JALANDHAR WEATHER

14-03-2025

 ਦੇਗ ਤੋਂ ਕੇਕ ਵੱਲ

ਪੰਜਾਬ ਕਹਾਵਤ ਹੈ ਕਿ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਬੈਠੀ, ਇਸੇ ਤਰ੍ਹਾਂ ਕਈ ਰੀਤੀ-ਰਿਵਾਜ ਜਾਂ ਰਸਮਾਂ ਹੌਲੀ-ਹੌਲੀ ਇਸ ਤਰ੍ਹਾਂ ਸਾਡੇ ਵਿਹੜੇ ਆ ਵੜੀਆਂ ਹਨ ਕਿ ਸਾਨੂੰ ਅਹਿਸਾਸ ਤੱਕ ਵੀ ਨਹੀਂ ਹੋਣ ਦਿੱਤਾ। ਅਸੀਂ ਨਿੱਕੀਆਂ-ਮੋਟੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ, ਪਰ ਉਦੋਂ ਪ੍ਰਵਾਹ ਕਰਨੀ ਲਾਜ਼ਮੀ ਹੋ ਜਾਂਦੀ ਹੈ, ਜਦੋਂ ਉਹ ਘਰ 'ਚ ਪਨਾਹ ਲੈ ਕੇ ਸਾਡੇ ਮੋਢਿਆਂ 'ਤੇ ਚੜ੍ਹ ਬੈਠਦੀਆਂ ਹਨ। ਸਿੱਖ ਧਰਮ ਵਿਚ ਜਨਮ, ਵਿਆਹ, ਮੌਤ ਜਾਂ ਇੰਝ ਕਹਿ ਲਵੋ ਕਿ ਹਰ ਖ਼ੁਸ਼ੀ ਗਮੀ ਦੇ ਮੌਕੇ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਬਣਾ ਕੇ ਗੁਰੂ ਸਾਹਿਬ ਅੱਗੇ ਭੇਟ ਕਰ ਕੇ ਸੰਬੰਧਿਤ ਕਾਰਜ ਲਈ ਅਰਦਾਸ ਕਰ ਕੇ ਸੰਗਤ ਵਿਚ ਵਰਤਾਉਣ ਦੀ ਮਰਿਆਦਾ ਗੁਰੂ ਸਾਹਿਬਾਨ ਦੇ ਸਮੇਂ ਤੋਂ ਚਲਦੀ ਆ ਰਹੀ ਹੈ, ਪਰ ਬੜਾ ਦੁੱਖ ਹੁੰਦਾ ਹੈ ਜਦ ਲੋਕਾਂ ਨੂੰ ਹਰ ਥਾਂ ਘਰ-ਬਾਹਰ ਕੋਈ ਵੀ ਪ੍ਰੋਗਰਾਮ ਹੋਵੇ, ਅੱਡੀਆਂ ਚੁੱਕੀ ਕੇਕ ਕੱਟਣ ਲਈ ਉਤਾਵਲੇ ਹੋਏ ਵੇਖਦਾ ਹਾਂ। ਚਾਹੇ ਉਹ ਬੱਚੇ, ਬੁੱਢੇ, ਜਵਾਨ ਦਾ ਜਨਮ ਦਿਨ ਹੋਵੇ। ਠਾਕਾ ਹੋਵੇ, ਸ਼ਗਨ ਹੋਵੇ, ਵਿਆਹ ਹੋਵੇ ਪਤਾ ਨਹੀਂ ਕਿਉਂ ਅਸੀਂ ਸਭ ਕੁਝ ਭੁੱਲ ਕੇ ਝੱਟ ਗੋਲਕਤਾਰਾ ਬਣਾ ਕੇ ਕੇਕ ਦੁਆਲੇ ਤਾੜੀਆਂ ਮਾਰਨ ਲੱਗ ਪੈਂਦੇ ਹਾਂ। ਲੋਹੜੀ, ਦਿਵਾਲੀ ਗੱਲ ਕੀ ਹਰ ਦਿਨ ਤਿਉਹਾਰ ਮੌਕੇ ਸਭ ਨੇ ਇਸ ਨੂੰ ਸਿਰ 'ਤੇ ਚੜ੍ਹਾ ਰੱਖਿਆ ਹੈ। ਹੋਰ ਤਾਂ ਹੋਰ ਹੁਣ ਤਾਂ ਗੁਰਪੁਰਬਾਂ 'ਤੇ ਵੀ ਇਸ ਦੀ ਆਮਦ ਦੀਆਂ ਖ਼ਬਰਾਂ ਆਮ ਹੋ ਰਹੀਆਂ ਹਨ। ਮੇਰਾ ਇਸ ਬਾਰੇ ਧਿਆਨ ਦਿਵਾਉਣ ਦਾ ਮਕਸਦ ਕੇਵਲ ਇਹੀ ਹੈ ਕਿ ਅਸੀਂ ਆਪਣੀ ਵੱਖਰੀ ਹੋਂਦ, ਰੀਤੀ-ਰਿਵਾਜ, ਰਸਮਾਂ, ਮਰਿਆਦਾਵਾਂ ਨੂੰ ਕੰਡ ਦੇ ਕੇ ਬੇਗਾਨੀਆਂ ਰਸਮਾਂ ਨੂੰ ਇੰਨਾ ਸਿਰ 'ਤੇ ਨਾ ਚੜ੍ਹਾਈਏ ਕਿ ਆਪਣੀ ਵਿਲੱਖਣਤਾ ਤੇ ਨਿਆਰੇਪਣ ਦੀ ਹੱਦ ਨੂੰ ਹੀ ਹੱਥੋਂ ਗਵਾ ਬੈਠੀਏ। ਸੋ, ਆਓ ਦੇਗ ਤੋਂ ਕੇਕ ਵੱਲ ਦੇ ਸ਼ੁਰੂ ਹੋਏ ਸਫ਼ਰ ਨੂੰ ਠੱਲ੍ਹ ਪਾਉਂਦੇ ਹੋਏ, ਆਪਣੇ ਮਾਣ-ਮੱਤੇ ਰੀਤੀ ਰਿਵਾਜਾਂ ਨੂੰ ਬਰਕਰਾਰ ਰੱਖਣ ਲਈ ਯਤਨ ਕਰੀਏ।

