈ-ਕਥਨ ਨੂੰ ਪਾਕੀਜ਼ਗੀ ਦਾ ਅਹਿਦ ਕਰਦੇ ਹੋਏ 56 ਸਫ਼ਿਆਂ ਤੇ ਕਵਿਤਾਇਆ ਹੈ। ਸ਼ਾਇਰ ਅੱਲ੍ਹੜ ਕਿਸਮ ਦਾ ਗਭਰੇਟ ਆਸ਼ਕ ਹੈ, ਜਦੋਂ ਜਜ਼ਬਾਤਾਂ ਦਾ ਵੇਗ ਪਹਾੜੀ ਨਦੀ ਵਰਗਾ ਹੈ ਤੇ ਇਸੇ ਵਹਿਣ ਵਿਚ ਉਸ ਨੇ ਆਪਣੀ ਮਾਸ਼ੂਕ ਦਾ ਨਾਂਅ ਮੁਹੱਬਤ ਕੌਰ ਰੱਖ ਕੇ ਕਿਤਾਬ ਦਾ ਨਾਂਅ ਵੀ ਮੁਹੱਬਤ ਕੌਰ ਹੀ ਰੱਖ ਦਿੱਤਾ ਹੈ। ਆਸ਼ਕ ਤੇ ਮਾਸ਼ੂਕ ਦੇ ਨਾਵਾਂ ਦਾ ਸਿਰਨਾਵਾਂ ਵੀ ਇਕੋ ਜਿਹਾ ਹੈ। ਸ਼ਾਇਰ ਦੇ ਗਭਰੇਟ ਉਮਰ ਵਿਚ ਨੈਣਾਂ ਦੇ ਤੀਰ ਵੱਜੇ ਹਨ ਅਤੇ ਉਨ੍ਹਾਂ ਜ਼ਖ਼ਮਾਂ ਵਿਚ ਤੜਪ ਕੇ ਇਹ ਕਲਾਮ ਉਸ ਤਰ੍ਹਾਂ ਨਸ਼ਰ ਹੋਇਆ ਹੈ ਜਿਵੇਂ ਸੱਯਦ ਵਾਰਸ ਸ਼ਾਹ ਨੇ ਮਲਕਾ ਹਾਂਸ ਦੀ ਮਸੀਤ ਵਿਚ ਬੈਠ ਕੇ ਹੀਰ ਦਾ ਕਿੱਸਾ ਲਿਖਣ ਲਈ ਆਪਣੀ ਮਾਸ਼ੂਕ, ਭਾਗਭਰੀ ਦਾ ਹੀ ਇਕ ਤਰ੍ਹਾਂ ਵਰਣਨ ਕੀਤਾ ਸੀ। ਸ਼ਾਇਰ ਆਪਣੀ ਇਸ ਪ੍ਰੇਮਿਕਾ ਨੂੰ ਜਨੂੰਨ, ਸਕੂਨ, ਰਹਿਮਤ ਅਤੇ ਖ਼ੁਦਾ ਕਹਿਣ ਦੀ ਹੱਦ ਤੱਕ ਚਲੇ ਜਾਂਦਾ ਹੈ। ਸ਼ਾਇਰ ਦੀ ਇਹ ਸ਼ਾਇਰੀ ਇਕ ਤਰ੍ਹਾਂ ਨਾਲ ਤੁਕਬੰਦੀ ਵਿਚ ਲਿਖੇ ਪ੍ਰੇਮ ਪੱਤਰ ਹੀ ਨਜ਼ਰ ਆਉਂਦੇ ਹਨ, ਸ਼ਾਇਰ ਅਜੇ ਸ਼ਾਇਰੀ ਦਾ ਊੜਾ ਆੜਾ ਹੀ ਲਿਖ ਰਿਹਾ ਹੈ, ਜਿਸ ਕਰਕੇ ਉਸ ਦਾ ਸ਼ਾਇਰਾਨਾ ਤਖੱਸਲ ਆਮਦ ਅਤੇ ਆਬੁਰਦੇ ਦੇ ਦਰਮਿਆਨ ਤ੍ਰਿਸ਼ੰਕੂ ਬਣਿਆ ਹੋਇਆ ਹੈ। ਸ਼ਾਇਰ ਨੇ ਜੇ ਇਸ ਬਿਖੜੇ ਪੈਂਡੇ 'ਤੇ ਪੈਰ ਧਰ ਹੀ ਲਿਆ ਹੈ ਤਾਂ ਇਨ੍ਹਾਂ ਸ਼ੇਅਰਾਂ ਦੇ ਸੱਚ ਨੂੰ ਕਬੂਲ ਕਰਨਾ ਪਏਗਾ। ਬਕੌਲ ਮਿਰਜ਼ਾ ਗ਼ਾਲਿਬ 'ਗ਼ਾਲਿਬ ਯੇਹ ਵੋਹ ਆਤਿਸ਼ ਹੈ ਜੋ ਲਗਾਏ ਨਾ ਲੱਗੇ ਔਰ ਬੁਝਾਏ ਨਾ ਬਨੇ' ਜਾਂ 'ਯੇਹ ਇਸ਼ਕ ਨਈਂ ਆਸਾਂ, ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ' ਜਾਂ 'ਮੁਹੱਬਤ ਲਿਬਾਸ ਨਹੀਂ ਜੋ ਰੋਜ਼ ਰੋਜ਼ ਬਦਲਾ ਜਾਏ, ਮੁਹੱਬਤ ਤੋ ਕਫ਼ਨ ਹੈ ਜੋ ਪਹਿਨ ਕਰ ਉਤਾਰਾ ਨਹੀਂ ਜਾਤਾ। ਸ਼ਾਇਰ ਨੇ ਜੇ ਇਸ਼ਕ ਦੇ ਨਾਲ-ਨਾਲ ਸ਼ਾਇਰੀ ਦੇ ਪਿੜ ਵਿਚ ਉਤਰਨਾ ਹੀ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਆਪਣਾ ਸਥਾਨ ਨਿਸਚਿਤ ਕਰੇ ਤਾਂ ਕਿ ਨੇੜ ਭਵਿੱਖ ਵਿਚ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਲਿਖੀ ਜਾ ਸਕੇ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਔਰੰਗਜ਼ੇਬ
ਮੂਲ ਲੇਖਕ : ਸਰ ਜਾਦੂਨਾਥ ਸਰਕਾਰ
ਅਨੁਵਾਦ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 495 ਰੁਪਏ, ਸਫ਼ੇ : 320
ਸੰਪਰਕ : 99150-99926
ਇਤਿਹਾਸਕਾਰੀ ਦੇ ਖੇਤਰ ਵਿਚ ਸਰ ਜਾਦੂਨਾਥ ਸਰਕਾਰ ਕਿਸੇ ਰਸਮੀ ਜਾਣ-ਪਛਾਣ ਦੇ ਮੁਹਾਤਾਜ ਨਹੀਂ। ਉਹ ਬਹੁਤ ਮਿਹਨਤੀ, ਇਤਿਹਾਸਕ ਖੋਜੀ ਸੀ। ਉਸ ਦੀ ਰੁਚੀ ਮੱਧਕਾਲੀ ਇਤਿਹਾਸ ਵਿਚ ਵਧੇਰੇ ਸੀ ਉਸ ਨੂੰ ਯੂਨੀਵਰਸਿਟੀ ਆਫ਼ ਕਲਕੱਤਾ ਦਾ ਉਪ-ਕੁਲਪਤੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਉਸ ਦੀ ਖੋਜ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ ਸਰਕਾਰ ਵਲੋਂ ਉਸ ਨੂੰ 'ਨਾਈਟ' ਅਤੇ 'ਸਰ' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦਾ ਅਧਿਐਨ ਵਿਸ਼ਾਲ ਸੀ। ਇਸੇ ਲਈ ਉਹ ਖੋਜ ਦੀ ਦ੍ਰਿਸ਼ਟੀ ਤੋਂ ਪ੍ਰਮਾਣਿਕ ਹਵਾਲਿਆਂ, ਮਿਤੀਆਂ, ਸਾਲਾਂ ਨਾਲ ਆਪਣੇ ਵਿਚਾਰਾਂ ਦੀ ਪੁਸ਼ਟੀ ਕਰ ਜਾਂਦਾ ਹੈ। ਇਸ ਪੁਸਤਕ ਦਾ ਅਧਿਐਨ ਕਰਦਿਆਂ ਜਿਨ੍ਹਾਂ ਮੁੱਖ ਘਟਨਾਵਾਂ 'ਤੇ ਫੋਕਸੀਕਰਨ ਕੀਤਾ ਗਿਆ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ : ਔਰੰਗਜ਼ੇਬ ਦਾ ਮੁਢਲਾ ਜੀਵਨ (1618 ਤੋਂ 1652), ਦੱਖਣ ਦੀ ਸੂਬੇਦਾਰੀ (1652 ਤੋਂ 1658), ਸ਼ਾਹਜਹਾਂ ਦੇ ਪੁੱਤਰਾਂ ਦੀ ਆਪਸੀ ਵਿਰੋਧਤਾ, ਤਖ਼ਤ ਲਈ ਜੰਗ : ਔਰੰਗਜ਼ੇਬ ਦੀ ਜਿੱਤ, ਤਖ਼ਤ ਲਈ ਜੰਗ ਕਾਰਨ ਦਾਰਾ ਅਤੇ ਸੁਜ਼ਾ ਦਾ ਅੰਤ : ਔਰੰਗਜ਼ੇਬ ਦੇ ਰਾਜ ਕਾਲ ਦਾ ਪਹਿਲਾ ਅੱਧ, ਸਰਹੱਦੀ ਇਲਾਕਿਆਂ ਦੀਆਂ ਲੜਾਈਆਂ (ਆਸਾਮ ਅਤੇ ਅਫ਼ਗਾਨਿਸਤਾਨ), ਔਰੰਗਜ਼ੇਬ ਦੀ ਧਾਰਮਿਕ ਨੀਤੀ, ਰਾਜਪੂਤਾਨਾ ਵਿਚ ਯੁੱਧ, ਸ਼ਹਿਜ਼ਾਦਾ ਅਕਬਰ ਦੀ ਬਗ਼ਾਵਤ, ਮਰਾਠਾ ਸ਼ਕਤੀ ਦਾ ਉਭਾਰ, ਸ਼ਿਵਾਜੀ (1670-80), ਬੀਜਾਪੁਰ ਦਾ ਪਤਨ, ਕੁਤਬ ਸ਼ਾਹੀ ਦਾ ਪਤਨ, ਸ਼ੰਭੂ ਜੀ ਦਾ ਰਾਜ (1680-89), ਔਰੰਗਜ਼ੇਬ ਦੇ ਰਾਜ ਦਾ ਅੰਤਿਮ ਪੜਾਅ, ਉੱਤਰੀ ਭਾਰਤੀ ਦੀਆਂ ਸਰਗਰਮੀਆਂ, ਔਰੰਗਜ਼ੇਬ ਦੇ ਰਾਜ ਵਿਚਲੇ ਸੂਬੇ, ਔਰੰਗਜ਼ੇਬ ਦੀ ਸ਼ਖ਼ਸੀਅਤ ਅਤੇ ਉਸ ਦੇ ਰਾਜ 'ਤੇ ਪ੍ਰਭਾਵ, ਔਰੰਗਜ਼ੇਬ ਦਾ ਰਾਜ ਪ੍ਰਬੰਧ ਆਦਿ। ਅੰਤਿਕਾ ਵਿਚ ਕਾਲ-ਕ੍ਰਮ ਅਨੁਸਾਰ ਘਟਨਾਵਾਂ ਦਰਸਾਈਆਂ ਗਈਆਂ ਹਨ।
ਔਰੰਗਜ਼ੇਬ ਦਾ ਜਨਮ 24 ਅਕਤੂਬਰ, 1618 ਨੂੰ ਹੋਇਆ ਸੀ ਅਤੇ ਉਸ ਦੀ ਮੌਤ 20 ਫਰਵਰੀ, 1707 ਨੂੰ ਹੋਈ ਸੀ। ਲੇਖਕ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਸਿੱਖਾਂ ਦਾ ਸੰਖੇਪ ਇਤਿਹਾਸ ਵੀ ਦਿੱਤਾ ਹੈ। ਹਿੰਦੂ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ (24 ਨਵੰਬਰ, 1675), ਔਰੰਗਜ਼ੇਬ ਦੇ ਰਾਜਕਾਲ ਦੌਰਾਨ ਹੀ ਹੋਈ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਔਰੰਗਜ਼ੇਬ ਨੂੰ ਲਿਖੇ 'ਜ਼ਫ਼ਰਨਾਮਾ' ਦਾ ਜ਼ਿਕਰ ਉਪਲਬਧ ਨਹੀਂ।
ਔਰੰਗਜ਼ੇਬ ਦੇ ਰਾਜ ਵਿਚ ਹਿੰਦੂਆਂ ਅਤੇ ਗ਼ੈਰ-ਮੁਸਲਮਾਂ ਨੂੰ ਜਜ਼ੀਆ ਦੇਣਾ ਪੈਂਦਾ ਸੀ। ਉਨ੍ਹਾਂ 'ਤੇ ਕਈ ਪਾਬੰਦੀਆਂ ਸਨ। ਵਧੀਆ ਕੱਪੜੇ ਨਾ ਪਹਿਨ ਸਕਣ, ਘੋੜਸਵਾਰੀ ਨਹੀਂ ਕਰਨੀ, ਹਥਿਆਰ ਚੁੱਕ ਕੇ ਨਹੀਂ ਤੁਰ ਸਕਦੇ, ਮੰਦਰ ਨਹੀਂ ਬਣਾ ਸਕਦੇ ਆਦਿ। ਉਨ੍ਹਾਂ ਦਾ ਧਰਮ-ਪਰਿਵਰਤਨ ਕਰਨ ਲਈ ਹਰ ਜਾਇਜ਼-ਨਜਾਇਜ਼ ਢੰਗ ਵਰਤਿਆ ਜਾਂਦਾ ਸੀ। ਉਹ ਕੇਵਲ ਮੁਸਲਿਮ ਕੌਮ ਨੂੰ 'ਵਿਸ਼ੇਸ਼ ਕੌਮ' ਮੰਨਦਾ ਸੀ। ਹਿੰਦੂਆਂ ਨੂੰ ਦਬਾਅ ਕੇ ਰੱਖਦਾ ਸੀ। ਵਿਰੋਧੀਆਂ ਦਾ ਕਤਲ ਕਰਨਾ ਉਸ ਦੀ ਨੀਤੀ ਸੀ। ਜਿਹੜਾ ਅਮਨ-ਚੈਨ ਦਾ ਜੀਵਨ ਅਕਬਰ, ਸ਼ਾਹ ਜਹਾਂ ਦੇ ਰਾਜ ਵਿਚ ਸੀ, ਉਹ ਜਾਂਦਾ ਰਿਹਾ। ਔਰੰਗਜ਼ੇਬ ਨਿਰੰਤਰ ਯੁੱਧਾਂ ਵਿਚ ਉਲਝਿਆ ਰਿਹਾ। ਧਨ ਦੀ ਬਰਬਾਦੀ ਹੁੰਦੀ ਰਹੀ। ਵੱਡੀ ਫ਼ੌਜ ਦਾ ਖ਼ਰਚਾ ਹੱਦੋਂ ਬਾਹਲਾ ਸੀ। ਮਜ਼ਦੂਰ ਵਰਗ ਤੋਂ ਧੱਕੇ ਨਾਲ ਵਗਾਰ ਕਰਵਾਉਂਦਾ ਸੀ। ਮਹਾਂਮਾਰੀਆਂ ਨਾਲ ਲੋਕ ਮਰਦੇ ਰਹੇ। ਯੁੱਧਾਂ ਕਾਰਨ ਉਦਯੋਗ ਵਪਾਰ ਦਾ ਘਾਣ ਹੋਇਆ। ਅਮੀਰਾਂ ਦਾ ਨੈਤਿਕ ਪਤਨ ਹੋਇਆ। ਰਿਸ਼ਵਤਖੋਰੀ ਪ੍ਰਚਲਿਤ ਸੀ। ਉਸ ਦੀ ਨੀਤੀ ਕੇਂਦਰੀਕਰਨ ਸੀ। ਉਹ ਕਿਸੇ ਉੱਤੇ ਵਿਸ਼ਵਾਸ ਨਹੀਂ ਸੀ ਕਰਦਾ। ਇਸਲਾਮੀ ਰਾਜ ਦਾ ਅਰਥ ਫ਼ੌਜੀ ਰਾਜ ਸੀ। ਭਾਵੇਂ ਉਹ 90-91 ਸਾਲ ਦੀ ਉਮਰ ਵਿਚ ਮਰਿਆ ਪਰ ਉਸ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਠੀਕ ਸੀ। ਉਹ ਭਾਰਤੀ ਕੌਮ ਦਾ ਨਿਰਮਾਣ ਨਹੀਂ ਕਰ ਸਕਿਆ।
'ਆਪਣੇ ਪੁੱਤਰਾਂ ਦੀਆਂ ਆਪਸੀ ਖਹਿਬਾਜ਼ੀ ਦੀਆਂ ਹਰਕਤਾਂ ਨੂੰ ਵੇਖ ਕੇ ਔਰੰਗਜ਼ੇਬ ਨੂੰ ਇਹ ਫ਼ਿਕਰ ਲੱਗਾ ਰਹਿੰਦਾ ਸੀ ਕਿਧਰੇ ਇਤਿਹਾਸ ਆਪਣੇ-ਆਪ ਨੂੰ ਦੁਹਰਾਉਣ ਨਾ ਲੱਗ ਪਵੇ। ਜਿਵੇਂ ਸ਼ਾਹਜਹਾਂ ਦੇ ਬਿਮਾਰ ਹੁੰਦਿਆਂ ਹੀ ਔਰੰਗਜ਼ੇਬ ਤੇ ਉਹਦੇ ਭਰਾਵਾਂ 'ਚ ਤਖ਼ਤ ਲਈ ਦੌੜ ਲੱਗ ਗਈ ਸੀ। ਕਿਧਰੇ ਉਵੇਂ ਹੀ ਉਸ ਦੀ ਬਿਮਾਰੀ ਕਾਰਨ ਉਸ ਦੇ ਪੁੱਤਰਾਂ ਵਿਚ ਵੀ ਤਖ਼ਤ ਲਈ ਦੌੜ ਨਾ ਲੱਗ ਜਾਵੇ। ਕਿਧਰੇ ਤਖ਼ਤ ਲਈ ਲੜਾਈ ਉਨ੍ਹਾਂ ਦੀ ਖ਼ਾਨਦਾਨੀ ਰਵਾਇਤ ਨਾ ਬਣ ਜਾਵੇ।' ਪੰਨਾ-95.
ਏਨੀਆਂ ਘਾਟਾਂ ਹੋਣ ਦੇ ਬਾਵਜੂਦ ਉਹਨੂੰ ਪੜ੍ਹਨ-ਲਿਖਣ ਦਾ ਬੜਾ ਸ਼ੌਕ ਸੀ। ਉਸ ਦੀ ਲਿਖਾਈ ਬੜੀ ਸੁੰਦਰ ਸੀ। ਸਾਰੇ ਖ਼ਤ ਆਪਣੇ ਹੱਥੀਂ ਲਿਖਦਾ ਸੀ। ਉਹਨੇ 'ਕੁਰਾਨ ਸ਼ਰੀਫ' ਦੇ ਬਹੁਤ ਸਾਰੇ ਉਤਾਰੇ ਕੀਤੇ। ਉਹ ਅਤਿ ਦੇ ਰੁਝੇਵੇਂ 'ਚੋਂ ਪੜ੍ਹਨ-ਲਿਖਣ ਲਈ ਸਮਾਂ ਕੱਢ ਲੈਂਦਾ ਸੀ। ਉਸ ਨੂੰ ਫ਼ਾਰਸੀ ਸ਼ਾਇਰੀ ਪਸੰਦ ਸੀ। ਪਰ ਉਸ ਦੇ ਰਾਜਕਾਲ ਵਿਚ ਕਲਾ, ਇਮਾਰਤਸਾਜ਼ੀ, ਸਾਹਿਤ ਦਾ ਵਿਕਾਸ ਨਹੀਂ ਹੋ ਸਕਿਆ। ਉਸ ਦੇ ਰਾਜਕਾਲ ਵਿਚ ਭਾਰਤੀ ਸੱਭਿਅਕ ਕੀਮਤਾਂ ਦਾ ਨਿਘਾਰ ਹੋਇਆ। ਕੋਮਲ ਕਲਾਵਾਂ, ਸੰਗੀਤ ਕਿਧਰੇ ਵਿਖਾਈ ਨਹੀਂ ਦਿੰਦਾ ਸੀ। ਸੰਖੇਪ ਇਹ ਕਿ ਪੁਸਤਕ ਗਿਆਨਵਰਧਕ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਕੰਨੀ ਦਾ ਕਿਨਾਰਾ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 94649-61436
ਨਾਵਲਕਾਰ ਇਕ ਪੁਰਾਣਾ ਲੇਖਕ ਹੈ ਤੇ ਹੁਣ ਤੱਕ 6 ਨਾਵਲ ਤੇ 4 ਕਹਾਣੀ-ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਨਿਰੰਤਰ ਲਿਖਣ ਕਾਰਜ ਵਿਚ ਲੱਗਾ ਹੋਇਆ ਹੈ। ਇਸ ਨਾਵਲ ਦੇ 28 ਅਧਿਆਏ ਹਨ ਤੇ ਹਰ ਅਧਿਆਏ ਆਪਣੇ-ਆਪ ਵਿਚ ਕਹਾਣੀ ਜਾਪਦਾ ਹੈ। ਨਾਵਲ ਦੀ ਪੂਰੀ ਕਹਾਣੀ ਸਾਡੇ ਪਿੰਡਾਂ, ਕਸਬਿਆਂ ਵਿਚ ਵਾਪਰੀਆਂ ਘਟਨਾਵਾਂ ਹਨ ਤੇ ਪਾਤਰ ਵੀ ਸਾਨੂੰ ਨੇੜਿਓਂ ਹੋ ਕੇ ਮਿਲਦੇ ਹਨ। ਬੇਸ਼ੱਕ ਅਜਿਹਾ ਕੁਝ ਇਸ ਤੋਂ ਪਹਿਲੋਂ ਵੀ ਸਾਹਿਤ ਤੇ ਖ਼ਾਸ ਕਰਕੇ ਕਹਾਣੀਆਂ, ਨਾਵਲਾਂ ਵਿਚ ਅਸੀਂ ਪੜ੍ਹਦੇ ਆਏ ਹਾਂ। ਪਰ ਹਰੇਕ ਲੇਖਕ ਦੀ ਆਪਣੀ ਇਕ ਸ਼ੈਲੀ ਤੇ ਅੰਦਾਜ਼ ਹੁੰਦਾ ਹੈ। ਪਰ ਅਜਿਹਾ ਵੀ ਨਹੀਂ ਕਿ ਇਹ ਸਟਾਈਲ ਜਾਂ ਪੇਸ਼ਕਾਰੀ ਵੀ ਕੋਈ ਨਿਵੇਕਲੀ ਹੋਵੇ। ਪਰ ਇਸ ਨਾਵਲ ਵਿਚ ਲੇਖਕ ਨੇ ਆਪਣੀ ਗੱਲ ਕਹਿਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਨਾਵਲ ਵਿਚ ਬਹੁਤ ਸਾਰੇ ਪਾਤਰ ਹਨ ਤੇ ਹੋਣੇ ਵੀ ਚਾਹੀਦੇ ਹਨ ਕਿਉਂਕਿ ਇਹ ਨਾਵਲ ਨੂੰ ਅਗਾਂਹ ਤੋਰਨ ਤੇ ਬਿਰਤਾਂਤ ਸਿਰਜਣ ਵਿਚ ਸਹਾਈ ਹੁੰਦੇ ਹਨ। ਜਾਣੇ-ਪਛਾਣੇ ਪਾਤਰਾਂ ਨੂੰ ਇਸ ਨਾਵਲ ਵਿਚ ਅਸੀਂ ਗਹੁ ਨਾਲ ਪੜ੍ਹ ਸਕਦੇ ਹਾਂ ਮਸਲਨ ਅੰਗਰੇਜ਼ ਕੌਰ, ਕਿਰਪਾਲ ਸਿੰਘ, ਬਲਦੇਵ ਸਿੰਘ, ਮਹਿੰਦਰ ਕੌਰ, ਹਰਬੰਸ ਸਿੰਘ, ਦੁੱਗਲ ਸਿੰਘ, ਨਸੀਬ ਸਿੰਘ, ਜੰਗੀਰ ਕੌਰ, ਧਰਮ ਸਿੰਘ ਆਦਿ। ਲਗਭਗ ਸਾਰੇ ਹੀ ਪਾਤਰ ਆਪੋ-ਆਪਣੇ ਸੁਭਾਅ ਤੇ ਕਿਰਦਾਰ ਅਨੁਸਾਰ ਵਿਚਰਦੇ ਤੇ ਗੱਲਬਾਤ ਕਰਦੇ ਹਨ। ਮਿਸਾਲ ਵਜੋਂ, ਪ੍ਰੋਫ਼ੈਸਰ ਸਾਹਿਬ ਤੁਸੀਂ ਮੈਨੂੰ ਆਪਣੇ ਕਾਲਜ ਦੀ ਲਾਇਬ੍ਰੇਰੀ 'ਚੋਂ ਉਹ ਕਿਤਾਬਾਂ ਲੈ ਕੇ ਦਿਓ ਜੋ ਮੇਰੀ ਜ਼ਿੰਦਗੀ ਨਾਲ ਮੇਲ ਖਾਂਦੀਆਂ ਹੋਣ। ਉਨ੍ਹਾਂ ਕਿਤਾਬਾਂ ਨੂੰ ਮੈਂ ਪੜ੍ਹ ਕੇ ਹਫ਼ਤੇ ਬਾਅਦ ਵਾਪਸ ਕਰ ਦਿਆ ਕਰਾਂਗੀ। ਇਹ ਮੈਂ ਵਾਅਦਾ ਕਰਦੀ ਹਾਂ।
ਨਾਵਲ ਯਥਾਰਥ ਦਾ ਝਉਲਾ ਤਾਂ ਪਾਉਂਦਾ ਹੈ ਪਰ ਇਸ ਦੇ ਬਾਵਜੂਦ ਆਦਰਸ਼ਵਾਦ ਦੇ ਘਨੇੜੇ ਚੜ੍ਹਦਾ ਪ੍ਰਤੀਤ ਹੁੰਦਾ ਹੈ। ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਦਾ ਯੁੱਗ ਕਦੋਂ ਦਾ ਬੀਤ ਗਿਆ। ਅਜੋਕਾ ਨਾਵਲ ਯਥਾਰਥ ਤੇ ਹਕੀਕਤ ਨਾਲ ਪੂਰੀ ਤਰ੍ਹਾਂ ਖਹਿ ਕੇ ਲੰਘਦਾ ਹੈ। ਇਸੇ ਕਰਕੇ ਨਾਵਲ ਵਧੇਰੇ ਪੜ੍ਹਿਆ ਜਾਂਦਾ ਹੈ। ਨਾਵਲਕਾਰ ਇੱਕ ਅਨੁਭਵੀ ਲੇਖਕ ਹੈ ਤੇ ਆਪਣੇ ਆਲੇ-ਦੁਆਲੇ ਨੂੰ ਵਾਚਦਾ ਪਰਖਦਾ ਹੋਇਆ ਆਪਣੇ ਹਿਸਾਬ ਨਾਲ ਲਿਖਦਾ ਹੈ ਤੇ ਕਹਾਣੀ, ਨਾਵਲ ਬਣਾ ਲੈਂਦਾ ਹੈ। ਅਜੋਕੇ ਪਦਾਰਥਵਾਦੀ ਦੌਰ ਵਿਚ ਲਿਖਣ ਕਾਰਜ ਜਾਰੀ ਰੱਖਣਾ ਕੋਈ ਘੱਟ ਪ੍ਰਾਪਤੀ ਨਹੀਂ? ਪ੍ਰੋੜ੍ਹ ਨਾਵਲਕਾਰ ਕਰਨੈਲ ਸਿੰਘ ਵਜ਼ੀਰਾਬਾਦ ਤੋਂ ਭਵਿੱਖ ਵਿਚ ਹੋਰ ਬਿਹਤਰ ਨਾਵਲਾਂ ਦੀ ਉਮੀਦ ਰੱਖਣੀ ਕੁਥਾਂ ਨਹੀਂ ਹੋਵੇਗੀ।
-ਸੁਖਮਿੰਦਰ ਸੇਖੋਂ
ਮੋਬਾਈਲ : 98145 07693
ਘੇਰਾਬੰਦੀ
ਸੰਪਾਦਕ : ਡਾ. ਜੇ. ਬੀ. ਸੇਖੋਂ
ਪ੍ਰਕਾਸ਼ਕ : ਸੰਗਮ ਪਬਲਿਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 184
ਸੰਪਰਕ : 94175-86028
ਘੇਰਾਬੰਦੀ 2024 ਵਿਚ ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ਹੈ ਜਿਸ ਨੂੰ ਡਾ. ਜੇ. ਬੀ. ਸੇਖੋਂ ਨੇ ਸੰਪਾਦਿਤ ਕੀਤਾ ਹੈ। ਇਸ ਸੰਪਾਦਿਤ ਸੰਗ੍ਰਹਿ ਵਿਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਚਰਚਿਤ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਸੰਪਾਦਕ ਅਨੁਸਾਰ ਇਨ੍ਹਾਂ ਕਹਾਣੀਆਂ ਦੀ ਚੋਣ ਦਾ ਭਾਵ ਇਨ੍ਹਾਂ ਲਿਖਤਾਂ ਦਾ ਲਾਜ਼ਮੀ ਤੌਰ 'ਤੇ ਉੱਤਮ ਹੋਣਾ ਵੀ ਕੋਈ ਸ਼ਰਤ ਨਹੀਂ ਹੈ, ਪਰ ਜਿਹੜੇ ਕਥਾਕਾਰ ਪੁਸਤਕ ਵਿਚ ਸ਼ਾਮਿਲ ਹਨ ਉਹ ਆਪਣੀ ਕੱਥ ਤੇ ਵੱਥ ਪੱਖੋਂ ਪੰਜਾਬੀ ਕਹਾਣੀ ਦੇ ਪਾਠਕਾਂ, ਆਲੋਚਕਾਂ ਤੇ ਚਿੰਤਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਚੜ੍ਹਦੇ ਪੰਜਾਬ ਦੇ ਕਹਾਣੀਕਾਰਾਂ ਦੇ ਪਹਿਲੇ ਭਾਗ ਵਿਚ ਜਿੰਦਰ ਦੀ ਕਹਾਣੀ 'ਘੇਰਾਬੰਦੀ' ਪਾਤਰ ਅਨੁਰਾਧਾ ਦੀ ਨਜ਼ਰ ਵਿਚ ਜਿਥੇ ਨਵੀਂ ਪੀੜ੍ਹੀ ਦੇ ਵੱਖਰੇ ਨਜ਼ਰੀਏ ਅਤੇ ਜੀਵਨ ਢੰਗ ਦੀ ਨਿਸ਼ਾਨਦੇਹੀ ਕਰਦੀ ਹੈ ਉਥੇ ਹਰਪ੍ਰੀਤ ਸੇਖਾ ਦੀ ਕਹਾਣੀ ਖੜੋਤ ਕਾਰੋਬਾਰੀ ਖੇਤਰ ਵਿਚ ਕੰਮ ਕਰ ਰਹੀ ਅਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਨਵਰੂਪ ਵਰਗੀ ਔਰਤ ਬਾਰੇ ਮਰਦ ਦੀ ਸੋਚ ਦੀ ਪੇਸ਼ਕਾਰੀ ਕਰਦੀ ਹੈ। ਸਾਂਵਲ ਧਾਮੀ ਦੀ ਕਹਾਣੀ ਮੁਜਰਿਮ ਵਾਰਿਸ ਸ਼ਾਹ ਦੇਸ਼ ਵੰਡ ਦੇ ਪ੍ਰਭਾਵ ਭੁਗਤ ਰਹੀ ਆਮ ਜਨਤਾ ਦੇ ਅਵਚੇਤਨ ਦੀ ਬਾਤ ਸੁਣਾਉਂਦੀ ਹੈ ਉਥੇ ਹਰਪ੍ਰੀਤ ਸਿੰਘ ਚੰਨੂ ਦੀ ਕਹਾਣੀ ਸਾਹਿਬਜ਼ਾਦੇ ਦੇਸ਼ ਵੰਡ ਸਮੇਂ ਭਾਈਚਾਰਕ ਸਾਂਝ ਵਿਚ ਦਇਆ ਕੌਰ ਵਰਗੀਆਂ ਔਰਤਾਂ ਦਾ ਭੂਮਿਕਾ ਦੀ ਪੇਸ਼ਕਾਰੀ ਕਰਦੀ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ ਮੁੱਠੀ 'ਚੋਂ ਕਿਰਦੀ ਰੇਤ ਪਰਵਾਸੀ ਧਰਤੀ 'ਤੇ ਸੱਭਿਆਚਾਰਕ ਮੁੱਲਾਂ ਦੇ ਖ਼ਤਮ ਹੋਣ ਤੋਂ ਬਚਣ ਦੇ ਸੰਘਰਸ਼ ਦਾ ਬਿਰਤਾਂਤ ਹੈ ਅਤੇ ਬਲੀਜੀਤ ਦੀ ਕਹਾਣੀ ਰਿਹਾੜ ਪਰੰਪਰਾਵਾਦੀ ਮੁੱਲਾਂ ਬਾਰੇ ਆਮ ਲੋਕਾਂ ਦੇ ਅਵਚੇਤਨ ਦੀ ਦਾਸਤਾਨ ਹੈ। ਜਸਵੀਰ ਰਾਣਾ ਦੀ ਕਹਾਣੀ ਲਤੀਫੇ ਤੋਂ ਬਾਅਦ ਡਿਗਿਆ ਹੰਝੂ ਕਲਾ ਅਤੇ ਰੁਜ਼ਗਾਰ ਵਿਚਲੇ ਸੰਕੇਤਕ ਅੰਤਰ ਨੂੰ ਦਰਸਾਉਂਦੀ ਕਹਾਣੀ ਹੈ ਅਤੇ ਰਵੀ ਸ਼ੇਰਗਿੱਲ ਦੀ ਕਹਾਣੀ ਹੁਣ ਕੋਈ ਫ਼ਿਕਰ ਨਹੀਂ ਕੋਰੋਨਾ ਕਾਲ ਸਮੇਂ ਇਕ ਨਿਡਰ ਅਤੇ ਅਥੱਕ ਨਰਸ ਦੀ ਕਹਾਣੀ ਹੈ। ਅਜਮੇਰ ਸਿੱਧੂ ਦੀ ਕਹਾਣੀ ਡੰਮੀ ਮਸਨੂਈ ਬੁੱਧੀ ਦੇ ਦੌਰ ਵਿਚ ਮੀਡੀਆ ਦੇ ਖੇਤਰ ਦਾ ਸੱਚ ਪੇਸ਼ ਕਰਦੀ ਕਹਾਣੀ ਹੈ ਅਤੇ ਅਰਵਿੰਦਰ ਕੌਰ ਧਾਲੀਵਾਲ ਦੀ ਪਿਆਰ ਦੀ ਕਹਾਣੀ ਇਸੇ ਦੌਰ ਵਿਚ ਮਨੁੱਖੀ ਮਾਨਸਿਕਤਾ ਤੇ ਰੋਬੋਟਿਕ ਤਕਨੀਕਾਂ ਦੇ ਤੁਲਨਾਤਮਿਕ ਬਿਰਤਾਂਤ 'ਤੇ ਆਧਾਰਿਤ ਹੈ। ਇਸ ਪੁਸਤਕ ਦੇ ਦੂਜੇ ਭਾਗ ਵਿਚ ਰਾਸ਼ਿਦ ਜਾਵੇਦ ਅਹਿਮਦ ਦੀ ਕਹਾਣੀ ਜੰਗਲ ਉੱਗੀ ਚੁੱਪ ਇਕੱਲਤਾ ਕੱਟ ਰਹੇ ਸੰਧੂ ਸਾਹਬ ਦੀ ਪੰਛੀਆਂ ਨਾਲ ਰਚਾਏ ਸੰਵਾਦ ਦੀ ਕਥਾ ਹੈ ਅਤੇ ਜ਼ੁਬੈਰ ਅਹਿਮਦ ਦੀ ਕਹਾਣੀ : 'ਨਵੀਂ ਤੇ ਪੁਰਾਣੀ' ਇਕ ਮਰਦ ਦੀ ਆਪਣੀ ਵਿਦਿਆਰਥਣ ਵੱਲ ਵਧ ਰਹੇ ਕਾਮੁਕ ਲਾਲਸਾ ਦੀ ਕਹਾਣੀ ਹੈ। ਰਖ਼ਸ਼ਿੰਦਾ ਨਵੀਦ ਦੀ ਕਹਾਣੀ 'ਮੂੰਹ ਮੱਥਾ' ਸਮਾਜਿਕ ਵਸਤੂਵਾਦੀ ਝੂਠੇ ਵਿਖਾਵੇ ਨੂੰ ਦਰਸਾਉਂਦੀ ਕਹਾਣੀ ਹੈ। ਹਮੀਦ ਰਾਜ਼ੀ ਦੀ ਕਹਾਣੀ 'ਮੈਂ ਮਰ ਜਾਣਾ ਏ' ਪਾਕਿਸਤਾਨੀ ਮੱਧਵਰਤੀ ਸਮਾਜ ਦਾ ਸਪਸ਼ੱਟ ਚਿੱਤਰ ਹੈ ਅਤੇ ਤੌਕੀਰ ਚੁਗਤਾਈ ਦੀ ਕਹਾਣੀ 'ਰੇਜ਼ਰ' ਪਤੀ ਪਤਨੀ ਦੇ ਅਤ੍ਰਿਪਤ ਰਿਸ਼ਤਿਆਂ ਦੀ ਦਾਸਤਾਨ ਹੈ। ਇਲਿਆਸ ਘੁੰਮਣ ਦੀ ਕਹਾਣੀ 'ਛੱਲਾਂ ਤੇ ਛਾਂਗਾ' ਨਾਦਰਾ ਨਾਂਅ ਦੇ ਪਾਤਰ ਦੇ ਪਿਤਰੀ ਸੱਤਾ ਦੇ ਅਸੂਲ ਮੰਨਦਿਆਂ, ਪਰ ਤੜਪਦਿਆਂ ਜੀਵਨ ਜਿਊਣ ਅਤੇ ਨਈਮ ਗਿਲਾਨੀ ਦੀ ਕਹਾਣੀ ਰੱਬ ਪ੍ਰਾਹੁਣਾ ਭੋਲਾ ਨਾਂਅ ਦੇ ਪਾਤਰ ਦੀ ਖਿੰਡਰੀ ਮਨੋਦਸ਼ਾ ਦੀ ਦਾਸਤਾਨ ਹੈ। ਲਹਿੰਦੇ ਪੰਜਾਬ ਦੀਆਂ ਕਹਾਣੀਆਂ ਦਾ ਲਿਪੀਅੰਤਰ ਖ਼ਾਲਿਦ ਫ਼ਰਹਾਦ ਧਾਰੀਵਾਲ, ਇਰਫ਼ਾਨ ਮਜੀਦ ਅਤੇ ਮੁਹੰਮਦ ਤਨਵੀਰ ਦੁਆਰਾ ਕੀਤਾ ਗਿਆ ਹੈ। ਇਸ ਢੰਗ ਨਾਲ ਅਜੋਕੇ ਸਮੇਂ ਵਿਚ ਰਚੀ ਜਾਣ ਵਾਲੀ ਕਹਾਣੀ ਦਾ ਸੁਰ ਵੇਖਣ ਦੇ ਮਕਸਦ ਨਾਲ ਇਹ ਸੰਪਾਦਤ ਕਹਾਣੀ-ਸੰਗ੍ਰਹਿ ਆਪਣੇ ਉਦੇਸ਼ ਵਿਚ ਕਾਮਯਾਬ ਜ਼ਰੂਰ ਹੋਇਆ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਖੇਡਾਂ ਦੇ ਨਿਯਮ
ਲੇਖਕ : ਵਿਵੇਕ ਕੋਟ ਈਸੇ ਖਾਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94633-84051
ਖੇਡਾਂ ਖੇਡਣਾ ਮਨੁੱਖੀ ਸੁਭਾਅ ਦਾ ਜਮਾਂਦਰੂ ਅੰਗ ਹੈ। ਬੱਚੇ ਦੇ ਜਨਮ ਅਤੇ ਬਚਪਨ ਦੀਆਂ ਸਰੀਰਕ ਹਰਕਤਾਂ ਉਸ ਦੀ ਖੇਡਾਂ ਖੇਡਣ ਦੀ ਰੁਚੀ ਨੂੰ ਸਹਿਜ-ਸੁਭਾਅ ਹੀ ਪ੍ਰਗਟ ਕਰ ਜਾਂਦੀਆਂ ਹਨ। ਜੇਕਰ ਖੇਡਾਂ ਕਿਸੇ ਨਿਯਮ-ਬੱਧ ਤਰੀਕੇ ਅਤੇ ਅਨੁਸ਼ਾਸਨ ਵਿਚ ਖੇਡੀਆਂ ਜਾਣ ਤਾਂ ਇਹ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੀਆਂ ਹਨ। ਜਿੱਥੇ ਇਹ ਕਿਸੇ ਮਨੁੱਖ ਨੂੰ ਸਰੀਰਕ ਪੱਖੋਂ ਸੁਡੌਲਤਾ ਪ੍ਰਦਾਨ ਕਰਦੀਆਂ ਹਨ, ਉਥੇ ਉਸ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਕਰਦੀਆਂ ਹਨ। ਵਿਵੇਕ ਕੋਟ ਈਸੇ ਖਾਂ ਦੀ ਪੁਸਤਕ 'ਖੇਡਾਂ ਦੇ ਨਿਯਮ' ਖੇਡਾਂ ਖੇਡਣ ਦੇ ਢੰਗ ਤਰੀਕਿਆਂ ਬਾਰੇ ਵਿਸਤ੍ਰਿਤ ਗਿਆਨ ਪ੍ਰਸਤੁਤ ਕਰਦੀ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਮਨੁੱਖਾਂ ਦੁਆਰਾ ਖੇਡੀਆਂ ਜਾਂਦੀਆਂ ਵੀਹ ਖੇਡਾਂ ਹਾਕੀ, ਕ੍ਰਿਕਟ, ਕੁਸ਼ਤੀ, ਜਿਮਨਾਸਟਿਕ, ਬੈਡਮਿੰਟਨ, ਤੈਰਾਕੀ, ਅਥਲੈਟਿਕਸ, ਫੁੱਟਬਾਲ, ਬਾਸਕਿਟਬਾਲ, ਵਾਲੀਬਾਲ, ਭਾਰ ਚੁੱਕਣਾ, ਜੂਡੋ, ਸ਼ਤਰੰਜ, ਹੈਂਡਬਾਲ, ਟੇਬਲ ਟੈਨਿਸ, ਖੋ-ਖੋ, ਕੈਰਮ, ਗੋਲਫ਼, ਟੈਨਿਸ, ਕਬੱਡੀ ਆਦਿ ਬਾਰੇ ਵੱਡਮੁੱਲੀ ਜਾਣਕਾਰੀ ਅਤੇ ਨਿਯਮਾਂਵਲੀ ਦਰਸਾਉਣ ਦਾ ਯਤਨ ਕੀਤਾ ਹੈ। ਜਦੋਂ ਲੇਖਕ ਕਿਸੇ ਵੀ ਖੇਡ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਖੇਡ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੰਦਾ ਹੈ। ਉਹ ਖੇਡ ਕਿਸ ਸਥਾਨ ਦੀ ਉਪਜ ਹੈ। ਉਸ ਖੇਡ ਦੀ ਖੇਡ ਵਿਧੀ ਅਤੇ ਸਾਵਧਾਨੀਆਂ ਬਾਰੇ ਪੁਸਤਕ ਵਿਚ ਦਿੱਤੀ ਗਈ ਜਾਣਕਾਰੀ ਕੋਈ ਸਾਧਾਰਨ ਕਿਸਮ ਦੀ ਜਾਣਕਾਰੀ ਨਹੀਂ ਸਗੋਂ ਇਹ ਇਕ ਵਿਸ਼ੇਸ਼ ਜਾਣਕਾਰੀ ਹੈ ਜੋ ਕਿਸੇ ਵੀ ਖੇਡ ਦੀ ਕੋਚਿੰਗ ਦਾ ਕਾਰਜ ਕਰਦੀ ਹੈ। ਖੇਡ ਦੇ ਮੈਦਾਨ ਦੀ ਲੰਬਾਈ ਚੌੜਾਈ ਦੇ ਨਾਲ-ਨਾਲ ਪੂਰੀ ਟੀਮ ਦੇ ਮੈਂਬਰਾਂ ਬਾਰੇ ਵੀ ਭਾਵ-ਪੂਰਤ ਜਾਣਕਾਰੀ ਲੇਖਕ ਦੁਆਰਾ ਮੁਹੱਈਆ ਕਰਵਾਈ ਗਈ ਹੈ। ਜਿਵੇਂ ਭਾਰ ਚੁੱਕਣ ਸਮੇਂ ਖਿਡਾਰੀ ਨੇ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਹੈ ਅਤੇ ਖਿਡਾਰੀ ਕਿਹੜੀਆਂ-ਕਿਹੜੀਆਂ ਗ਼ਲਤੀਆਂ ਕਰ ਸਕਦਾ ਹੈ, ਜਿਸ ਕਰਕੇ ਉਸ ਦੇ ਨੰਬਰਾਂ ਵਿਚ ਕਟੌਤੀ ਹੋ ਸਕਦੀ ਹੈ, ਇਹ ਸਾਰੀ ਜਾਣਕਾਰੀ ਤਾਂ ਬਹੁਤੇ ਭਾਰ ਚੁੱਕਣ ਵਾਲੇ ਖਿਡਾਰੀਆਂ ਨੂੰ ਵੀ ਪਤਾ ਨਹੀਂ ਹੁੰਦਾ। ਜੇਕਰ ਪਤਾ ਵੀ ਹੋਵੇ ਤਾਂ ਇਹ ਨਿਯਮ ਉਸ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੋ ਸਕਦੇ ਹਨ। ਮਿਸਾਲ ਵਜੋਂ ਸ਼ਤਰੰਜ ਜਾਂ ਗੋਲਫ਼ ਆਮ ਲੋਕ ਨਹੀਂ ਖੇਡਦੇ ਪਰ ਪੁਸਤਕ ਪੜ੍ਹਨ ਤੋਂ ਬਾਅਦ ਇਨ੍ਹਾਂ ਖੇਡਾਂ ਬਾਰੇ ਨਿਯਮ ਅਤੇ ਜਾਣਕਾਰੀ ਪ੍ਰਾਪਤ ਕਰਕੇ ਕੋਈ ਵਿਅਕਤੀ ਅਭਿਆਸ ਕਰਕੇ ਇਨ੍ਹਾਂ ਦਾ ਖਿਡਾਰੀ ਬਣ ਸਕਦਾ ਹੈ। ਇਹ ਪੁਸਤਕ ਖਿਡਾਰੀਆਂ, ਕੋਚਾਂ ਅਤੇ ਸਕੂਲੀ ਵਿਦਿਆਰਥੀਆਂ/ਅਧਿਆਪਕਾਂ ਲਈ ਵੀ ਲਾਹੇਵੰਦਾ ਗਿਆਨ ਪ੍ਰਸਤੁਤ ਕਰਦੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਦੁੱਧ ਦੀਆਂ ਧਾਰਾਂ
ਲੇਖਕ : ਡਾ. ਕੁਲਬੀਰ ਸਿੰਘ ਸੂਰੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ ਸਮਾਣਾ
ਮੁੱਲ : 195 ਰੁਪਏ, ਸਫ਼ੇ : 127
ਸੰਪਰਕ : 98889-24664.
ਡਾ. ਕੁਲਬੀਰ ਸਿੰਘ ਸੂਰੀ ਪੰਜਾਬੀ ਬਾਲ ਸਾਹਿਤ ਵਿਚ ਬਹੁਤ ਹੀ ਸਤਿਕਾਰਯੋਗ ਥਾਂ ਰੱਖਦੇ ਹਨ। ਇਨ੍ਹਾਂ ਦੀਆਂ ਬਾਲ ਰਚਨਾਵਾਂ ਅਕਸਰ ਹੀ ਅਸੀਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਪੜ੍ਹਦੇ ਹਾਂ। ਇਨ੍ਹਾਂ ਨੂੰ ਸਾਹਿਤਕਾਰੀ ਵਿਰਸੇ ਵਿਚੋਂ ਹੀ ਮਿਲੀ ਹੋਈ ਹੈ ਇਨ੍ਹਾਂ ਦੇ ਪਿਤਾ ਸ. ਨਾਨਕ ਸਿੰਘ ਜੀ ਦਾ ਨਾਂਅ ਪ੍ਰਸਿੱਧ ਨਾਵਲਕਾਰਾਂ ਵਿਚ ਰਿਹਾ ਹੈ। ਇਹ ਵੀ ਆਪਣੇ ਪਿਤਾ ਵਾਂਗ ਹਰ ਲਿਖਤ ਵਿਚ ਪਾਠਕਾਂ ਨੂੰ ਕੋਈ ਨਾ ਕੋਈ ਸ਼ਾਨਦਾਰ ਸੁਨੇਹਾ ਦੇ ਜਾਂਦੇ ਹਨ, ਜੋ ਕਿ ਸਾਹਿਤ ਦਾ ਮੁੱਖ ਉਦੇਸ਼ ਵੀ ਇਹੀ ਹੈ। 'ਦੁੱਧ ਦੀਆਂ ਧਾਰਾਂ' ਬਾਲ ਨਾਵਲ ਮਨੋਰੰਜਨ ਦੇ ਨਾਲ-ਨਾਲ ਬਾਲਾਂ ਨੂੰ ਸੁਭਾਵਿਕ ਹੀ ਬਹੁਤ ਹੀ ਜਾਣਕਾਰੀ ਭਰਪੂਰ ਸਿੱਖਿਆ ਵੀ ਦਿੰਦਾ ਹੈ। ਇਹ ਨਾਵਲ ਵਿਲੱਖਣ ਇਸ ਕਰਕੇ ਹੈ ਕਿ ਇਸ ਵਿਚ ਮੁੱਖ ਪਾਤਰ ਨੌਜਵਾਨ ਸਕੂਲ ਅਧਿਆਪਕ ਰਣਬੀਰ ਸਿੰਘ ਸ਼ਹਿਰੀ ਬੱਚਿਆਂ ਨੂੰ ਪਿੰਡ ਲਿਜਾ ਕੇ ਸਭ ਚੀਜ਼ਾਂ ਬਾਰੇ ਗਿਆਨ ਹੀ ਨਹੀਂ ਦਿੰਦਾ ਸਗੋਂ ਉਨ੍ਹਾਂ ਦੀ ਵਰਤੋਂ ਬਾਰੇ ਵੀ ਦਸਦਾ ਹੈ। ਇਹ ਸਾਰਾ ਕੁਝ ਵੇਖ ਕੇ ਬੱਚਿਆਂ ਦੇ ਕਿਤਾਬੀ ਗਿਆਨ ਵਿਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ ਜਦੋਂ ਕਿ ਬੱਚਿਆਂ ਦੇ ਕਲਾਸ ਰੂਮ ਵਿਚ ਅਸਲੋਂ ਹੀ ਅਸੰਭਵ ਹੈ। ਪੜ੍ਹਾਈ ਦਾ ਮਹੱਤਵ ਫੇਰ ਹੀ ਬਣਦਾ ਹੈ ਜੇ ਬੱਚੇ ਕਿਤਾਬਾਂ ਵਿਚ ਪੜ੍ਹੀਆਂ ਚੀਜ਼ਾਂ ਨੂੰ ਅੱਖੀਂ ਜਾ ਕੇ ਵੇਖਣ ਅਤੇ ਉਸ ਬਾਰੇ ਬਰੀਕੀ ਨਾਲ ਗਿਆਨ ਪ੍ਰਾਪਤ ਕਰਨ। ਲੇਖਕ ਨੇ ਬੱਚਿਆਂ ਲਈ ਅਧਿਆਪਕ ਤੋਂ ਬਹੁਤ ਹੀ ਮਹੱਤਪੂਰਨ ਕਾਰਜ ਕਰਵਾਇਆ ਹੈ ਜਿਸ ਨਾਲ ਪੇਂਡੂ ਸੱਭਿਆਚਾਰ, ਨੈਤਿਕ ਕਦਰਾਂ ਕੀਮਤਾਂ, ਰਿਸ਼ਤੇ ਨਾਤਿਆਂ, ਖੇਡਾਂ, ਲੋਕ ਗੀਤ ਅਤੇ ਹੋਰ ਬਹੁਤ ਸਾਰੀਆਂ ਕਲਾਵਾਂ ਦਾ ਗਿਆਨ ਮਿਲਦਾ ਹੈ। ਸ਼ਹਿਰ ਵਿਚ ਜੰਮੇ ਪਲੇ ਬੱਚਿਆਂ ਨੂੰ ਪਿੰਡ ਦੀ ਜ਼ਿੰਦਗੀ, ਉੱਥੇ ਦੀ ਰਹਿਣੀ ਬਹਿਣੀ, ਖੇਤਾਂ ਵਿਚਲੀਆਂ ਲਹਿ-ਲਹਾਉਂਦੀਆਂ ਫਸਲਾਂ, ਸੰਘਣੇ ਬੋਹੜ-ਪਿੱਪਲ ਦੀਆਂ ਸੰਘਣੀਆਂ ਛਾਵਾਂ, ਪੰਛੀਆਂ ਦਾ ਚਹਿ-ਚਹਾਉਣਾ ਸੋਚ ਕੇ ਵੇਖੋ ਕਿੰਨਾ ਚੰਗਾ ਲੱਗਾ ਹੋਵੇਗਾ। ਸਾਡੇ ਅਮੀਰ ਵਿਰਸੇ ਦੇ ਨਾਲ-ਨਾਲ ਸਾਡੇ ਪੇਂਡੂ ਜੀਵਨ ਬਾਰੇ ਵੀ ਜਿੱਥੇ ਗਿਆਨ ਮਿਲਦਾ ਹੈ ਉੱਥੇ ਸਾਡੀ ਮਾਂ ਬੋਲੀ ਦੇ ਪਿੰਡਾਂ ਵਿਚ ਵਰਤੇ ਜਾਂਦੇ ਅਥਾਹ ਸ਼ਬਦਾਂ ਦਾ ਭਰਪੂਰ ਗਿਆਨ ਮਿਲਦਾ ਹੈ। ਭਾਸ਼ਾ ਬਹੁਤ ਹੀ ਸਰਲ ਠੇਠ ਮੁਹਾਵਰਿਆਂ ਵਾਲੀ ਭਾਵ ਬੱਚਿਆਂ ਦੇ ਹਾਣ ਦੀ ਵਰਤੀ ਗਈ ਹੈ। ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਸਵਾਦ ਲੈਂਦੇ ਬੱਚੇ ਦੋ ਘੜੀਆਂ ਬਹੁਤ ਹੀ ਖੂਬਸੂਰਤ ਦੁਨੀਆ ਵਿਚ ਚਲੇ ਜਾਂਦੇ ਹਨ। ਸਮਾਜਿਕ ਬੁਰਾਈਆਂ ਅਤੇ ਭਵਿੱਖ ਦੇ ਗਹਿਰ ਗੰਭੀਰ ਮਸਲਿਆਂ ਬਾਰੇ ਵੀ ਇਹ ਬਾਲ ਨਾਵਲ ਜਾਗਰੂਕ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਦਾ ਹੱਲ ਵੀ ਦੱਸਦਾ ਹੈ। ਇਹ ਨਾਵਲ ਸ਼ਹਿਰੀ ਬੱਚਿਆਂ ਦੇ ਨਾਲ-ਨਾਲ ਵੱਡੇ ਬੱਚਿਆਂ ਅਤੇ ਸ਼ਹਿਰ ਵਸਦੇ ਹੋਰ ਬਹੁਤ ਸਾਰੇ ਲੋਕਾਂ ਦੇ ਗਿਆਨ ਵਿਚ ਵੀ ਵਾਧਾ ਕਰੇਗਾ। ਇਸ ਤੋਂ ਪਹਿਲਾਂ ਲੇਖਕ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕੇ ਹਨ ਢੇਰ ਸਾਰਾ ਤਜਰਬਾ ਅਤੇ ਅਨੁਭਵ ਰੱਖਦੇ ਹਨ। ਲੇਖਕ ਨੂੰ ਮਨੋਵਿਗਿਆਨ ਦਾ ਬਹੁਤ ਗਿਆਨ ਹੈ ਮਨੋਵਿਗਿਆਨੀ ਹੀ ਬਾਲਾਂ ਨੂੰ ਧੁਰ ਅੰਦਰ ਤੱਕ ਬਰੀਕੀ ਨਾਲ ਜਾਣ ਸਕਦਾ ਹੈ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896
ਮਹਾਨ ਮੁਗ਼ਲ ਸ਼ਾਸਕ 1542-1605
ਅਕਬਰ
ਲੇਖਕ : ਰਾਹੁਲ ਸਾਂਕ੍ਰਤਿਆਇਨ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 400 ਰੁਪਏ, ਸਫ਼ੇ : 390
ਸੰਪਰਕ : 98146-28027
ਮੁਗ਼ਲ ਕਾਲ ਨੂੰ ਭਾਰਤੀ ਇਤਿਹਾਸ ਦੇ ਸੁਨਹਿਰੀ ਯੁੱਗ ਵਜੋਂ ਜਾਣਿਆ ਜਾਂਦਾ ਹੈ। ਦਿੱਲੀ ਸਲਤਨਤ ਕਾਲ ਦੌਰਾਨ ਸੁਲਤਾਨਾਂ ਅਤੇ ਮੁਗ਼ਲ ਬਾਦਸ਼ਾਹਾਂ ਦੁਆਰਾ ਹਿੰਦੁਸਤਾਨ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਜਿੱਤਣ ਉਪਰੰਤ ਕੇਂਦਰੀ ਰਾਜ ਸਥਾਪਤ ਕੀਤਾ ਗਿਆ ਸੀ। ਦਿੱਲੀ ਨੂੰ ਇਸ ਰਾਜ ਦੀ ਰਾਜਧਾਨੀ ਚੁਣਿਆ ਗਿਆ ਸੀ। ਪਹਿਲੇ ਮੁਗ਼ਲ ਬਾਦਸ਼ਾਹ ਜ਼ਹੀਰਊਦਦੀਨ ਮੁਹੰਮਦ ਬਾਬਰ ਨੇ ਆਪਣੇ ਰਾਜ ਦੇ ਵਿਸਥਾਰ ਹਿਤ ਚੰਦੇਰੀ ਅਤੇ ਘਾਗਰਾ ਆਦਿ ਇਲਾਕਿਆਂ ਨੂੰ ਜਿੱਤਣ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਸਨ। ਮੁਗ਼ਲ ਰਾਜ ਨੂੰ ਸੁਨਹਿਰੀ ਯੁੱਗ ਇਸ ਕਾਰਨ ਕਿਹਾ ਜਾਂਦਾ ਹੈ, ਕਿਉਂਕਿ ਮੁਗ਼ਲਾਂ ਨੇ ਖੇਤੀਬਾੜੀ, ਸਮਾਜ ਅਤੇ ਸਥਾਨਕ, ਸੁਧਾਰ, ਲਲਿਤ ਕਲਾਵਾਂ ਅਤੇ ਭਵਨ ਨਿਰਮਾਣ ਕਲਾ ਆਦਿ ਦੇ ਵਿਕਾਸ ਵਿਚ ਭਾਰਤੀ ਅਤੇ ਇਸਲਾਮੀ ਕਲਾ ਤੇ ਸੱਭਿਆਤਾਵਾਂ ਦੇ ਸੁਮੇਲ ਨੂੰ ਚੁਣਿਆ ਸੀ। ਮੁਗ਼ਲ ਰਾਜ ਸਮੇਂ ਸਾਹਿਤ ਦੇ ਖੇਤਰ ਵਿਚ ਜਿੱਥੇ ਫ਼ਾਰਸੀ ਜ਼ੁਬਾਨ ਰਾਜ ਭਾਸ਼ਾ ਬਣੀ, ਉੱਥੇ ਸੰਸਕ੍ਰਿਤ ਭਾਸ਼ਾ ਦੇ ਪੁਰਾਤਨ ਧਾਰਮਿਕ ਗ੍ਰੰਥਾਂ ਨੂੰ ਵੀ ਫ਼ਾਰਸੀ ਭਾਸ਼ਾ ਵਿਚ ਅਨੁਵਾਦ ਕਰਵਾਇਆ ਗਿਆ ਸੀ। ਮੁਗ਼ਲ ਕਾਲ ਦੇ ਸਿਰਮੌਰ ਸ਼ਾਸਕ ਜਲਾਲਊਦਦੀਨ ਮੁਹੰਮਦ ਅਕਬਰ (1556-1605) ਨੂੰ ਭਾਰਤੀ ਰਾਸ਼ਟਰੀਅਤਾ ਦਾ ਪਿਤਾਮਾ ਕਿਹਾ ਜਾਂਦਾ ਹੈ, ਕਿਉਂਕਿ ਉਸ ਨੇ ਆਪਣੇ ਰਾਜ ਕਾਲ ਦੌਰਾਨ ਧਰਮ ਨਿਰਪੱਖਤਾ ਦੀ ਨੀਤੀ ਦੇ ਅਨੁਸਾਰ ਯੋਗਤਾ 'ਤੇ ਆਧਾਰਿਤ ਆਪਣੇ ਰਾਜ ਵਿਚ ਉਚਿਤ ਮਨਸਬਾਂ, ਅਹੁਦੇ ਅਤੇ ਜਾਗੀਰਾਂ ਸਭ ਧਰਮਾਂ ਦੇ ਲੋਕਾਂ ਨੂੰ ਦਿੱਤੀਆਂ ਸਨ। ਅਕਬਰ ਬਾਦਸ਼ਾਹ ਭਾਵੇਂ ਆਪ ਅਨਪੜ੍ਹ ਸੀ, ਪਰੰਤੂ ਉਸ ਨੇ ਅਨੇਕ ਧਰਮ ਨਿਰਪੱਖ ਲੇਖਕਾਂ, ਸਾਹਿਤਕਾਰਾਂ, ਦਾਨਿਸ਼ਵਰਾਂ, ਯੋਧਿਆਂ, ਕਵੀਆਂ ਨੂੰ ਆਪਣੇ ਰਾਜ ਵਿਚ ਸਨਮਾਨ ਪੂਰਵਕ ਸਥਾਨ ਦਿੱਤਾ ਸੀ। ਹੇਮਚੰਦਰ, ਬੀਰਬਲ, ਤਾਨਸੇਨ, ਸ਼ੇਖ ਮੁਬਾਰਕ, ਫ਼ੈਜ਼ੀ, ਅਬੁਲ ਫ਼ਜ਼ਲ, ਮੁੱਲਾ ਬਦਾਯੂਨੀ, ਟੋਡਰ ਮੱਲ, ਰਹੀਮ, ਮਾਨ ਸਿੰਘ ਅਤੇ ਬਿਹਾਰੀ ਮੱਲ ਆਦਿ ਕੁਝ ਅਤਿ ਮਹੱਤਵਪੂਰਨ ਹਸਤੀਆਂ ਉਸ ਦੇ ਦਰਬਾਰ ਦੀ ਸ਼ਾਨੋ-ਸ਼ੌਕਤ ਸਨ। ਹੱਥਲੀ ਕਿਤਾਬ 'ਅਕਬਰ ਮਹਾਨ ਮੁਗ਼ਲ ਸ਼ਾਸਕ 1542-1605' ਲੇਖਕ ਰਾਹੁਲ ਸਾਂਤਕ੍ਰਤਿਆਨ ਦੁਆਰਾ ਹਿੰਦੀ ਭਾਸ਼ਾ ਵਿਚ ਲਿਖੀ 390 ਪੰਨਿਆਂ ਦੀ ਇਹ ਕਿਤਾਬ 1956 ਵਿਚ ਕਿਤਾਬ ਮਹਿਲ, ਦਿੱਲੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਲੇਖਕ ਨੂੰ ਸਾਹਿਤ ਅਤੇ ਇਤਿਹਾਸਕਾਰੀ ਦੇ ਖੇਤਰ ਵਿਚ ਜੀਵਨ ਭਰ ਪਾਏ ਗਏ ਯੋਗਦਾਨ ਕਾਰਨ 1958 ਵਿਚ ਭਾਰਤੀ ਸਾਹਿਤ ਅਕਾਦਮੀ, ਐਵਾਰਡ ਅਤੇ 1963 ਵਿਚ ਪਦਮ ਵਿਭੂਸ਼ਨ ਐਵਾਰਡ ਮਿਲ ਚੁੱਕੇ ਹਨ। ਇਸ ਕਿਤਾਬ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਮ ਸਿੰਘ ਜ਼ਖ਼ਮੀ ਦੁਆਰਾ ਕੀਤਾ ਗਿਆ ਹੈ। ਦੋ ਭਾਗਾਂ ਵਿਚ ਵੰਡੀ ਇਸ ਕਿਤਾਬ ਦੇ 27 ਅਧਿਆਇ ਹਨ। ਪਹਿਲੇ ਭਾਗ ਵਿਚ ਅਕਬਰ ਦੇ ਪ੍ਰਸ਼ਾਸਨ ਅਤੇ ਵਿਚਾਰਧਾਰਾ ਨੂੰ ਸਹਿਯੋਗ ਦੇਣ ਵਾਲੇ ਅਤੇ ਉਸ ਨਾਲ ਅਸਹਿਮਤ ਕੁਝ ਚੋਣਵੇਂ ਵਿਦਵਾਨਾਂ ਅਤੇ ਅਧਿਕਾਰੀਆਂ ਦੇ ਜੀਵਨ, ਸੰਘਰਸ਼, ਵਿਚਾਰਾਂ, ਲਿਖਤਾਂ ਆਦਿ ਬਾਰੇ ਇਤਿਹਾਸਕ ਤੱਥਾਂ ਅਤੇ ਮੁਢਲੇ ਸੋਮਿਆਂ 'ਤੇ ਆਧਾਰਤ ਲਿਖਿਆ ਗਿਆ ਹੈ। ਹੇਮਚੰਦਰ (ਹੇਮੂ), ਮੁਸਲਿਮ ਸਮਾਜਵਾਦੀ ਲੇਖਕ ਸਈਅਦ ਮੁਹੰਮਦ ਜੈਨਪੁਰੀ, ਸ਼ੇਖ ਅੱਲਾਈ, ਮੁੱਲਾ ਅਬਦੁੱਲਾ ਸੁਲਤਾਨਪੁਰੀ, ਤਾਨਸੇਨ, ਹੁਸੈਨ ਖ਼ਾਨ ਟੁਕੜੀਆ, ਸ਼ੇਖ਼ ਮੁਬਾਰਕ, ਕਵੀ ਰਾਜ ਫ਼ੈਜ਼ੀ, ਅਬੁਲ ਫ਼ਜ਼ਲ, ਟੋਡਰ ਮੱਲ ਅਤੇ ਮਹਾਨ ਸੈਨਿਕ ਜਰਨੈਲ ਰਾਜਾ ਮਾਨ ਸਿੰਘ ਆਦਿ ਨੂੰ ਸਮਰਪਿਤ ਪਹਿਲੇ ਖੰਡ ਦੇ ਅਧਿਆਏ ਹਨ। ਦੂਸਰਾ ਭਾਗ ਅਕਬਰ ਬਾਦਸ਼ਾਹ ਦੇ ਜੀਵਨ, ਰਾਜ ਸੱਤਾ ਲਈ ਸੰਘਰਸ਼, ਜਿੱਤਾਂ, ਉਸ ਦੀ ਧਾਰਮਿਕ ਨੀਤੀ ਦੀਆਂ ਔਕੜਾਂ, ਵਿਸ਼ੇਸ਼ਤਾਵਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਸਮਰਪਿਤ ਹੈ। ਇਸ ਦੀ ਕਰਮਵਾਰ ਵੰਡ ਮੁਢਲਾ ਜੀਵਨ; ਨਾਬਾਲਗ ਬਾਦਸ਼ਾਹ; ਰਾਜ ਪ੍ਰਸਾਰ; ਗੁਜਰਾਤ ਜਿੱਤ; ਸੀਕਰੀ ਰਾਜਧਾਨੀ; ਬਿਹਾਰ ਬੰਗਾਲ ਦੀ ਜਿੱਤ; ਸੱਭਿਆਚਾਰਕ ਸੁਮੇਲ; ਪੱਛਮ-ਉੱਤਰ ਦਾ ਸੰਘਰਸ਼; ਦੱਖਣ ਦੇ ਸੰਘਰਸ਼; ਅੰਤਿਮ ਜੀਵਨ; ਸ਼ਾਸਨ ਪ੍ਰਬੰਧ; ਕਲਾ ਅਤੇ ਸਾਹਿਤ 'ਤੇ ਮਹਾਨ ਦ੍ਰਿਸ਼ਟਾ ਆਦਿ। ਵਿਸ਼ੇ ਦੀ ਪ੍ਰਮਾਣਿਕਤਾ ਅਤੇ ਵਿਸਥਾਰ ਪੂਰਵਕ ਜਾਣਕਾਰੀ ਹਿਤ 6 ਅੰਤਿਕਾਵਾਂ ਕ੍ਰਮਵਾਰ ਅਕਬਰ ਸੰਬੰਧੀ ਤਰੀਕਾਂ; ਸੱਭਿਆਚਾਰਾਂ ਦਾ ਮਿਸ਼ਰਣ; ਭਾਸ਼ਾ ਦੀ ਕਿਸਮਤ; ਬਾਰੂਦ ਦੀ ਖੋਜ; ਸਰੋਤ ਪੁਸਤਕਾਂ ਅਤੇ ਸਮਕਾਲੀ ਚਿੱਤਰ ਦਿੱਤੀਆਂ ਗਈਆਂ ਹਨ। ਪੁਰਾਤਨ ਕਾਲ ਤੋਂ ਭਾਰਤੀ ਇਤਿਹਾਸ ਵਿਚ ਅਨੇਕਾਂ ਵਾਰ ਸੱਭਿਆਚਾਰਾਂ ਦੇ ਟਕਰਾਉ ਨੂੰ ਸੁਮੇਲਤਾ ਵਿਚ 2 ਸਮੇਟਣ ਦਾ ਯਤਨ ਕੀਤਾ ਗਿਆ ਹੈ। ਭਾਰਤ ਦੀ ਭੂਗੋਲਿਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਸੰਸਾਰ ਦੇ ਇਤਿਹਾਸ ਵਿਚ 'ਅਨੇਕਤਾ ਵਿਚ ਏਕਤਾ' ਅਤੇ ਸ਼ਾਂਤਮਈ ਵਿਦੇਸ਼ੀ ਤੇ ਅੰਦਰੂਨੀ ਨੀਤੀ ਦੇ ਪਹਿਰੇਦਾਰ ਦੇਸ਼ ਵਜੋਂ ਪ੍ਰਮਾਣਿਕਤਾ ਸਥਾਪਤ ਹੈ। ਅਕਬਰ ਮੁਗ਼ਲ ਬਾਦਸ਼ਾਹਤ ਨੇ ਮੱਧਕਾਲ ਸਮੇਂ ਸਭ ਤੋਂ ਪਹਿਲਾਂ ਹਿੰਦੂ-ਮੁਸਲਿਮ ਦੋਵਾਂ ਧਰਮਾਂ ਦੇ ਸਮਾਜਾਂ, ਸੱਭਿਆਚਾਰਾਂ, ਸਾਹਿਤ, ਸੰਗੀਤ, ਲਲਿਤ ਕਲਾਵਾਂ, ਭਵਨ ਨਿਰਮਾਣ ਕਲਾ ਅਤੇ ਗਿਆਨ ਵਿਗਿਆਨ ਦੇ ਖੇਤਰਾਂ ਦਾ ਸਾਂਝੇ ਰੂਪ ਵਿਚ ਸਤਿਕਾਰ, ਸਨਮਾਨ ਅਤੇ ਮੁਲਾਂਕਣ ਦਾ ਅਜਿਹਾ ਕਦਮ ਉਠਾਇਆ, ਜਿਸ ਨਾਲ ਭਾਰਤ ਵਿਚ ਨਵੇਂ ਯੁੱਗ ਦਾ ਆਰੰਭ ਹੋਇਆ। ਅਕਬਰ ਠੀਕ ਅਰਥਾਂ ਵਿਚ ਦੇਸ਼-ਭਗਤ, ਦੇਸ਼ ਦਾ ਮਹਾਨ ਉਸਰਈਆ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਮੋਢੀ ਬਣਿਆ। ਸੰਖੇਪ ਵਿਚ ਮੱਧਕਾਲੀਨ ਭਾਰਤ, ਮੁਗ਼ਲ ਬਾਦਸ਼ਾਹ, ਅਕਬਰ ਦੇ ਸਮੇਂ, ਰਾਜ, ਜਿੱਤਾਂ, ਪ੍ਰਸ਼ਾਸਨ, ਧਾਰਮਿਕ ਸਥਿਤੀ, ਇਤਿਹਾਸ, ਸਮਾਜ ਅਤੇ ਰਾਜਨੀਤੀ ਆਦਿ ਪੱਖਾਂ ਦੇ ਇਤਿਹਾਸ ਦੀ ਜਾਣਕਾਰੀ ਹਿਤ ਇਹ ਕਿਤਾਬ ਇਕ ਮਹੱਤਵਪੂਰਨ ਇਤਿਹਾਸਕ ਸਰੋਤ ਹੈ। ਕਰਮ ਸਿੰਘ ਜ਼ਖ਼ਮੀ ਵਲੋਂ ਪੰਜਾਬੀ ਭਾਸ਼ਾ ਦੇ ਪਾਠਕਾਂ ਦੇ ਗਿਆਨ ਹਿਤ ਕੀਤਾ ਗਿਆ ਪੰਜਾਬੀ ਅਨੁਵਾਦ ਇਕ ਸ਼ਲਾਘਾਯੋਗ ਉਪਰਾਲਾ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਪੁੱਤ ਸਰਦਾਰਾਂ ਦੇ
ਗੀਤਕਾਰ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ, ਪਟਿਆਲਾ
ਮੁੱਲ : 300 ਰੁਪਏ,
ਸਫ਼ੇ : 160
ਸੰਪਰਕ : 94175-62053
ਇਸ ਪੁਸਤਕ ਵਿਚ 72 ਧਾਰਮਿਕ ਅਤੇ ਸੱਭਿਆਚਾਰਕ ਗੀਤ ਸ਼ਾਮਿਲ ਹਨ। ਇਹ ਸਾਰੇ ਗੀਤ ਸਾਫ਼-ਸੁਥਰੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਹਨ। ਕੁਝ ਝਲਕਾਂ ਮਾਣੀਏ :
-ਦੀਵਾ ਪਿਆਰ ਵਾਲਾ ਸਦਾ ਹੀ ਜਗਾਈ ਰੱਖੀਏ
ਤੇਲ ਏਹਦੇ 'ਚ ਮੁਹੱਬਤਾਂ ਦਾ ਪਾਈ ਰੱਖੀਏ।
-ਨਸ਼ਿਆਂ ਨੇ ਖਾ ਲਿਆ ਹੈ ਗੱਭਰੂ ਪੰਜਾਬ ਦਾ
ਪੱਟ ਦਿੱਤਾ ਜੜ੍ਹੋਂ ਜਿਵੇਂ ਫੁੱਲ ਨੀ ਗੁਲਾਬ ਦਾ।
-ਪੱਛਮ ਦੇ ਰੰਗਾਂ ਉੱਤੇ ਵੇਖੀਂ ਡੁੱਲ੍ਹ ਜਾਈਂ ਨਾ
ਵਿਰਸਾ ਪੰਜਾਬੀਆਂ ਦਾ, ਵੇਖੀਂ ਭੁੱਲ ਜਾਈਂ ਨਾ।
-ਰੱਬ ਦੇ ਸਮਾਨ ਗੁਰੂ ਦੇ ਪਿਆਰੇ ਨੇ
ਦੁਖੀਆਂ ਦੇ ਦੁੱਖ ਜਿਨ੍ਹਾਂ, ਤਨ 'ਤੇ ਸਹਾਰੇ ਨੇ।
-ਸੱਭਿਆਚਾਰ ਤੇ ਵਿਰਸਾ ਭੁੱਲ ਗਏ
ਭੁੱਲ ਗਏ ਰੀਤ ਰਿਵਾਜਾਂ।
ਹੁਣ ਨਵੀਆਂ ਗੁੱਡੀਆਂ ਨਵੇਂ ਪਟੋਲੇ
ਭੁੱਲੇ ਪੁਰਾਤਨ ਸਾਜਾਂ।
ਇਨ੍ਹਾਂ ਗੀਤਾਂ ਵਿਚ ਸਾਡੇ ਸ਼ਾਨਦਾਰ ਇਤਿਹਾਸ ਅਤੇ ਵਿਰਾਸਤ ਦੀਆਂ ਝਲਕਾਂ ਹਨ। ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਦੀ ਪ੍ਰੇਰਨਾ ਹੈ। ਸਮਾਜਕ ਕੁਰੀਤੀਆਂ ਉੱਤੇ ਚੋਟ ਮਾਰੀ ਗਈ ਹੈ। ਸਮੁੱਚੇ ਤੌਰ 'ਤੇ ਇਹ ਇਕ ਉਸਾਰੂ ਅਤੇ ਵਧੀਆ ਗੀਤ-ਸੰਗ੍ਰਹਿ ਹੈ, ਜਿਸ ਦਾ ਸੁਆਗਤ ਕਰਨਾ ਬਣਦਾ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਫਨੀਅਰ
ਲੇਖਕ : ਦਰਸ਼ਨ ਜੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 100
ਸੰਪਰਕ : 98720-01856
ਸਾਹਿਤ ਦੇ ਖੇਤਰ ਦਾ ਵਿਸਥਾਪਤ ਕਲਮਕਾਰ, ਅੱਡ ਅੱਡ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪਣ ਵਾਲੇ ਅਤੇ ਸਾਹਿਤ ਸਾਧਨਾ 'ਚ ਨਿਰੰਤਰ ਗਤੀਸ਼ੀਲ ਦਰਸ਼ਨ ਸਿੰਘ ਜੋਗਾ ਦੇ ਸਨ 2024 ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ 'ਚ ਕੁੱਲ 7 ਲੰਬੀਆਂ ਕਹਾਣੀਆਂ ਹਨ। ਉਸ ਦੇ ਨਮਸਕਾਰ ਕਹਾਣੀ ਸੰਗ੍ਰਹਿ ਤੋਂ ਬਾਅਦ ਉਸ ਦਾ ਇਹ ਤੀਜਾ ਕਹਾਣੀ ਸੰਗ੍ਰਹਿ ਹੈ। ਉਹ ਸਾਹਿਤ ਦੀ ਵੰਨਗੀ ਕਹਾਣੀ ਤੋਂ ਇਲਾਵਾ ਆਲੋਚਨਾ ਅਤੇ ਅਨੁਵਾਦ ਤੇ ਵੀ ਆਪਣੀ ਕਲਮ ਚਲਾਉਂਦਾ ਹੈ। ਉਸ ਦੀਆਂ ਕਹਾਣੀਆਂ ਦਾ ਹਿੰਦੀ ਭਾਸ਼ਾ ਵਿਚ ਵੀ ਅਨੁਵਾਦ ਹੋਇਆ ਹੈ। ਉਸ ਨੇ ਆਪਣਾ ਇਹ ਕਹਾਣੀ-ਸੰਗ੍ਰਹਿ ਆਪਣੇ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਲੇਖਕ ਨੇ ਆਪਣੇ ਇਸ ਕਹਾਣੀ-ਸੰਗ੍ਰਹਿ 'ਚ ਵੰਨ-ਸੁਵੰਨੇ ਵਿਸ਼ਿਆਂ ਨੂੰ ਚੁਣਿਆ ਹੈ। ਇਸ ਕਹਾਣੀ-ਸੰਗ੍ਰਹਿ ਦੀ ਮਨੁੱਖੀ ਮਾਨਸਿਕਤਾ ਨੂੰ ਉਜਾਗਰ ਕਰਦੀ ਰਚਨਾ ਫਨੀਅਰ ਦੇ ਅਧਾਰ ਉਤੇ ਇਸ ਦਾ ਨਾਮਕਰਨ ਕੀਤਾ ਗਿਆ ਹੈ। ਇਸ ਪੁਸਤਕ ਦੇ ਸੰਬੰਧ 'ਚ ਨਾਮਵਰ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦਾ ਆਪਣੇ ਵਿਚਾਰ ਲਿਖਣਾ ਪੁਸਤਕ ਦੇ ਉੱਚ ਪੱਧਰ ਦੇ ਹੋਣ ਨੂੰ ਪ੍ਰਮਾਣਿਤ ਕਰਦਾ ਹੈ। ਸੰਵਾਦ ਸ਼ੈਲੀ ਵਿਚ ਲੇਖਕ ਦੀ ਮੈਂ ਨਾਲ ਤੇ ਉੱਤਮ ਪੁਰਸ਼ ਵਿਚ ਲਿਖਣ ਅਤੇ ਪਾਤਰਾਂ ਅਤੇ ਖੁਦ ਦਾ ਇਕ-ਮਿੱਕ ਹੋਣਾ, ਉਸ ਦੀ ਕਹਾਣੀ ਦੀ ਪੇਸ਼ਕਾਰੀ ਵਿਚ ਪਾਠਕਾਂ ਦੀ ਦਿਲਚਸਪੀ ਪੈਦਾ ਕਰਦਾ ਹੈ। ਜੁਗ ਚੇਤਨਾ ਦੀ ਸਮਝ ਰੱਖਣ ਵਾਲਾ ਲੇਖਕ ਪੇਡੂ ਅਤੇ ਸ਼ਹਿਰੀ ਪਾਤਰਾਂ ਦੇ ਚਰਿੱਤਰ ਅਤੇ ਵਾਤਾਵਰਨ ਨੂੰ ਉਸਾਰਨ ਦੀ ਸਮਰੱਥਾ ਰੱਖਦਾ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿਚ ਲਾਜ ਸ਼ਰਮ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਛੱਡ ਕੇ ਖੁਦਗਰਜ਼ੀ ਦੇ ਚੱਕਰਵਿਊ ਵਿਚ ਫਸਦੇ ਜਾ ਰਹੇ ਮਨੁੱਖ ਦੀ ਮਾਨਸਿਕਤਾ ਨੂੰ ਬਾਖੂਬੀ ਉਭਾਰਿਆ ਹੈ।
ਕਹਾਣੀਆਂ ਦੇ ਪਾਤਰ ਸਮਾਜਿਕ ਵਾਤਾਵਰਨ ਵਿਚ ਵਿਚਰਦੇ ਹੋਏ ਜ਼ਿੰਦਗੀ ਦੇ ਦਵੰਦ ਦੀ ਸਮੱਸਿਆ ਵਿਚੋਂ ਗੁਜਰ ਰਹੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਕਲਪਿਤ ਨਹੀਂ ਸਗੋਂ ਸਾਡੇ ਇਰਦ ਗਿਰਦ ਜ਼ਿੰਦਗੀ ਜਿਊਂਦੇ ਜਾਪਦੇ ਹਨ। ਲੇਖਕ ਪਾਤਰਾਂ ਦੇ ਨਾਲ-ਨਾਲ ਚਲਦਾ ਮਹਿਸੂਸ ਹੁੰਦਾ ਹੈ। ਕਹਾਣੀਆਂ ਦੇ ਸੰਵਾਦ, ਪਾਤਰਾਂ ਅਨੁਸਾਰ ਉਨ੍ਹਾਂ ਦੀ ਭਾਸ਼ਾ, ਵਾਤਾਵਰਨ ਨੂੰ ਚਿਤਰਣ ਦਾ ਹੁਨਰ ਅਤੇ ਘਟਨਾਵਾਂ ਦੀ ਵਿਉਂਤਬੰਦੀ ਲੇਖਕ ਦੇ ਮੰਝੇ ਹੋਏ ਕਹਾਣੀਕਾਰ ਨੂੰ ਪ੍ਰਮਾਣਿਤ ਕਰਦਾ ਹੈ। ਕਹਾਣੀਆਂ ਵਿਚ ਭਾਵੇਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਮੈਮ, ਲਾਟ ਆਫ ਥੈਂਕਸ, ਰਿੰਗ ਟੋਨ, ਸਪੋਰਟ, ਹਾਰਡਲੀ, ਲੋਕੇਸ਼ਨ, ਸਕਰੀਨ, ਸ਼ੋਅਰ ਅਤੇ ਟ੍ਰਿਉਕਾਲਰ ਕਾਫ਼ੀ ਮਾਤਰਾ ਵਿਚ ਪ੍ਰਯੋਗ ਹੋਏ ਹਨ ਪਰ ਅਜੋਕੇ ਜੁੱਗ ਦੇ ਪਾਤਰਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਹੋਣਾ ਸੁਭਾਵਿਕ ਜਿਹੀ ਗੱਲ ਹੈ। ਆਉਣ ਵਾਲੇ ਸਮੇਂ ਵਿਚ ਪਾਠਕਾਂ ਨੂੰ ਲੇਖਕ ਵਲੋਂ ਹੋਰ ਵੀ ਮਿਆਰੀ ਕਹਾਣੀਆਂ ਲਿਖਣ ਦੀ ਆਸ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਮਫ਼ਊਲ ਫ਼ੇਲੁਨ ਫ਼ਾਇਲੁਨ
ਲੇਖਕ : ਪਾਲ ਗੁਰਦਾਸਪੁਰੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 180 ਰੁਪਏ, ਸਫ਼ੇ : 104
ਸੰਪਰਕ : 99882-64707
ਪੰਜਾਬੀ ਵਿਚ ਗ਼ਜ਼ਲ ਦਾ ਪ੍ਰਵੇਸ਼ ਸਦੀਆਂ ਪੁਰਾਣਾ ਹੈ ਪਰ ਇਸ 'ਤੇ ਨਿੱਠ ਕੇ ਕਾਰਜ ਵੀਹਵੀਂ ਸਦੀ ਵਿਚ ਹੀ ਹੋਇਆ ਅਤੇ ਖ਼ਾਸ ਕਰਕੇ ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਇਸ ਸਿਨਫ਼ ਨੂੰ ਗੰਭੀਰਤਾ ਨਾਲ ਲਿਆ ਜਾਣ ਲੱਗਾ ਤੇ ਇਸੇ ਸਦੀ ਦੇ ਅੰਤ ਤੱਕ ਗ਼ਜ਼ਲ ਪੰਜਾਬੀ ਕਾਵਿ ਵਿਚ ਵਿਸ਼ੇਸ਼ ਸਥਾਨ ਬਣਾਉਣ ਵਿਚ ਸਫ਼ਲ ਹੋ ਗਈ। ਗ਼ਜ਼ਲ ਦੇ ਅਜੋਕੇ ਮੁਕਾਮ ਵਿਚ ਸੱਤਰਵਿਆਂ ਤੋਂ ਬਾਅਦ ਦੇ ਗ਼ਜ਼ਲਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਪਾਲ ਗੁਰਦਾਸਪੁਰੀ ਉਸੇ ਦੌਰ ਦੀ ਪ੍ਰਾਪਤੀ ਹੈ ਜਿਸ ਨੇ ਆਪਣੀ ਗ਼ਜ਼ਲ ਵਿਚ ਨਵਾਂਪਨ ਪੈਦਾ ਕਰਕੇ ਉਸ ਵਕਤ ਭਰਪੂਰ ਹਾਜ਼ਰੀ ਲਗਵਾਈ। ਆਪਣੀ ਲਗਾਤਾਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਹੁਣ ਉਸ ਨੇ ਗ਼ਜ਼ਲ ਦੀ ਬਣਤਰ ਬਾਰੇ ਆਪਣੀ ਜਾਣਕਾਰੀ ਨਵੇਂ ਗ਼ਜ਼ਲਕਾਰਾਂ ਤਕ ਪਹੁੰਚਾਉਣ ਲਈ ਮੁੱਲਵਾਨ ਪੁਸਤਕ 'ਮਫ਼ਊਲ ਫ਼ੇਲੁਨ ਫ਼ਾਇਲੁਨ' ਦੀ ਰਚਨਾ ਕੀਤੀ ਹੈ। ਭਾਵੇਂ ਅਰੂਜ਼ (ਗ਼ਜ਼ਲ ਵਿਧਾਨ) ਸੰਬੰਧੀ ਕਾਫ਼ੀ ਪੁਸਤਕਾਂ ਲਿਖੀਆਂ ਗਈਆਂ ਹਨ, ਪਰ ਜਨਾਬ ਦੀਪਕ ਜੈਤੋਈ ਜੀ ਦੀ ਪੁਸਤਕ 'ਗ਼ਜ਼ਲ ਕੀ ਹੈ' ਅਜਿਹੀਆਂ ਪੁਸਤਕਾਂ ਦਾ ਆਧਾਰ ਬਣਦੀ ਰਹੀ ਹੈ। ਪਾਲ ਗੁਰਦਾਸਪੁਰੀ ਦੀਪਕ ਸਾਹਿਬ ਦਾ ਸ਼ਾਗਿਰਦ ਹੈ ਜਿਸ ਨੇ ਆਪਣੀ ਸ਼ਾਇਰੀ ਦੇ ਖ਼ਾਨਦਾਨ ਦੀ ਪਰੰਪਰਾ ਨੂੰ ਇਸ ਪੁਸਤਕ ਰਾਹੀਂ ਅੱਗੇ ਤੋਰਿਆ ਹੈ। ਅਰੂਜ਼ੀ ਜਾਣਕਾਰੀ ਦੀਆਂ ਹੋਰ ਪੁਸਤਕਾਂ ਤੋਂ ਇਹ ਪੁਸਤਕ ਕੁਝ ਕਾਰਨਾਂ ਕਰਕੇ ਅੱਡਰੀ ਹੈ। ਪਹਿਲੀ ਵਿਸ਼ੇਸ਼ਤਾ ਤਾਂ ਇਸ ਪੁਸਤਕ ਦਾ ਛੋਟਾ ਹੋਣਾ ਹੈ, ਦੂਸਰਾ ਇਸ ਵਿਚ ਬੇਲੋੜਾ ਖਿਲਾਰਾ ਨਹੀਂ ਪਾਇਆ ਗਿਆ, ਸਿਰਫ਼ ਓਹੀ ਜਾਣਕਾਰੀਆਂ ਅੰਕਿਤ ਹਨ, ਜਿਨ੍ਹਾਂ ਦੀ ਇੱਕ ਸਿਖਾਂਦਰੂ ਨੂੰ ਲੋੜ ਹੈ ਤੇ ਤੀਸਰਾ ਇਸ ਦੀ ਭਾਸ਼ਾ ਨੂੰ ਬਹੁਤ ਹੀ ਸਰਲ ਰੱਖਿਆ ਗਿਆ ਹੈ। ਇਸ ਵਿਚ ਅਰੂਜ਼ 'ਤੇ ਪਹਿਲਾਂ ਲਿਖੀਆਂ ਗਈਆਂ ਤਿੰਨ ਲੇਖਕਾਂ ਦੀਆਂ ਪੁਸਤਕਾਂ 'ਤੇ ਤਬਸਿਰੇ ਵੀ ਸ਼ਾਮਿਲ ਕੀਤੇ ਗਏ ਹਨ, ਇਹ ਲੇਖਕ ਹਨ ਸਰਵ ਸ੍ਰੀ ਕਸ਼ਮੀਰ ਨੀਰ, ਐੱਸ. ਤਰਸੇਮ ਤੇ ਸੁਲੱਖਣ ਸਰਹੱਦੀ। ਨਵਿਆਂ ਦੀ ਸੌਖ ਲਈ 22 ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਨੂੰ ਤਕਤੀਹ ਕੀਤਾ ਗਿਆ ਹੈ। 'ਅਰੂਜ਼ ਐਨਾ ਵੀ ਕਠਿਨ ਨਹੀਂ' ਸਿਰਲੇਖ ਤਹਿਤ ਨਵੇਂ ਗ਼ਜ਼ਲਕਾਰਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗ਼ਜ਼ਲ ਦੇ ਵੱਖ-ਵੱਖ ਤੱਤਾਂ ਦਾ ਸੰਖੇਪ ਵਿਚ ਵਖਿਆਨ ਕਰਦੀ 'ਮਫ਼ਊਲ ਫ਼ੇਲੁਨ ਫ਼ਾਇਲੁਨ' ਪੁਸਤਕ ਮੈਨੂੰ ਇਸ ਧਾਰਾ ਦੀਆਂ ਸਭ ਪੁਸਤਕਾਂ ਤੋਂ ਆਸਾਨ ਲੱਗੀ ਹੈ, ਇਹ ਪੰਜਾਬੀ ਗ਼ਜ਼ਲ ਵਿਚ ਰੁਚੀ ਰੱਖਣ ਵਾਲੀਆਂ ਕਲਮਾਂ ਲਈ ਨਿਸ਼ਚੇ ਹੀ ਬਹੁਤ ਉਪਯੋਗੀ ਹੋਵੇਗੀ। ਲੇਖਕ ਦੀ ਮਿਹਨਤ ਦਾਦ ਦੇ ਕਾਬਿਲ ਹੈ।
ਪੀੜਾਂ ਢੋਈਆਂ ਬੜੀਆਂ
ਗ਼ਜ਼ਲਕਾਰ : ਕਰਮਜੀਤ ਭੱਠਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 98765-65508
ਪੰਜਾਬੀ ਅਦਬ ਵਿਚ ਕਵਿਤਾ ਨੂੰ ਹਮੇਸ਼ਾ ਵਧੇਰੇ ਮਾਣ ਮਿਲਦਾ ਰਿਹਾ ਹੈ ਤੇ ਵਕਤ ਦੇ ਨਾਲ-ਨਾਲ ਇਸ ਦੀ ਨੁਹਾਰ ਵਿਚ ਵੀ ਤਬਦੀਲੀ ਹੁੰਦੀ ਰਹੀ ਹੈ। ਪੰਜਾਬੀ ਦੇ ਅਜੋਕੇ ਦੌਰ ਵਿਚ ਗ਼ਜ਼ਲ ਦਾ ਦਬਦਬਾ ਹੈ ਤੇ ਹਰ ਪੰਜਾਬੀ ਸ਼ਾਇਰ ਗ਼ਜ਼ਲ ਲਿਖ ਰਿਹਾ ਹੈ ਜਾਂ ਗ਼ਜ਼ਲ ਲਿਖਣ ਦੀ ਇੱਛਾ ਰੱਖਦਾ ਹੈ। ਇਸ ਸਿਨਫ਼ ਨੇ ਨਵੀਆਂ ਕਲਮਾਂ ਨੂੰ ਵੀ ਆਕਰਸ਼ਿਤ ਕੀਤਾ ਹੈ ਤੇ ਕਈ ਤਾਂ ਆਪਣੇ ਅਦਬੀ ਸਫ਼ਰ ਦੀ ਸ਼ੁਰੂਆਤ ਹੀ ਇਸ ਤੋਂ ਕਰ ਰਹੇ ਹਨ। ਅਜਿਹੀਆਂ ਸੰਭਾਵਨਾਵਾਂ ਭਰਪੂਰ ਕਲਮਾਂ ਵਿਚ ਕਰਮਜੀਤ ਭੱਠਲ ਦਾ ਨਾਂਅ ਵੀ ਸ਼ਾਮਿਲ ਹੈ। 'ਪੀੜਾਂ ਢੋਈਆਂ ਬੜੀਆਂ' ਭੱਠਲ ਦੀ ਪਹਿਲੀ ਪ੍ਰਕਾਸ਼ਨਾ ਪ੍ਰਤੀਤ ਹੁੰਦੀ ਹੈ ਤੇ ਇਸ ਵਿਚ ਚੁਰਾਸੀ ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਆਮ ਤੌਰ 'ਤੇ ਬਹੁਤੇ ਸ਼ਾਇਰਾਂ ਦੀਆਂ ਕਲਮਾਂ ਦਾ ਸਫ਼ਰ ਰੋਮਾਂਸ ਤੋਂ ਸ਼ੁਰੂ ਹੁੰਦਾ ਹੈ ਪਰ ਖ਼ੁਸ਼ੀ ਦੀ ਗੱਲ ਹੈ ਕਿ ਉਸ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਮਾਨਵੀ ਸਰੋਕਾਰਾਂ ਤੇ ਲੋੜਾਂ-ਥੁੜਾਂ ਨਾਲ ਜੁੜੇ ਹੋਏ ਹਨ। ਅਜਿਹੀ ਸੋਚ ਸਾਹਿਤ ਤੇ ਲੋਕਾਂ ਨਾਲ ਜੁੜਨ 'ਤੇ ਬਣਦੀ ਹੈ। ਉਹ ਆਖਦਾ ਹੈ ਤਾਜ ਮਹੱਲ ਕਦੇ ਵੀ ਨਹੀਂ ਸੀ ਬਣ ਸਕਦਾ ਜੇ ਉਸ ਕਿਰਤੀ ਹੱਥਾਂ ਦੀ ਛੋਹ ਨਾ ਪ੍ਰਾਪਤ ਹੁੰਦੀ। ਉਹ ਅਜੋਕੇ ਰਬ ਦੀ ਥਾਂ ਨਵਾਂ ਰਬ ਘੜਨਾ ਚਾਹੁੰਦਾ ਹੈ ਤੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਅੱਲ੍ਹਾ, ਗੌਡ ਤੇ ਰਾਮ ਦੇ ਨਾਂਅ 'ਤੇ ਮਨੁੱਖ ਆਪਸ ਵਿਚ ਲੜਦੇ ਕਿਉਂ ਹਨ। ਉਸ ਦੀਆਂ ਗ਼ਜ਼ਲਾਂ ਵਿਚ ਕਿਤੇ ਕਿਤੇ ਮੁਹੱਬਤੀ ਰੰਗ ਵੀ ਹਨ ਸੱਚੇ-ਸੱਚੇ ਤੇ ਸੁੱਚੇ-ਸੁੱਚੇ। ਉਸ ਨੂੰ ਵੀ ਕਿਸੇ ਦੀ ਯਾਦ ਤਾਂ ਆਉਂਦੀ ਹੈ, ਪਰ ਮਨਇੱਛਤ ਸ਼ਹਿਰ ਵਿਚ ਪਹੁੰਚਣ 'ਤੇ ਉੱਥੋਂ ਦੀ ਹਵਾ ਉਸ ਨੂੰ ਮੁਆਫ਼ਿਕ ਨਹੀਂ ਬੈਠਦੀ। ਉਹ ਆਪਣੇ ਆਪ ਨੂੰ ਦਰਿਆ ਕੰਢੇ ਖੜ੍ਹੇ ਸੁੱਕੇ ਰੁੱਖ ਨਾਲ ਜੋੜਦਾ ਹੈ ਜਿਸ ਨੂੰ ਅਜੇ ਵੀ ਆਖ਼ਰੀ ਲਹਿਰ ਦਾ ਇੰਤਜ਼ਾਰ ਹੈ। ਪੁਸਤਕ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਕੋਲ ਸ਼ਬਦਾਂ ਤੇ ਵਿਸ਼ਿਆਂ ਦੀ ਭਰਮਾਰ ਹੈ, ਪਰ ਅਜੇ ਉਸ ਨੇ ਗ਼ਜ਼ਲ ਦਾ ਬਹੁਤ ਕੁਝ ਦੇਖਣਾ ਤੇ ਪਰਖਣਾ ਹੈ। ਗ਼ਜ਼ਲ ਦੇ ਮੁਢਲੇ ਤੇ ਜ਼ਰੂਰੀ ਨਿਯਮ ਅਜੇ ਉਸ ਨੇ ਬੁੱਕਲ਼ ਵਿਚ ਸਮੇਟਣੇ ਹਨ। ਇਹ ਬਹੁਤੇ ਮੁਸ਼ਕਿਲ ਨਹੀਂ ਹਨ ਤੇ ਭੱਠਲ ਨੂੰ ਉਸ ਵਿੱਥ ਨੂੰ ਪੂਰਨਾ ਪਵੇਗਾ, ਜੋ ਉਸ ਨੇ ਸ਼ਿਅਰਾਂ ਵਿਚ ਪ੍ਰਗਟਾਈ ਹੈ। ਉਂਝ ਕਰਮਜੀਤ ਭੱਠਲ ਦੇ ਇਸ ਸੰਗ੍ਰਹਿ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਪੁਸਤਕ ਨੇ ਹੀ ਉਸ ਦੇ ਅਦਬੀ ਸਫ਼ਰ ਦੀ ਬੁਨਿਆਦ ਬਣਨਾ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002