-ਕੁਲਜੀਤ ਸਿੰਘ ਢਪੱਈ
ਤਹਿਸੀਲ ਬਟਾਲਾ, ਗੁਰਦਾਸਪੁਰ।

ਮੈਡੀਸਨ ਦੀ ਖਪਤ

ਪੰਜਾਬ ਵਿਚ ਹੋ ਰਹੀ ਮੈਡੀਸਨ ਦੀ ਖ਼ਪਤ ਦੇ ਅੰਕੜੇ ਬੇਹੱਦ ਡਰਾਉਣੇ ਤੇ ਚਿੰਤਾਜਨਕ ਹਨ। ਉਹ ਪੰਜਾਬੀ ਜਿਹੜੇ ਦੁਨੀਆ ਭਰ 'ਚ ਸਰੀਰਕ ਤੇ ਮਾਨਸਿਕ ਪੱਖ ਤੋਂ ਬੜੇ ਮਜ਼ਬੂਤ ਮੰਨੇ ਜਾਂਦੇ ਸਨ। ਖਾਣ-ਪੀਣ, ਹੱਥੀਂ ਕਿਰਤ ਕਰਨ ਤੇ ਹਾਸੇ-ਠੱਠੇ 'ਚ ਮੋਹਰੀ ਮੰਨੇ ਜਾਂਦੇ ਸਨ। ਅੱਜ ਉਹੀ ਪੰਜਾਬੀ ਹੱਥੀਂ ਕਿਰਤ ਕਰਨ ਤੋਂ ਕਿਨਾਰਾ ਕਰ ਚੁੱਕਾ ਹੈ। ਹਾਸਾ-ਠੱਠਾ ਤਾਂ ਚਿਹਰਿਆਂ ਤੋਂ ਉੱਡ-ਪੁੱਡ ਹੀ ਗਿਆ ਹੈ। ਖਾਧਾ-ਪੀਤਾ ਪਚਾਉਣ ਲਈ ਵੱਡੀ ਗਿਣਤੀ ਮੈਡੀਸਨ ਦਾ ਸਹਾਰਾ ਲੈਣ ਲੱਗ ਪਈ ਹੈ। ਪੰਜਾਬੀਆਂ 'ਚ ਆਈ ਸਰੀਰਕ ਤੇ ਮਾਨਸਿਕ ਪੱਖ ਤੋਂ ਗਿਰਾਵਟ ਨੇ ਮੈਡੀਸਨ ਖਪਤ ਨੂੰ ਬੜਾਵਾ ਦਿੱਤਾ ਹੈ। ਇਕ ਤਰ੍ਹਾਂ ਨਾਲ ਅੱਜ ਪੰਜਾਬ ਮੈਡੀਸਨ ਦੀ ਵੱਡੀ ਖਪਤ ਮੰਡੀ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਪੰਜਾਬ 'ਚ ਮੈਡੀਸਨ ਖਪਤ ਵਰਤਾਰਾ ਵੱਡੇ ਸ਼ੰਕੇ ਪੈਦਾ ਕਰ ਰਿਹਾ ਹੈ। ਬਹੁਤੇ ਮਾਹਿਰ ਇਸ ਭਿਆਨਕ ਵਰਤਾਰੇ ਲਈ ਪੰਜਾਬ ਦੇ ਗੰਧਲੇ ਹੋ ਚੁੱਕੇ ਵਾਤਾਵਰਨ ਨੂੰ ਵੀ ਦੋਸ਼ ਦੇ ਰਹੇ ਹਨ। ਪੰਜਾਬ ਦੀ ਧਰਤੀ 'ਤੇ ਰੁੱਖਾਂ ਦੀ ਵੱਡੀ ਘਾਟ ਵੀ ਇਸ ਦਾ ਕਾਰਨ ਮੰਨੀ ਜਾ ਰਹੀ ਹੈ। ਕੁਝ ਮਾਹਿਰ ਇਸ ਵਰਤਾਰੇ ਨੂੰ ਇਕ ਸੋਚੀ-ਸਮਝੀ ਸਾਜਿਸ਼ ਵੀ ਦੱਸ ਰਹੇ ਹਨ। ਜੇ ਪੰਜਾਬ ਨੂੰ ਅੱਜ ਬਚਾਉਣਾ ਹੈ ਤਾਂ ਅੱਜ ਨਹੀਂ ਤਾਂ ਕੱਲ੍ਹ ਸਿਦਕਵਾਨ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਤਜਰਬਾ

ਸਾਡੇ ਮਨੁੱਖੀ ਜੀਵਾਂ ਅੰਦਰ ਅਨੇਕਾਂ ਕੰਮਾਂ-ਕਾਰਾਂ ਅਤੇ ਗਿਆਨ-ਧਿਆਨ ਸੰਬੰਧੀ ਤਜਰਬੇ ਮੌਜੂਦ ਹੁੰਦੇ ਹਨ। ਇਨ੍ਹਾਂ ਤਜਰਬਿਆਂ ਕਾਰਨ ਹੀ ਅਸੀਂ ਜੀਵਨ ਵਿਚ ਸਹੀ ਫ਼ੈਸਲੇ ਲੈਣ ਵਿਚ ਸਫ਼ਲ ਹੁੰਦੇ ਹਾਂ। ਮਨੁੱਖੀ ਤਜਰਬਾ ਸਾਡੀ ਚੇਤਨਾ 'ਤੇ ਨਿਰਭਰ ਕਰਦਾ ਹੈ। ਚੇਤਨਾ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਹੜੀ ਹਰ ਸਮੇਂ ਵਾਤਾਵਰਨ ਵਿਚ ਮੌਜੂਦ ਮਨੁੱਖਾਂ, ਜੀਵਾਂ ਤੇ ਪਦਾਰਥਾਂ ਬਾਰੇ ਵਿਚਾਰ ਕਰਕੇ ਆਦਾਨ-ਪ੍ਰਦਾਨ ਕਰਦੀ ਰਹਿੰਦੀ ਹੈ। ਚੇਤਨਾ ਦੇ ਤਿੰਨ ਤੱਤ ਹੁੰਦੇ ਹਨ, ਸੰਵੇਦਨਾ, ਪ੍ਰਤਿਮਾ ਤੇ ਭਾਵ। ਸੰਵੇਦਨਾ ਦਾ ਸੰਬੰਧ ਗਿਆਨ ਇੰਦਰੀਆਂ ਦੁਆਰਾ ਅਨੇਕਾਂ ਚੀਜ਼ਾਂ ਨੂੰ ਵੇਖਣ ਤੋਂ ਹੁੰਦਾ ਹੈ। ਪ੍ਰਤਿਮਾ ਜਾਂ ਪ੍ਰਤੀਬਿੰਬ ਦਾ ਸੰਬੰਧ ਗਿਆਨ ਇੰਦਰੀਆਂ ਦੁਆਰਾ ਵੇਖੀਆਂ ਗਈਆਂ ਅਨੇਕਾਂ ਪ੍ਰਕਾਰ ਦੀਆਂ ਵਸਤਾਂ, ਜੀਵਾਂ ਤੇ ਮਨੁੱਖਾਂ ਆਦਿ ਬਾਰੇ ਕੋਈ ਵਿਚਾਰ ਸਥਾਪਿਤ ਕਰਨ ਤੋਂ ਹੁੰਦਾ ਹੈ ਜਦੋਂ ਕਿ ਭਾਵ ਤੋਂ ਅਰਥ ਇਨ੍ਹਾਂ ਵਸਤਾਂ ਦੇ ਸੰਬੰਧੀ ਖ਼ੁਸ਼ੀ, ਗਮੀ, ਦੁੱਖ ਜਾਂ ਉਦਾਸੀਨਤਾ ਮਹਿਸੂਸ ਕਰਨ ਤੋਂ ਹੁੰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ

ਸਿਸਟਮ ਵਿਚ ਹੋਵੇ ਪਾਰਦਰਸ਼ਤਾ

ਹਰ ਸਿਸਟਮ ਵਿਚ ਪਾਰਦਰਸ਼ਤਾ ਦੀ ਲੋੜ ਹੁੰਦੀ ਹੈ। ਪਰ ਸਾਰੇ ਭਾਰਤ ਨੂੰ ਧਨਾਢ ਪੁਰਸ਼ ਹੀ ਕੰਟਰੋਲ ਕਰੀ ਬੈਠੇ ਹਨ। ਇਥੇ ਆਰਥਿਕਤਾ ਨੂੰ ਧਨਾਢ ਵਪਾਰੀ, ਕਾਰਪੋਰੇਟ ਘਰਾਣੇ, ਅੰਬਾਨੀ ਅਤੇ ਅਡਾਨੀ ਵਰਗੇ ਪ੍ਰਧਾਨ ਮੰਤਰੀ ਮੋਦੀ ਦੀ ਕ੍ਰਿਪਾ ਨਾਲ ਕੰਟਰੋਲ ਕਰੀ ਬੈਠੇ ਹਨ। ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗਾਂ ਦਾ ਵੀ ਧਿਆਨ ਰੱਖੇ ਤਾਂ ਕਿ ਦੇਸ਼ ਸਹੀ ਢੰਗ ਨਾਲ ਤਰੱਕੀ ਕਰ ਸਕੇ। ਸਾਡੇ ਦੇਸ਼ ਦਾ ਤਾਂ ਬਜਟ ਵੀ ਪਾਰਦਰਸ਼ੀ ਨਹੀਂ। ਪੰਜਾਬ ਨੂੰ ਬਿਲਕੁਲ ਅਣਗੌਲਿਆਂ ਕਰ ਦਿੱਤਾ ਗਿਆ ਹੈ। ਬਿਹਾਰ ਨੂੰ ਬਜਟ ਵਿਚ ਗੱਫੇ ਦਿੱਤੇ ਗਏ ਹਨ ਕਿਉਂਕਿ ਉਥੇ ਵੋਟਾਂ ਪੈਣੀਆਂ ਹਨ। ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਤਾਂ ਕੀ ਦੇਣਾ ਸੀ, ਉਨ੍ਹਾਂ ਨੂੰ ਆਪਣੀ ਰਾਜਧਾਨੀ ਦਿੱਲੀ ਪਹੁੰਚਣ ਤੋਂ ਵੀ ਰੋਕਿਆ ਗਿਆ।

-ਪ੍ਰਿੰਸੀਪਲ ਕਰਤਾਰ ਸਿੰਘ ਬੇਰੀ,
ਗਲੀ ਨੰ. 3, ਦਸ਼ਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ।