23-06-2024
ਗ਼ਦਰ ਦਾ ਦੂਜਾ ਪੱਖ
(ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼)
ਲੇਖਕ : ਗੁਰੂਮੇਲ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 327
ਸੰਪਰਕ : 95011-45039
ਗੁਰੂਮੇਲ ਸਿੱਧੂ ਨੇ ਆਪਣਾ ਜੀਵਨ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਅਮਰੀਕਾ ਜਾ ਕੇ ਸ਼ੁਰੂ ਕੀਤਾ ਸੀ। ਸਟੇਟ ਯੂਨੀਵਰਸਿਟੀ ਫਰੈਜ਼ਨੋ, ਕੈਲੀਫੋਰਨੀਆ, ਅਮਰੀਕਾ ਅਤੇ ਕੈਨੇਡਾ ਦੀਆਂ ਹੋਰ ਯੂਨੀਵਰਸਿਟੀਆਂ ਵਿਚ ਉਸ ਨੇ ਲਗਭਗ ਪੰਜਾਹ ਸਾਲ ਅਧਿਆਪਕ ਵਜੋਂ ਸੇਵਾ ਨਿਭਾਈ ਹੈ। ਉਸ ਦੀਆਂ ਗਿਆਨ ਸਾਹਿਤ ਦੇ ਖੇਤਰ ਵਿਚ ਚਾਰ ਕਿਤਾਬਾਂ, ਪੰਜਾਬੀ ਕਵਿਤਾ ਦੀ ਆਲੋਚਨਾ ਦੇ ਖੇਤਰ ਵਿਚ ਦੋ ਅਤੇ ਦਸ ਕਿਤਾਬਾਂ ਕਵਿਤਾ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਰਾਸ਼ਟਰੀ, ਅੰਤਰ-ਰਾਸ਼ਟਰੀ ਸਾਹਿਤਕ ਸੰਸਥਾਵਾਂ ਤੋਂ ਅਨੇਕਾਂ ਮਾਣ-ਸਨਮਾਣ ਪ੍ਰਾਪਤ ਡਾ. ਗੁਰੂਮੇਲ ਸਿੱਧੂ 10 ਜੁਲਾਈ, 2022 ਨੂੰ ਸਵਰਗਵਾਸ ਹੋ ਗਏ ਹਨ। ਇਸ ਕਿਤਾਬ ਗ਼ਦਰ ਦਾ ਦੂਜਾ ਪੱਖ (ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼) ਨੂੰ ਗੁਰੂਮੇਲ ਸਿੱਧੂ ਦੇ ਸਵਰਗਵਾਸ ਉਪਰੰਤ ਮੌਜੂਦਾ ਪੰਜਾਬੀ ਗੀਤਕਾਰੀ ਦੇ ਸਿਰਮੌਰ ਹਸਤਾਖਰ ਹਰਜਿੰਦਰ ਕੰਗ ਵਲੋਂ ਇੰਡੋ-ਅਮੈਰੀਕਨ ਹੈਰੀਟੇਜ ਫੋਰਮ, ਅਮਰੀਕਾ ਅਤੇ ਸਿੱਧੂ ਪਰਿਵਾਰ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸੰਸਕਰਨ ਵਿਚ ਡਾ. ਗੁਰੂਮੇਲ ਸਿੱਧੂ ਦੀਆਂ ਅੰਗਰੇਜ਼ੀ ਭਾਸ਼ਾ ਵਿਚ ਛਪੀਆਂ ਕਿਤਾਬਾਂ ਵਿਚੋਂ ਦੋ ਲੇਖ 'ਕਾਮਾਗਾਟਾ ਮਾਰੂ ਅਤੇ ਗ਼ਦਰ ਲਹਿਰ ਵਿਚ ਇਸ ਦੀ ਭੂਮਿਕਾ' ਅਤੇ 'ਜੇ.ਜੇ. ਸਿੰਘ ਅਮਰੀਕਰਨ ਨਾਗਰਿਕਤਾ ਦਾ ਨਿਰਮਾਣਕਾਰ' ਸੁਖਜਿੰਦਰ ਫ਼ਿਰੋਜ਼ਪੁਰ ਦੁਆਰਾ ਅਨੁਵਾਦ ਕਰਨ ਉਪਰੰਤ ਸ਼ਾਮਿਲ ਕੀਤੇ ਗਏ ਹਨ। ਗ਼ਦਰ ਲਹਿਰ ਦੀ ਸਥਾਪਨਾ, ਸੰਘਰਸ਼, ਪ੍ਰਾਪਤੀਆਂ ਦੇ ਇਤਿਹਾਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਭਾਗ ਪਹਿਲਾ ਗ਼ਦਰ ਲਹਿਰ ਦਾ ਹੋਂਦ ਵਿਚ ਆਉਣਾ, ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਅਮਰੀਕਾ, ਕੈਨੇਡਾ, ਯੂਰਪ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਗ਼ਦਰੀ ਯੋਧਿਆਂ ਦੁਆਰਾ ਇਕ-ਦੂਸਰੇ ਨਾਲ ਸੰਬੰਧ ਸਥਾਪਤ ਕਰਨੇ, ਗੁਪਤ ਰੂਪ ਵਿਚ ਪੈਸਾ, ਹਥਿਆਰ ਅਤੇ ਹੋਰ ਸਾਧਨ ਇਕੱਠੇ ਕਰਨੇ ਅਤੇ ਬਦਲਾ ਲੈਣ ਲਈ ਜੱਦੋ-ਜਹਿਦ ਕਰਨਾ ਸੀ। ਦੇਸ਼ਾਂ-ਵਿਦੇਸ਼ਾਂ ਵਿਚ ਇਹ ਸੰਘਰਸ਼ 1907 ਤੋਂ 1947 ਈਸਵੀ ਤੱਕ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਿਹਾ ਸੀ। ਗ਼ਦਰ ਲਹਿਰ 2 ਦੀਆਂ ਇਸ ਕਾਲ ਦੌਰਾਨ ਕੁਝ ਅਤਿ-ਮਹੱਤਵਪੂਰਨ ਪ੍ਰਾਪਤੀਆਂ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦੀ ਸਥਾਪਨਾ, 1913 ਈਸਵੀ ਦੌਰਾਨ ਗ਼ਦਰ ਪਾਰਟੀ ਦਾ ਸਾਨਫਰਾਂਸਿਸਕੋ ਵਿਖੇ ਦਫ਼ਤਰ 'ਯੁਗਾਂਤਰ ਆਸ਼ਰਮ' ਦੀ ਸਥਾਪਨਾ ਆਦਿ ਹੋਣਾ ਸੀ। ਗ਼ਦਰ ਲਹਿਰ ਦੀਆਂ ਗਤੀਵਿਧੀਆਂ ਦਾ ਦੂਸਰਾ ਪੱਖ ਹੈ ਭਾਵ ਅਨੇਕਾਂ ਗ਼ਦਰੀ ਯੋਧੇ ਕ੍ਰਾਂਤੀਕਾਰੀ ਕੰਮਾਂ ਵਿਚ ਭਾਗ ਲੈਣ ਲਈ ਵਿਦੇਸ਼ਾਂ ਖ਼ਾਸ ਕਰਕੇ ਅਮਰੀਕਾ ਗਏ, ਪਰੰਤੂ ਵਾਪਸ ਨਹੀਂ ਪਰਤੇ ਸਨ। ਉਨ੍ਹਾਂ ਵਿਦੇਸ਼ੀ ਗਏ ਲੋਕਾਂ ਵਿਚ ਅਨੇਕਾਂ ਪੰਜਾਬੀ ਸਿੱਖ ਵੀ ਸਨ ਜਿਨ੍ਹਾਂ ਨੇ ਕੈਲੇਫੋਰਨੀਆ ਸੂਬੇ ਵਿਚ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਸੀ। ਉਸ ਸਮੇਂ ਦੇ ਅਮਰੀਕੀ ਕਾਨੂੰਨ ਅਨੁਸਾਰ ਵਿਦੇਸ਼ੀਆਂ ਵਿਸ਼ੇਸ਼ ਕਰਕੇ ਦੱਖਣ ਏਸ਼ੀਆ ਦੇ ਲੋਕਾਂ ਨੂੰ ਅਮਰੀਕਾ ਵਿਚ ਜ਼ਮੀਨ ਖਰੀਦਣ ਅਤੇ ਹੋਰ ਮੁਢਲੇ ਅਧਿਕਾਰ ਵੀ ਪ੍ਰਾਪਤ ਨਹੀਂ ਸਨ। ਅਮਰੀਕਾ ਵਿਚ ਉਸ ਸਮੇਂ ਪੰਜਾਬਆਂ ਖ਼ਾਸ ਕਰਕੇ ਸਿੱਖਾਂ ਨੇ ਜ਼ਮੀਨਾਂ ਨੂੰ ਠੇਕੇ 'ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਸਮੇਂ ਦੌਰਾਨ ਜ਼ਮੀਨਾਂ, ਜਾਇਦਾਦਾਂ, ਆਪਣੇ ਹੱਕਾਂ, ਮੁਢਲੇ ਅਧਿਕਾਰਾਂ, ਸਿੱਖਿਆ ਅਤੇ ਨਾਗਰਿਕਤਾ ਆਦਿ ਦੇ ਅਧਿਕਾਰ ਪ੍ਰਾਪਤ ਕਰਨ ਲਈ ਮੁਢਲੇ ਸੰਘਰਸ਼ ਦੀ ਸ਼ੁਰੂਆਤ ਭਗਤ ਸਿੰਘ ਥਿੰਦ ਨੇ ਕੀਤੀ ਸੀ। ਭਗਤ ਸਿੰਘ ਕੰਬੋਅ ਜਾਤੀ ਦੇ ਥਿੰਦ ਗੋਤ ਨਾਲ ਸੰਬੰਧਿਤ ਸੀ। ਉਸ ਦੇ ਦਾਦੇ-ਪੜਦਾਦੇ ਗੁਰੂ ਗੋਬਿੰਦ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਸੈਨਾਵਾਂ ਵਿਚ ਭਰਤੀ ਸਨ। ਭਗਤ ਸਿੰਘ ਦੇ ਪਿਤਾ ਸ. ਬੂਟਾ ਸਿੰਘ ਥਿੰਦ ਬਰਤਾਨਵੀ ਸਾਮਰਾਜ ਦੌਰਾਨ ਭਾਰਤੀਆਂ ਨਾਲ ਅੰਗਰੇਜ਼ ਅਫ਼ਸਰਾਂ ਦੀਆਂ ਬਦਸਲੂਕੀਆਂ ਵਿਰੁੱਧ ਆਵਾਜ਼ ਉਠਾਈ ਸੀ। ਸਮੁੰਦਰੀ ਰਸਤਿਆਂ ਰਾਹੀਂ ਅਮਰੀਕਾ ਵਿਚ ਪਹੁੰਚਣ ਤੋਂ ਬਾਅਦ ਭਗਤ ਸਿੰਘ ਨੇ ਪੰਜਾਬੀਆਂ, ਭਾਰਤੀਆਂ ਅਤੇ ਦੱਖਣੀ ਏਸ਼ੀਆਂ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ, ਜੇਲ੍ਹਾਂ ਕੱਟੀਆਂ, ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਪਰੰਤੂ ਅੰਤ ਵਿਚ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ। ਭਾਰਤੀ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ, ਗ਼ਦਰ ਪਾਰਟੀ, ਭਗਤ ਸਿੰਘ ਥਿੰਦ ਦੇ ਜੀਵਨ, ਅਧਿਆਤਮਿਕਤਾ, ਪਾਖਰ ਸਿੰਘ ਗਿੱਲ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਪਰਿਵਾਰਾਂ ਦੇ ਜੀਵਨ ਅਤੇ ਮੁਸ਼ਕਿਲਾਂ ਬਾਰੇ ਸਾਹਿਤਕ ਅਤੇ ਇਤਿਹਾਸਕ ਤੱਥਾਂ ਤੇ ਆਧਾਰਿਤ ਇਹ ਮਹੱਤਵਪੂਰਨ ਖੋਜ ਕਿਤਾਬ ਹੈ। ਇਹ ਕਿਤਾਬ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਵਿਦੇਸ਼ਾਂ ਵਿਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਬਾਰੇ ਪੰਜਾਬੀ ਭਾਸ਼ਾ ਵਿਚ ਪਾਠਕਾਂ ਦੇ ਪੜ੍ਹਨ ਲਈ ਅਤੇ ਗਿਆਨ ਵਿਚ ਵਾਧਾ ਕਰਨ ਦਾ ਮਹੱਤਵਪੂਰਨ ਇਤਿਹਾਸਕ ਸ੍ਰੋਤ ਸਾਬਤ ਹੋਵੇਗੀ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਜੇ ਬੰਦਾ 'ਬੰਦਾ' ਬਣ ਜਾਏ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਕੇ. ਪਬਲੀਕੇਸ਼ਨਜ਼, ਬੁਢਲਾਡਾ, ਮਾਨਸਾ
ਮੁੱਲ : 295 ਰੁਪਏ, ਸਫ਼ੇ : 122
ਸੰਪਰਕ : 94640-76257
ਬਹੁਵਿਧਾਵੀ ਲੇਖਕ ਬਿਕਰਮਜੀਤ ਨੂਰ ਦੇ ਹੁਣ ਤੱਕ 9 ਮਿੰਨੀ-ਸੰਗ੍ਰਹਿ, 4 ਕਾਵਿ-ਸੰਗ੍ਰਹਿ 4 ਨਾਵਲ ਅਤੇ ਇਕ ਜੀਵਨੀ, ਇਕ ਬਾਲ ਸਾਹਿਤ ਅਤੇ ਸਵੈ-ਜੀਵਨੀ ਆਦਿ ਪ੍ਰਕਾਸ਼ਿਤ ਹੋ ਚੁੱਕੇ ਹਨ। ਲੇਖਕ ਦੇ ਪਹਿਲੇ ਲੇਖ ਸੰਗ੍ਰਹਿ 'ਜੇ ਬੰਦਾ 'ਬੰਦਾ' ਬਣ ਜਾਏ' ਵਿਚ ਤਿੰਨ ਦਰਜਨ ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਲੇਖ ਮੁੱਖ ਤੌਰ 'ਤੇ ਆਤਮ ਕਥਾਤਮਿਕ ਹਨ। ਇਨ੍ਹਾਂ ਵਿਚ ਲੇਖਕ ਦਾ ਡੂੰਘਾ ਜੀਵਨ ਅਨੁਭਵ ਝਲਕਦਾ ਹੈ। ਲੇਖਕ ਦਾ ਇਹ ਅਨੁਭਵ ਸੰਸਾਰ ਉਸ ਦੇ ਬਚਪਨ, ਲੜਕਪਨ, ਸਕੂਲੀ ਜੀਵਨ, ਪ੍ਰੀਖਿਆਵਾਂ ਦਾ ਕੱਚ-ਸੱਚ, ਜਵਾਨੀ, ਬੁਢਾਪਾ, ਮਾਤਾ-ਪਿਤਾ, ਸਮਾਜ, ਵਹਿਮਾਂ-ਭਰਮਾਂ, ਸੰਚਾਰ ਕ੍ਰਾਂਤੀ, ਸਾਹਿਤਕਾਰੀ ਅਤੇ ਸਾਹਿਤ ਸਭਾਵਾਂ, ਅਧਿਆਪਕੀ ਕਿੱਤਾ, ਕਿਤਾਬੀ ਦੁਨੀਆ, ਗੁਰੂਆਂ-ਪੀਰਾਂ, ਵਿਦੇਸ਼ ਯਾਤਰਾ, ਜੀਵਨ ਦੀਆਂ ਗੁੱਝੀਆਂ ਰਮਜਾਂ, ਨਸ਼ਿਆਂ ਦੇ ਸ਼ਰੀਰਕ, ਆਰਥਿਕ ਅਤੇ ਸਮਾਜਿਕ ਪ੍ਰਭਾਵ ਆਦਿ ਵਿਸ਼ਿਆਂ ਤੱਕ ਫੈਲਿਆ ਹੋਇਆ ਹੈ। ਲੇਖਕ ਮਾਂ-ਬੋਲੀ ਪੰਜਾਬੀ ਬਾਰੇ ਵੀ ਬਹੁਤ ਗੰਭੀਰ ਹੈ। ਆਪਣੇ ਦੇਸ਼ ਪ੍ਰਤੀ ਵੀ ਚਿੰਤਤ ਹੈ, ਜਿਨ੍ਹਾਂ ਵਿਚ ਸਦਾਚਾਰਕ ਕਦਰਾਂ-ਕੀਮਤਾਂ, ਸੰਸਕ੍ਰਿਤੀ ਸੱਭਿਆਚਾਰ, ਅਜੋਕੇ ਸਮੇਂ ਦੀਆਂ ਚੁਣੌਤੀਆਂ ਅਤੇ ਜੀਵਨ ਸੰਘਰਸ਼ ਦੇ ਵੱਖੋ-ਵੱਖਰੇ ਪਹਿਲੂਆਂ ਦੇ ਦਰਸ਼ਨ ਹੁੰਦੇ ਹਨ। ਬੀਤੇ ਸਮੇਂ ਦੀ ਬਾਤ ਬਣਦੇ ਜਾ ਰਹੇ ਸਾਡੇ ਅਮੀਰ ਵਿਰਸੇ ਦੀ ਦਿਲ ਖਿਚਵੀਂ ਦਾਸਤਾਨ ਵੀ ਅੰਕਿਤ ਹੈ ਅਤੇ ਇਸ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੱਤਾ ਗਿਆ ਹੈ। ਹਥਲੇ-ਸੰਗ੍ਰਹਿ ਦਾ ਹਰੇਕ ਲੇਖ ਪੜ੍ਹਣ, ਮਾਣਨ ਅਤੇ ਸਾਂਭਣ ਯੋਗ ਹੈ। ਫਿਰ ਵੀ ਉਨ੍ਹਾਂ ਸਾਹਿਤਕ ਸਮਾਗਮ ਕਰਾਇਆ, ਸ਼ਰਾਬ ਆਪੋ-ਆਪਣਾ ਦ੍ਰਿਸ਼ਟੀਕੋਣ, ਸੈਣਤਾ ਹਨ ਜਾਣਕਾਰਾਂ ਵਾਸਤੇ, ਆਓ ਦਾਗ਼ਿਸਤਾਨੀ ਬਣੀਏ, ਜੇ ਬੰਦਾ 'ਬੰਦਾ' ਬਣ ਜਾਏ, ਘੁੰਡ ਚਕਾਈ ਦਾ ਪੰਗਾ, ਬੁਢਾਪੇ ਦਾ ਅਨੰਦ ਅਤੇ ਦੁੱਕੀਆਂ, ਪੰਜੀਆਂ ਦਸੀਆਂ, ਪਵਿੱਤਰ-ਪਾਪੀ ਦਾ ਕਿਰਦਾਰ ਨਾਥ, ਚਾਚੇ ਦੀਆਂ ਗੱਲਾਂ ਆਦਿ ਲੇਖ ਵਾਰ-ਵਾਰ ਪੜ੍ਹਣ ਨੂੰ ਚਿੱਤ ਕਰਦਾ ਹੈ। ਹਰੇਕ ਲੇਖ ਨੂੰ ਪੜ੍ਹਦਿਆਂ ਉਸ ਵਿਚ ਪਾਠਕ ਵੀ ਆਪਣਾ ਭੂਤ-ਵਰਤਮਾਨ ਅਤੇ ਭਵਿੱਖ ਦੇਖਣ ਲਗਦਾ ਹੈ। ਉਸ ਨੂੰ ਡੰਘੀਆਂ ਪਰਿਵਾਰਕ, ਸਮਾਜਿਕ ਅਤੇ ਕੁਦਰਤ ਦੀਆਂ ਰਮਜਾਂ ਦਾ ਗਿਆਨ ਹੋਣ ਲਗਦਾ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਇਤਿਹਾਸਕ, ਮਿਥਿਆਸਕ, ਵਿਗਿਆਨਕ, ਸਾਹਿਤਕ, ਸੱਭਿਆਚਾਰਕ ਅਖਾੜੇ ਅਤੇ ਦ੍ਰਿਸ਼ਟਾਂਤ ਸੰਜੋ ਕੇ ਦਿਲਚਸਪ ਅਤੇ ਗਿਆਨਵਰਧਕ ਬਣਾਇਆ ਹੈ। ਬੇਸ਼ੱਕ ਭਾਸ਼ਾ ਸਰਲ, ਸਹਿਜ ਤੇ ਮੁਹਾਵਰੇਦਾਰ ਹੈ। ਪੁਆਧ ਦੀ ਪਛਾਣ ਦਾ ਜ਼ਿਕਰ ਵੀ ਲਾਹੇਵੰਦ ਹੈ। ਛੋਟੇ ਆਕਾਰ ਦੇ ਇਨ੍ਹਾਂ ਲੇਖਾਂ ਵਿਚ ਕਈ ਲੇਖਕਾਂ, ਕਵੀਆਂ ਅਤੇ ਚਿੰਤਕਾਂ ਦੇ ਹਵਾਲੇ ਦੇ ਕੇ ਆਪਣੇ ਕਥਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ। ਇਹ ਲੇਖ ਹਰ ਉਮਰ ਦੇ ਪਾਠਕ ਦੇ ਪੜ੍ਹਣਯੋਗ ਹਨ ਅਤੇ ਰਾਹ ਦਸੇਰੇ ਦਾ ਰੁਤਬਾ ਵੀ ਹਾਸਿਲ ਕਰਦੇ ਹਨ। ਪੁਸਤਕ ਪੜ੍ਹਦਿਆਂ ਪਾਠਕ ਇਕ ਵੱਖਰੇ ਹੀ ਸੰਸਾਰ ਵਿਚ ਵਿਚਰਣ ਲਗਦਾ ਹੈ। ਇਹ ਕਿਤਾਬ ਪੜ੍ਹਣ ਮਗਰੋਂ ਪਾਠਕ ਲੇਖਕ ਦੀਆਂ ਹੋਰ ਪੁਸਤਕਾਂ ਪੜ੍ਹਣ ਲਈ ਪ੍ਰੇਰਿਤ ਕਰਦਾ ਹੈ। ਜਿਗਿਆਸਾ ਪੈਦਾ ਕਰਦਾ ਹੈ। ਦ੍ਰਿਸ਼ਟਾਂਤ ਅਤੇ ਚਰਿੱਤਰ ਦੀ ਉਸਾਰੀ ਪਾਠਕ ਨੂੰ ਕੀਲ੍ਹ ਲੈਂਦੀ ਹੈ। ਲੇਖਕ ਇਸ ਪਲੇਠੇ ਉੱਦਮ ਲਈ ਵਧਾਈ ਦਾ ਪਾਤਰ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਗੁਨਾਹਗਾਰ ਕੌਣ
ਲੇਖਕ : ਡਾ. ਇਕਬਾਲ ਸਿੰਘ ਸਕਰੌਦੀ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 177
ਸੰਪਰਕ : 84276-85020
ਡਾ. ਇਕਬਾਲ ਸਿੰਘ ਸਕਰੌਦੀ ਆਲੋਚਨਾ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਹਥਲੀ ਪੁਸਤਕ ਗੁਨਾਹਗਾਰ ਕੌਣ ਉਸ ਦੀ ਪਲੇਠੀ ਗਲਪ ਪੁਸਤਕ ਹੈ, ਜੋ 24 ਕਹਾਣੀਆਂ 'ਤੇ ਆਧਾਰਿਤ ਹੈ। ਇਸ ਪੁਸਤਕ ਦੀ ਸ਼ੁਰੂਆਤ ਵਿਚ ਮੁੱਖ ਸ਼ਬਦ ਸਾਹਿਤ ਰਤਨ ਡਾ. ਤੇਜਵੰਤ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਕ ਆਲੋਚਨਾ ਲੇਖ ਵਿਚ ਡਾ. ਜਸਵੀਰ ਰਾਣਾ ਨੇ ਕਹਾਣੀਕਾਰ ਸਕਰੌਦੀ ਦੀ ਕਥਾ ਚੇਤਨਾ ਬਾਰੇ ਗੱਲ ਕੀਤੀ ਹੈ। ਉਹ ਕਹਾਣੀਕਾਰ ਬਾਰੇ ਲਿਖਦਾ ਹੈ ਡਾ. ਇਕਬਾਲ ਸਿੰਘ ਮੂਲ ਰੂਪ ਵਿਚ ਪਿੰਡ ਦਾ ਬੰਦਾ ਹੈ। ਆਪਣੇ ਨਾਂਅ ਦੇ ਪਿੱਛੇ ਸਕਰੌਦੀ ਲਾ ਕੇ ਉਹ ਪਿੰਡ ਦੇ ਨਾਂਅ ਨਾਲ ਆਪਣੇ-ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਆਤਮ-ਸ਼ਨਾਖ਼ਤ ਦਾ ਇਹ ਕਥਾ-ਪ੍ਰਵਚਨ ਉਸ ਦੀਆਂ ਕਹਾਣੀਆਂ ਵਿਚ ਇਕ ਐਸੇ ਪਿੰਡ ਦੀ ਸਥਾਪਨਾ ਕਰਦਾ ਹੈ, ਜਿਸ ਵਿਚ ਬੰਦਾ ਬੰਦੇ ਨੂੰ ਮਿਲ ਕੇ ਖ਼ੁਦ ਨੂੰ ਮਿਲ ਲੈਣ ਵਰਗਾ ਅਹਿਸਾਸ ਹੰਢਾਉਂਦਾ ਹੈ। ਡਾ. ਇਕਬਾਲ ਇਕ ਅਧਿਆਪਕ ਤੋਂ ਪ੍ਰਿੰਸੀਪਲ ਤੱਕ ਦੇ ਅਹੁਦੇ ਤੱਕ ਪਹੁੰਚੇ ਸਿੱਖਿਆ ਸ਼ਾਸਤਰੀ ਦਾ ਨਾਂਅ ਹੀ ਨਹੀਂ, ਸਗੋਂ ਸਹੀ ਅਰਥਾਂ ਵਿਚ ਉਹ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਇਨਸਾਨ ਹੈ। ਇਹ ਸੱਚ ਹੈ। ਕਹਾਣੀਕਾਰ ਸਕਰੌਦੀ ਦਾ ਕਥਾ ਜਗਤ ਮਾਨਵਵਾਦੀ ਆਦਰਸ਼ ਸਮਾਜ ਦੇ ਹੱਕ ਵਿਚ ਹਾਮੀ ਭਰਦਾ ਹੈ ਤੇ ਆਪਣੀਆਂ ਕਹਾਣੀਆਂ ਰਾਹੀਂ ਪਾਠਕ ਨੂੰ ਇਸ ਆਦਰਸ਼ ਸਮਾਜ ਨੂੰ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੰਦਾ ਹੈ। ਇਨ੍ਹਾਂ ਕਹਾਣੀਆਂ ਨੂੰ ਜੇ ਵਿਸ਼ਿਆਂ ਦੇ ਆਧਾਰ 'ਤੇ ਵੰਡਿਆ ਜਾਵੇ ਤਾਂ ਪਹਿਲਾ ਵਰਗ ਸੱਚੀ ਦੋਸਤੀ ਨਾਲ ਸੰਬੰਧਿਤ ਕਹਾਣੀਆਂ ਹੋਣਗੀਆਂ ਜਿਸ ਵਿਚ ਦੋਸਤੀ ਦਾ ਨਿੱਘ, ਸ਼ੁਕਰਾਨਾ ਅਤੇ ਅੱਖਾਂ ਵਿਚੋਂ ਕਿਰਦੇ ਹੰਝੂ ਕਹਾਣੀਆਂ ਨੂੰ ਰੱਖਿਆ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਸੱਚੀ ਦੋਸਤੀ ਨੂੰ ਅਮੀਰੀ-ਗ਼ਰੀਬੀ ਤੋਂ ਨਾ ਪ੍ਰਭਾਵਿਤ ਹੋਣ ਵਾਲਾ ਅਹਿਸਾਸ ਮੰਨਿਆ ਹੈ। ਦੂਜੇ ਵਰਗ ਵਿਚ ਉਹ ਕਹਾਣੀਆਂ ਵਰਗਿਤ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਵਿਸ਼ੇ ਪਰਿਵਾਰਕ ਜਾਂ ਸਮਾਜਿਕ ਹਨ ਅਤੇ ਜੋ ਪਾਠਕ ਨੂੰ ਅਸਲੀ ਆਦਰਸ਼ਵਾਦੀ ਸਮਾਜ ਦੇ ਦਰਸ਼ਨ ਕਰਵਾਉਂਦੀਆਂ ਹਨ। ਚਿੱਠੀਆਂ ਦਾ ਮੋਹ, ਮੋਹ ਦੇ ਰਿਸ਼ਤੇ, ਨਾਨਕਿਆਂ ਦਾ ਮੋਹ, ਫੇਰ ਹੁਣ, ਫੌਜੀ ਦੀ ਧੀ, ਨਵੀਆਂ ਪਿਰਤਾਂ, ਅਸ਼ੀਰਵਾਦ, ਸੱਚੀ ਖ਼ੁਸ਼ੀ, ਪ੍ਰਾਸ਼ਚਿੱਤ, ਵਫ਼ਾਦਾਰੀ ਅਤੇ ਧੀ ਦੇ ਬੋਲ ਅਜਿਹੀਆਂ ਹੀ ਕਹਾਣੀਆਂ ਹਨ। ਤੀਜੀ ਵਰਗ ਵੰਡ ਅਧਿਆਪਕ ਵਰਗ ਅਤੇ ਵਿੱਦਿਅਕ ਪ੍ਰਣਾਲੀ ਨਾਲ ਸੰਬੰਧਿਤ ਕਹਾਣੀਆਂ ਹਨ, ਜਿਨ੍ਹਾਂ ਵਿਚਲੀਆਂ ਕਥਾਵਾਂ ਇਸ ਵਿੱਦਿਅਕ ਢਾਂਚੇ ਨੂੰ ਦਰੁੱਸਤ ਕਰਨ ਵੱਲ ਪ੍ਰੇਰਿਤ ਕਰਦੀਆਂ ਹਨ। ਕਾਮਨ ਰੂਮ, ਗੁਨਾਹਗਾਰ ਕੌਣ, ਰੱਬ ਦਾ ਸ਼ੁਕਰਾਨਾ, ਅਸਲੀ ਖ਼ੁਸ਼ੀ ਅਤੇ ਕਿਆਮਤ ਦਾ ਹੁਸਨ ਇਸ ਵਰਗ ਅੰਦਰ ਆਉਂਦੀਆਂ ਕਹਾਣੀਆਂ ਹਨ। ਅੰਤ ਵਿਚ ਪੰਜ ਮਿੰਨੀ ਕਹਾਣੀਆਂ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਥਾ ਜਗਤ ਦੇ ਪਾਤਰ ਵੀ ਆਦਰਸ਼ ਚਰਿੱਤਰਾਂ ਦੀ ਹਾਮੀ ਭਰਦੇ ਹਨ। ਪੁਸਤਕ ਦੀ ਭਾਸ਼ਾ ਸਰਲ ਹੈ ਅਤੇ ਲਿਖਣ ਸ਼ੈਲੀ ਬਿਆਨੀ ਹੈ। ਆਸ ਹੈ ਇਨ੍ਹਾਂ ਕਹਾਣੀਆਂ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਨਾਰੀ-ਪਰਵਾਜ਼
ਲੇਖਿਕਾ : ਡਾ. ਰਾਜਵੰਤ ਕੌਰ ਪੰਜਾਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 85678-86223
ਕਰੜੀ ਮਿਹਨਤ, ਲਗਨਤਾ ਤੇ ਸਿਰਜਤਾ ਨਾਲ ਪੰਜਾਬੀ ਲੋਕ-ਯਾਨ ਲਈ ਨਿਸ਼ਠਾਵਾਨ ਡਾ. ਰਾਜਵੰਤ ਕੌਰ ਪੰਜਾਬੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ 'ਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾਵਾਂ ਨਿਭਾਅ ਰਹੀ ਹੈ। ਉਸ ਨੇ ਮੌਲਿਕ, ਸਾਂਝੇ ਸੰਗ੍ਰਹਿ, ਅਨੁਵਾਦਤ/ਲਿਪੀਅੰਤ੍ਰਿਤ ਸੰਗ੍ਰਹਿ ਤੇ ਸੰਪਾਦਿਕ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਵਿਚ ਯੋਗਦਾਨ ਪਾਇਆ ਹੈ। ਨਾਰੀ ਚੇਤਨਾ ਜਗਾਉਣ ਲਈ ਉਸ ਦੀ ਖੋਜ ਪੁਸਤਕ 'ਨਾਰੀ ਪਰਵਾਜ਼' ਇਕ ਨਿਵੇਕਲੀ ਪਹਿਲ-ਕਦਮੀ ਹੈ, ਜਿਸ ਵਿਚ ਪੰਜਾਬ, ਭਾਰਤ ਅਤੇ ਜਗਤ ਪ੍ਰਸਿੱਧ 28 ਨਾਮਵਰ ਔਰਤ ਸ਼ਖ਼ਸੀਅਤਾਂ ਬਾਰੇ ਭਰਪੂਰ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਨ੍ਹਾਂ ਸ਼ਖ਼ਸੀਅਤਾਂ ਨੇ ਆਪਣੇ-ਆਪਣੇ ਸਮਿਆਂ ਵਿਚ ਇਸਤਰੀ-ਜਾਤੀ ਦਾ ਗੌਰਵ ਅਤੇ ਰੁਤਬਾ ਬੁਲੰਦ ਕਰਨ ਲਈ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਹਰ ਸ਼ਖ਼ਸੀਅਤ ਬਾਰੇ ਲੇਖਿਕਾ ਨੇ ਵੱਧ ਤੋਂ ਵੱਧ ਸਟੀਕ ਜਾਣਕਾਰੀ ਗ੍ਰੰਥਾਂ, ਪੁਸਤਕਾਂ, ਰਿਸਾਲਿਆਂ ਅਤੇ ਅਖ਼ਬਾਰਾਂ 'ਚੋਂ ਉਪਲਬੱਧ ਕੀਤੀ ਹੈ। ਲੇਖਾਂ ਦੀ ਤਰਤੀਬ ਜਨਮ-ਮਿਤੀ ਤੇ ਆਧਾਰਿਤ ਹੈ ਅਤੇ ਹਰ ਸ਼ਖ਼ਸੀਅਤ ਦੀ ਤਸਵੀਰ ਅੰਕਿਤ ਕੀਤੀ ਗਈ ਹੈ। ਲੋੜ ਅਨੁਸਾਰ ਜਾਣਕਾਰੀ ਦੇ ਪ੍ਰਸੰਗ ਵੀ ਦਿੱਤੇ ਗਏ ਹਨ। ਹਰ ਵਰਗ ਦੇ ਖੇਤਰ 'ਚੋਂ ਚੋਣ ਕੀਤੀ ਗਈ ਹੈ। ਬਹੁ-ਵੰਨਗੀ ਪੜ੍ਹਨ ਨੂੰ ਮਿਲਦੀ ਤੇ ਰੌਚਿਕਤਾ ਬਣੀ ਰਹਿੰਦੀ ਹੈ। ਸਮੁੱਚੀ ਨਾਰੀ ਜਗਤ ਦਾ ਉਜਵਲ ਇਤਿਹਾਸ ਸਿਰਜਣ ਵਿਚ ਇਨ੍ਹਾਂ 28 ਸ਼ਖ਼ਸੀਅਤਾਂ ਨੇ ਚਮਤਕਾਰੀ ਤੇ ਯਾਦਗਾਰੀ ਭੂਮਿਕਾ ਨਿਭਾਈ ਹੈ। ਪ੍ਰਾਰੰਭ ਰਾਬੀਆ ਜੋ ਸ਼ਹਿਰ ਬਸਰਾ ਦੀ ਪਹਿਲੀ ਸੂਫ਼ੀ ਸ਼ਾਇਰਾ ਬਣੀ ਤੇ ਖ਼ੁਦਾ ਦੀ ਸੱਚੀ ਪੈਰੋਕਾਰ ਬਣੀ। ਰਜ਼ੀਆ ਸੁਲਤਾਨ ਮੁਸਲਮਾਨ ਬਾਦਸ਼ਾਹ ਇਲਤੁਤਮਸ ਦੀ ਬੇਟੀ ਪਹਿਲੀ ਸੁਲਤਾਨ ਮਹਿਲਾ ਬਣੀ। ਦੌਲਤਾਂ ਦਾਈ, ਜਗਤ ਗੁਰੂ ਨਾਨਕ ਦੇ ਪ੍ਰਥਮ ਦਰਸ਼ਨ ਕਰਕੇ ਭਾਗਾਂਵਾਲੀ ਬਣੀ। ਬੇਬੇ ਨਾਨਕੀ ਆਪਣੇ ਵੀਰ ਨਾਨਕ ਦੇ ਰੱਬੀ ਨੂਰ ਨੂੰ ਪਛਾਨਣ ਵਾਲੀ ਆਤਮਾ ਸੀ, ਰਬਾਬ ਭੇਟਾ ਕੀਤੀ ਅਤੇ ਜਸ ਖੱਟਿਆ। ਮੀਰਾਬਾਈ ਦਾ ਗਾਇਨ ਜੋ ਭਗਤੀ ਅਤੇ ਕਵਿਤਾ ਦਾ ਸੁਮੇਲ ਸੀ। ਜੀਜਾ ਬਾਈ ਇਕ ਆਦਰਸ਼ਕ ਮਾਂ ਸੀ, ਜਿਸ ਨੇ ਆਪਣੇ ਪੁੱਤਰ ਛਤਰਪਤੀ ਸ਼ਿਵਾਜੀ ਨੂੰ ਸਿੱਖਿਅਤ ਕਰਕੇ ਇਕ ਨਿਰਭੈ ਜੋਧਾ ਤੇ ਸਫਲ ਸਾਸ਼ਕ ਬਣਾਇਆ। ਮਾਤਾ ਯਸੀ ਜਿਸ ਪਤੀ ਪਿਆਰ ਦੀ ਮਿਸਾਲ ਪੈਦਾ ਕੀਤੀ। ਪਿੰਡ ਚੌਂਕੀ (ਮਹਾਰਾਸ਼ਟਰ) ਦੀ ਜੰਮਪਲ ਅਹਿੱਲਿਆ ਬਾਈ ਹੋਲਕਰ ਨੇ ਇੰਦੌਰ ਦੀ ਸ਼ਾਸਕ ਬਣ ਕੇ ਨਾਮਣਾ ਖੱਟਿਆ। ਸਵਰਨਕਾਰ ਭਾਈਚਾਰੇ ਦਾ ਮਾਣ ਮਾਤਾ ਕਿਸ਼ਨ ਕੌਰ ਜੈਤੋ ਮੋਰਚੇ ਦੀ ਮੋਹਰੀ ਨਾਇਕਾ ਸੀ। ਮਹਾਰਾਸ਼ਟਰ ਦੇ ਬੁੱਧੀਮਾਨ ਪਰਿਵਾਰ ਦੀ ਪੰਡਿਤਾ ਰਾਮਾਬਾਈ ਮੁਕਤੀ ਮਿਸ਼ਨ ਦੀ ਸੰਸਥਾਪਕ ਮੋਢੀ ਮਹਿਲਾ ਲੀਡਰਾਂ ਵਿਚੋਂ ਇਕ ਸੀ। ਸੁਭੱਦਰਾ ਕੁਮਾਰੀ ਚੌਹਾਨ ਹਿੰਦੀ ਦੀ ਸੁਪ੍ਰਸਿੱਧ ਸੰਵੇਦਨਸ਼ੀਲ ਕਵਿਤ੍ਰੀ/ਲੇਖਿਕਾ ਸੀ, ਮਹਾਦੇਵੀ ਵਰਮਾ ਦਾ ਨਾਂਅ ਹਿੰਦੀ ਦੇ ਪ੍ਰਸਿੱਧ/ਸ੍ਰੇਸ਼ਠ ਕਵਿੱਤਰੀਆਂ ਵਿਚ ਸ਼ੁਮਾਰ ਹੈ।
ਗਿਆਨ ਪੀਠ ਸਨਮਾਨ, ਪਦਮ ਭੂਸ਼ਨ, ਪਦਮ ਵਿਭੂਸ਼ਨ ਤੇ ਡੀ. ਲਿਟ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਆਸ਼ਾਪੂਰਨਾ ਦੇਵੀ ਨੂੰ ਸਰਸਵਤੀ ਸਟੈਨੋ ਕਰਕੇ ਯਾਦ ਕੀਤਾ ਜਾਂਦਾ ਹੈ, ਬਲਰਾਜ ਸਾਹਨੀ ਦੀ ਪਤਨੀ ਸੰਤੋਸ਼ ਸਾਹਨੀ ਸ਼੍ਰੋਮਣੀ ਬਾਲ ਸਾਹਿਤ ਲੇਖਿਕਾ, ਮਹਾ ਸ਼ਵੇਤਾ ਦੇਵੀ, ਉੱਘੀ ਲੇਖਿਕਾ ਜਿਸ ਨੂੰ ਮੈਗਾਸਾਸੇ ਐਵਾਰਡ ਮਿਲਿਆ। ਫ਼ਿਲਮੀ ਦੁਨੀਆ ਵਿਚ ਅਦਾਕਾਰਾ ਨਰਗਿਸ ਦੱਤ, ਗਣਿਤ ਵਿਸ਼ੇ ਦੀ ਮਹਾਂਰਥੀ ਸ਼ਕੁੰਤਲਾ ਦੇਵੀ ਨੇ ਅਲੋਕਾਰੀ ਯਾਦ ਸ਼ਕਤੀ ਲਈ, ਫਰੀਦਾ ਖ਼ਾਨੁਮ (ਗਾਇਕਾ), ਲੀਲਾ ਸੇਠ (ਮਹਿਲਾ ਮੁੱਖ ਜੱਜ), ਸੋਨਲ ਮਾਨ ਸਿੰਘ (ਸੰਗੀਤ ਅਤੇ ਨ੍ਰਿਤ ਖੇਤਰ), ਕਿਰਨ ਬੇਦੀ (ਪਹਿਲੀ ਇੰਸਪੈਕਟਰ ਜਨਰਲ ਪੁਲਿਸ ਵਿਭਾਗ), ਮਲਿਕਾ ਸਾਰਾਭਾਈ (ਭਾਰਤ ਨਾਟਯਮ), ਸਮਿਤਾ ਪਾਟਿਲ (ਫ਼ਿਲਮੀ ਦੁਨੀਆ) ਸ਼ਖ਼ਸੀਅਤਾਂ ਵਿਚ ਇੰਦਰਾ ਕ੍ਰਿਸ਼ਨਾਮੂਰਤੀ ਨੂਈ, ਅਰੁੰਧਤੀ ਰਾਏ, ਤਸਲੀਮਾ ਨਸਰੀਨ, ਟੈਸੀ ਥਾਮਸ ਅਤੇ ਕੈਥੀ ਜਾਰਵਿਜ਼ ਬਾਰੇ ਪੜ੍ਹਨਯੋਗ ਵੇਰਵੇ ਦਿੱਤੇ ਗਏ ਹਨ। ਇੰਜ ਇਹ ਪੁਸਤਕ ਨਾਰੀ ਪਰਵਾਜ਼ ਦਾ ਕੋਸ਼ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਸੰਵੇਦਨਾ
ਲੇਖਕ : ਗਿਆਨ ਸਿੰਘ 'ਦਰਦੀ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 89688-37829
ਗਿਆਨ ਸਿੰਘ ਦਰਦੀ ਦੇ ਗ਼ਜ਼ਲ-ਸੰਗ੍ਰਹਿ 'ਸੰਵੇਦਨਾ' ਨੂੰ ਮੰਥਨ ਕਰਦਿਆਂ ਸਹਿਜੇ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲਿਖਣਾ ਉਨ੍ਹਾਂ ਲਈ ਕੋਈ ਵਕਤ ਬਿਤਾਉਣ ਵਾਲੀ ਗੱਲ ਨਹੀਂ ਕਿਉਂਕਿ ਉਨ੍ਹਾਂ ਦੀ ਸਾਹਿਤਕ ਸਿਰਜਣਾ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਆਮ ਆਦਮੀ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦੀ ਹੈ। ਉਹ ਕਲਾ, ਕਲਾ ਲਈ ਨਹੀਂ ਬਲਕਿ ਕਲਾ ਲੋਕਾਂ ਲਈ ਦੇ ਸਿਧਾਂਤ ਨੂੰ ਸਮਰਪਿਤ ਹਨ ਅਤੇ ਨਿਰਪੱਖ ਹੋਣ ਦਾ ਪਰਪੰਚ ਰਚਣ ਨਾਲੋਂ ਉਹ ਪਾਲੇ ਦੇ ਇਕ ਪਾਸੇ ਖੜ੍ਹਨਾ ਪਸੰਦ ਕਰਦੇ ਹਨ:
ਮਾਰਦਾ ਅਵਾਮ ਦੇ ਹੈ ਹੱਕਾਂ
ਉੱਤੇ ਜਿਹੜਾ ਡਾਕਾ,
ਇਸ ਤਰ੍ਹਾਂ ਦਾ ਰਾਜ ਤੇ
ਕਾਨੂੰਨ ਨਹੀਂ ਪ੍ਰਵਾਨ ਮੈਨੂੰ।
ਗਿਆਨ ਸਿੰਘ ਦਰਦੀ ਗੁਰੂ ਨਾਨਕ ਸਾਹਿਬ ਦੇ ਨਾਂਅ ਜਪਣ ਦੇ ਨਾਲ-ਨਾਲ ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਫ਼ਲਸਫ਼ੇ ਦੇ ਧਾਰਨੀ ਹਨ। ਜੇਕਰ ਮਨੁੱਖ ਨਿੱਜ ਤੋਂ ਉੱਪਰ ਉੱਠ ਕੇ ਥੋੜ੍ਹਾ ਜਿਹਾ ਹੋਰਨਾਂ ਲਈ ਵੀ ਜਿਊਣਾ ਸ਼ੁਰੂ ਕਰ ਦੇਵੇ, ਤਾਂ ਸਾਨੂੰ ਝੂਠੇ-ਮੂਠੇ ਕਿਸੇ ਸਵਰਗ ਦੀ ਕਲਪਨਾ ਕਰਨ ਦੀ ਜ਼ਰੂਰਤ ਨਹੀਂ ਰਹੇਗੀ ਬਲਕਿ ਇਹ ਧਰਤੀ ਹੀ ਸਾਡੇ ਲਈ ਸਹੀ ਅਰਥਾਂ ਵਿਚ ਸਵਰਗ ਬਣ ਜਾਵੇਗੀ। ਥੋੜ੍ਹੇ ਜਿਹੇ ਸ਼ਬਦਾਂ ਵਿਚ ਵੱਡੀ ਗੱਲ ਕਹਿ ਜਾਣਾ ਵੀ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹਾਸਲ ਹੈ:
ਲੋੜ ਤੋਂ ਵੱਧ ਕੋਲ ਜਿਹੜਾ,
ਵੰਡ ਗ਼ਰੀਬਾਂ ਗੁਰਬਿਆਂ ਵਿਚ,
ਕੋਲ ਆਪਣੇ ਖਾਣ ਤੇ ਬਸ
ਪੀਣ ਜੋਗਾ ਮਾਲ ਰੱਖਣਾ।
ਫੁੱਲਾਂ ਨਾਲ ਪਿਆਰ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਪਰ ਗਿਆਨ ਸਿੰਘ ਦਰਦੀ ਇਕ ਅਜਿਹੇ ਬਾਕਮਾਲ ਗ਼ਜ਼ਲਕਾਰ ਹਨ, ਜੋ ਫੁੱਲਾਂ ਦੇ ਨਾਲ-ਨਾਲ ਕੰਡਿਆਂ ਨੂੰ ਵੀ ਓਨਾ ਹੀ ਪਿਆਰ ਕਰਦੇ ਹਨ। ਆਪਣਿਆਂ ਨਾਲ ਉਨ੍ਹਾਂ ਦੀ ਮੁਹੱਬਤ ਤਾਂ ਹੈ ਪਰ ਉਹ ਗ਼ੈਰਾਂ ਨੂੰ ਵੀ ਨਫ਼ਰਤ ਨਹੀਂ ਕਰਦੇ। ਉਨ੍ਹਾਂ ਦੀ ਗ਼ਜ਼ਲਕਾਰੀ ਲੋਕ-ਮਨਾਂ ਵਿਚੋਂ ਹਰ ਤਰ੍ਹਾਂ ਦੀ ਕੁੜੱਤਣ ਖ਼ਤਮ ਕਰਨ ਲਈ ਯਤਨਸ਼ੀਲ ਹੈ ਅਤੇ ਅਜੋਕੇ ਪਦਾਰਥਵਾਦੀ ਯੁੱਗ ਦੇ ਘੁੱਪ ਹਨੇਰੇ ਵਿਚ ਆਸ਼ਾ ਦੀ ਕਿਰਨ ਵਾਂਗ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਇਸ ਕਲਿਆਣਕਾਰੀ ਉਪਰਾਲੇ ਨੂੰ ਭਰਪੂਰ ਹੁੰਗਾਰਾ ਮਿਲਣਾ ਚਾਹੀਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਅਲੋਪ ਰੌਣਕਾਂ
ਲੇਖਕ : ਬੇਅੰਤ ਸਿੰਘ ਮਲੂਕਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 71
ਸੰਪਰਕ : 98720-89538
ਸ਼ਾਇਰ ਬੇਅੰਤ ਸਿੰਘ ਮਲੂਕਾ ਜਿਨ੍ਹਾਂ ਨੂੰ ਵਿੱਦਿਆ ਲਈ ਸਮਰਪਿਤ ਪਾਰਦਰਸ਼ੀ ਕਾਰਜਸ਼ੈਲੀ ਬਦਲੇ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਆਪਣੀ ਪਲੇਠੀ ਪੁਸਤਕ 'ਅਲੋਪ ਰੌਣਕਾਂ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਉਸ ਦੀ ਨਜ਼ਮ 'ਅਲੋਪ ਰੌਣਕਾਂ' ਤੋਂ ਸਾਡੇ ਹੱਥ ਆ ਜਾਂਦੀ ਹੈ, ਜਿਥੇ ਉਹ ਪੰਜਾਬੀ ਸੱਭਿਆਚਾਰ ਵਿਚ ਅਲੋਪ ਹੋ ਰਹੀਆਂ ਵਸਤਾਂ ਪ੍ਰਤੀ ਹੇਰਵਾ ਦਿਖਾਉਂਦਾ ਹੈ। ਉਸ ਨੂੰ ਮਧਾਣੀਆਂ, ਕੌਲੀਆਂ, ਪਿੱਪਲਾਂ ਦੀਆਂ ਛਾਵਾਂ, ਹੱਟੀਆਂ ਭੱਠੀਆਂ ਅਤੇ ਖੱਦਰ ਦੇ ਪੌਣੇ ਨਜ਼ਰ ਨਹੀਂ ਆਉਂਦੇ। ਪਦਾਰਥਕ ਚਕਾਚੌਂਧ ਵਿਚ ਅਜਿਹੀਆਂ ਵਿਰਾਸਤੀ ਨਿਸ਼ਾਨੀਆਂ ਦਾ ਖ਼ਤਮ ਹੋ ਜਾਣਾ ਸੁਭਾਵਿਕ ਹੀ ਹੈ ਕਿਉਂਕਿ ਸੱਭਿਆਚਾਰ ਵਿਚ ਕਦੇ ਖੜ੍ਹੋਤ ਨਹੀਂ ਆਉਂਦੀ ਅਤੇ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਸ਼ਾਇਰ ਧੀਆਂ ਦੀ ਕਿਲਕਾਰੀ ਸੁਣਨ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕੀਤੇ ਜਾਣ ਨੂੰ ਵੱਡਾ ਕਲੰਕ ਸਮਝਦਾ ਹੈ। ਬਾਬੇ ਨਾਨਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ 'ਸੋ ਕਿ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।' ਇਸ ਕਾਵਿ ਕਿਤਾਬ ਵਿਚ ਸ਼ਾਇਰ ਵਲੋਂ ਮਮਤਾ ਦੀ ਮੂਰਤ ਮਾਂ ਬਾਰੇ ਜੋ ਨਜ਼ਮ ਲਿਖੀ ਹੈ, ਉਹ ਵਾਕਿਆ ਹੀ ਸਲਾਹੁਣਯੋਗ ਹੈ। ਪੰਜਾਬੀ ਵਿਚ ਪ੍ਰੋ. ਮੋਹਣ ਸਿੰਘ, ਉਰਦੂ ਵਿਚ ਮੁਨੱਵਰ ਰਾਣਾ ਅਤੇ ਅੰਗਰੇਜ਼ੀ ਵਿਚ ਖਲੀਲ ਜਿਬਰਾਨ ਨੇ ਕਿਹਾ ਹੈ ਕਿ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਵਿਚ ਜੇ ਕੋਈ ਸੁੱਚਮਤਾ ਵਾਲਾ ਸ਼ਬਦ ਹੈ ਤਾਂ ਉਹ ਸ਼ਬਦ ਹੈ 'ਮਾਂ'। ਕੁਰਾਨ ਮਜੀਦ ਵਿਚ ਲਿਖਿਆ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੁੰਦੀ ਹੈ, ਸ਼ਾਇਰ ਆਖਦਾ ਹੈ ਕਿ ਜੀਵਨ ਵਿਚ ਤਰੰਗਤੀ ਮੁਹੱਬਤ ਦੇ ਬਹੁਤ ਸਾਰੇ ਅਵਸਰ ਮਿਲਦੇ ਹਨ ਪਰ ਜੋ ਸਕੂਨ ਤੁਹਾਨੂੰ ਆਪਣੇ ਹਮਸਫ਼ਰ ਤੋਂ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲ ਸਕਦਾ। ਧੰਨੇ ਭਗਤ ਨੇ ਵੀ ਮੋਹਰ ਲਗਾ ਦਿੱਤੀ ਹੈ ਕਿ ''ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ।'' ਇਸ ਪਦਾਰਥਵਾਦੀ ਯੁੱਗ ਵਿਚ ਭਾਵੇਂ ਰਿਸ਼ਤਿਆਂ ਦਾ ਗ੍ਰਾਫ਼ ਹੇਠਾਂ ਜਾ ਰਿਹਾ ਹੈ, ਪਰ ਜੋ ਰਿਸ਼ਤਾ ਭੈਣ ਭਰਾ ਦਾ ਹੈ, ਉਹ ਤਾਂ ਪੂਜਣ ਯੋਗ ਹੈ। ਮਜ਼ਦੂਰ ਜਿਸ ਢੰਗ ਨਾਲ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਕੇ ਜ਼ਿੰਦਗੀ ਗੁਜ਼ਰ ਬਸਰ ਕਰ ਰਿਹਾ ਉਸ ਦੇ ਬੁਲੰਦ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ, ਸ਼ਾਇਰ ਰੁੱਖਾਂ ਨੂੰ ਵੀ ਅਧਿਆਪਕ ਮੰਨਦਾ ਹੈ ਤੇ ਉਨ੍ਹਾਂ ਤੋਂ 'ਜੀਰਾਂਦ' ਸਿਰਜਣ ਦੀ ਸਲਾਹ ਦਿੰਦਾ ਹੈ। ਜ਼ਿੰਦਗੀ ਦਾ ਫਲਸਫ਼ਾ ਸਮਝਣ ਲਈ ਉਸ ਦੀ ਨਜ਼ਮ 'ਜ਼ਿੰਦਗੀ' ਰਾਹ ਦਸੇਰਾ ਬਣਦੀ ਹੈ। ਹੋਰ ਵਿਭਿੰਨ ਸਰੋਕਰਾਂ ਨਾਲ ਵੀ ਸ਼ਾਇਰ ਨੇ ਕਾਵਿਕ ਦਸਤਪੰਜਾ ਲਿਆ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਉਹ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਕਿ ਭਵਿੱਖ ਵਿਚੋਂ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਅਸਾਡੇ ਸਨਮੁੱਖ ਕਰਾ ਸਕੇ। ਸ਼ਾਇਰ ਦੀ ਪਲੇਠੀ ਕਾਵਿ-ਕਿਰਤ ਨੂੰ ਹੌਸਲਾ ਅਫ਼ਜ਼ਾਈ ਥਾਪੜਾ ਦੇਣਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਉਲਝੇ ਤਾਣੇ-ਬਾਣੇ
ਲੇਖਕ : ਵਰਿੰਦਰ ਟੱਲੇਵਾਲੀਆ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 94179-23777
ਪੁਸਤਕ ਦੇ ਦੋ ਭਾਗ ਹਨ। ਪਹਿਲਾ ਭਾਗ 34 ਕਹਾਣੀਆਂ, ਕਹਾਣੀਆਂ ਨੁਮਾ ਰਚਨਾਵਾਂ ਦਾ ਹੈ। ਦੂਸਰੇ ਭਾਗ ਵਿਚ 32 ਕਾਵਿ ਰਚਨਾਵਾਂ ਹਨ। ਲੇਖਕ ਨੇ ਦਿਲ ਦੀ ਗੱਲ ਤਹਿਤ ਲਿਖਿਆ ਹੈ ਕਿ ਇਹ ਕਹਾਣੀਆਂ ਹੱਡਬੀਤੀਆਂ ਜਾਂ ਅੱਖੀਂ ਵੇਖੀਆਂ ਘਟਨਾਵਾਂ 'ਤੇ ਆਧਾਰਿਤ ਹਨ। ਪ੍ਰਸਿੱਧ ਲੇਖਕ ਅਜਾਇਬ ਟੱਲੇਵਾਲੀਆ ਨੇ ਲੇਖਕ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ ਹੈ। ਤਤਕਰੇ ਤੋਂ ਪਹਿਲਾਂ ਲੇਖਕ ਨੇ ਆਪਣੇ ਬਚਪਨ, ਪਿੰਡਾਂ ਨਾਲ ਸਾਂਝ, ਸਿੱਖਿਆ, ਪੰਜਾਬੀ ਭਾਸ਼ਾ ਨਾਲ ਪਿਆਰ, ਨੌਕਰੀ, ਪੁਸਤਕ ਛਪਵਾਉਣ ਲਈ ਮਿਲੀ ਪ੍ਰੇਰਨਾ ਆਦਿ ਦਾ ਜ਼ਿਕਰ ਕੀਤਾ ਹੈ। ਆਪਣੇ ਪਿੰਡ ਟੱਲੇਵਾਲ ਬਾਰੇ ਭਰਵੀਂ ਜਾਣਕਾਰੀ 8 ਪੰਨਿਆਂ (17-24) 'ਤੇ ਲਿਖੀ ਹੈ। ਪਿੰਡ ਟੱਲੇਵਾਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਪਿੰਡ ਨਾਲ ਪਿਆਰ, ਪਿੰਡ ਦਾ ਵਿਕਾਸ, ਪ੍ਰਮੁੱਖ ਅਦਾਰੇ, ਪਿੰਡ ਦੀ ਮੁਹੱਬਤ, ਦਾਦਾ ਜੀ ਨਾਲ ਪਿਆਰ, ਪਰਿਵਾਰ, ਬਚਪਨ ਦੀਆਂ ਦਿਲਚਸਪ ਯਾਦਾਂ ਤੇ ਹੋਰ ਬਹੁਤ ਕੁਝ ਹੈ। ਦੋਵੇਂ ਲੇਖਾਂ ਵਿਚ ਰਵਾਨਗੀ ਤੇ ਰੌਚਿਕਤਾ ਹੈ। ਕਹਾਣੀ 'ਰਿਸ਼ਤਾ' ਵਿਚ ਪਿੰਡ ਦੇ ਮੇਲੇ ਵਿਚ ਦੋ ਜਵਾਨ ਦਿਲਾਂ ਦੀ ਮੁਹੱਬਤ ਹੈ। ਕਹਾਣੀ 'ਫਰਿਸ਼ਤਾ' ਦੀ ਰਜ਼ੀਆ ਮੈਡਮ ਆਪਣੀ ਜ਼ਿੰਦਗੀ ਦੇ ਦੁੱਖਾਂ ਦੀ ਗੱਲ ਕਰਦੀ ਹੈ। ਉਹ ਦਿਲੋਂ ਉਦਾਸ ਹੈ। 'ਧਰਤੀ ਹੇਠਲਾ ਬਲਦ' ਵਿਚ ਔਲਾਦ ਕੋਲੋਂ ਦੁਖੀ ਮਾਪਿਆਂ ਦੀ ਦਾਸਤਾਨ ਹੈ। ਇਕ ਰਚਨਾ ਪੰਜਾਬੀ ਗਾਇਕੀ ਦੇ ਬੋਹੜ ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਨਾਲ ਨੇੜਤਾ ਦਾ ਦਿਲਚਸਪ ਜ਼ਿਕਰ ਹੈ। ਲੇਖਕ ਉਸ ਸਮੇਂ ਬਿਜਲੀ ਵਿਭਾਗ ਵਿਚ ਨੌਕਰੀ ਕਰਦਾ ਸੀ ਤੇ ਯਮਲਾ ਜੀ ਦੇ ਘਰ ਦਾ ਬਿਜਲੀ ਮੀਟਰ ਸੜ ਗਿਆ ਸੀ। ਇਸ ਕਹਾਣੀ ਵਿਚ ਯਮਲਾ ਜੀ ਦੇ ਗੀਤਾਂ ਦਾ ਵਿਆਖਿਆ ਸਹਿਤ ਜ਼ਿਕਰ ਹੈ। ਰਚਨਾ 'ਮੈਂ ਕਿਉਂ ਲਿਖਦਾ ਹਾਂ?' ਸੰਨ 1980 ਦੀ ਲਿਖਤ ਹੈ। ਪੜ੍ਹਨ ਵਾਲੀ ਰਚਨਾ ਹੈ। ਕਹਾਣੀਆਂ ਵਿਚ ਸੰਵਾਦ, ਬਿਰਤਾਂਤ, ਦਿਲਚਸਪ ਕਥਾ ਰਸ ਹੈ। ਕਹਾਣੀਆਂ, ਨਿੱਜੀ ਨਾ ਹੋ ਕੇ ਸਮਾਜ ਦੀ ਬਹੁਪੱਖੀ ਤਸਵੀਰ ਹਨ। ਰਚਨਾ 'ਵਿਗਿਆਨ ਤੋਂ ਦੂਰ' ਵਿਚ ਪੰਜ ਹੈਰਾਨੀਜਨਕ ਘਟਨਾਵਾਂ ਹਨ। ਰਚਨਾਵਾਂ ਦਾ ਆਕਾਰ ਇਕ ਪੈਰੇ ਤੋਂ ਤਿੰਨ ਪੰਨਿਆਂ ਤੱਕ ਹੈ। ਕੁਝ ਰਚਨਾਵਾਂ ਵਿਚ ਮਿੰਨੀ ਰਚਨਾਵਾਂ ਦੀ ਨੁਹਾਰ ਹੈ।
ਕਿਤਾਬ ਦੇ ਦੂਸਰੇ ਭਾਗ ਦੀ ਕਾਵਿ-ਰਚਨਾਵਾਂ ਵਿਚ ਰੁਮਾਂਟਿਕ ਗੀਤ, ਗ਼ਜ਼ਲਾਂ, ਰੁਬਾਈਆਂ, ਟੱਪੇ ਤੇ ਬੋਲੀਆਂ ਹਨ। ਕਾਵਿ-ਰਚਨਾਵਾਂ ਦੇ ਵਿਸ਼ੇ ਸਮਾਜਿਕ ਤੇ ਰੂਹਾਨੀ ਹਨ। ਪੁਸਤਕ ਸਿਰਲੇਖ ਜ਼ਿੰਦਗੀ ਦੀਆਂ ਉਲਝਣਾਂ ਨਾਲ ਜੋੜਿਆ ਹੈ। (ਤੈਨੂੰ ਅੱਖੀਆਂ ਨਾਲ ਪੰਨਾ 112) ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸੰਪੂਰਨ ਸਿੰਘ ਟੱਲੇਵਾਲੀਆ ਨੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਵੱਖ-ਵੱਖ ਵਿਧਾਵਾਂ ਵਾਲੀ ਪੁਸਤਕ ਦਾ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160
ਰਣਜੋਧ ਸਿੰਘ ਦੇ ਹਲਕੇ ਫੁਲਕੇ ਅਤੇ ਵਜ਼ਨਦਾਰ ਟੋਟਕੇ
ਲੇਖਕ : ਰਣਜੋਧ ਸਿੰਘ
ਪ੍ਰਕਾਸ਼ਕ : ਵਿਜਡਮ ਕਲੈਕਸ਼ਨ, ਲੁਧਿਆਣਾ
ਮੁੱਲ : 151 ਰੁਪਏ, ਸਫ਼ੇ : 150
ਸੰਪਰਕ : 98144-22744
ਹਥਲੀ ਪੁਸਤਕ ਲੇਖਕ ਦੇ ਨਾਮਕਰਨ ਅਨੁਸਾਰ ਟੋਟਕਿਆਂ ਦੀ ਕਿਤਾਬ ਹੈ। ਅਸਲ ਵਿਚ ਪੰਜਾਬੀ ਵਿਚ ਅਜੇ ਇਸ ਵਿਧਾ ਦਾ ਢੁਕਵਾਂ ਨਾਮਕਰਨ ਹੀ ਨਹੀਂ ਹੋਇਆ। ਇਨ੍ਹਾਂ ਟੋਟਕਿਆਂ ਨੂੰ ਸਿਆਣਪਾਂ ਜਾਂ ਸਿਆਣੀਆਂ ਗੱਲਾਂ ਵੀ ਕਿਹਾ ਜਾ ਸਕਦਾ ਹੈ। ਪੰਜਾਬ ਦੇ ਬਹੁਤ ਸਾਰੇ ਗੀਤਾਂ ਦੇ ਮੁਖੜੇ ਖ਼ੁਦ ਸਿਆਣਪਾਂ ਪੇਸ਼ ਕਰਦੇ ਹਨ। ਕਈ ਮੁਹਾਵਰੇ ਅਤੇ ਅਖਾਉਤਾਂ ਵੀ ਇਹੀ ਸਿਆਣਪਾਂ ਹਨ। ਪਿਛਲੇ ਸਮੇਂ ਪੰਜਾਬੀ ਦੇ ਕਈ ਲੇਖਕਾਂ ਨੇ ਅਜਿਹੇ ਹੀ ਟੋਟਕਿਆਂ ਦੇ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਕਈ ਲੇਖਕ ਜਿਵੇਂ ਸ. ਨਰਿੰਦਰ ਸਿੰਘ ਕਪੂਰ ਇਸ ਵਿਧਾ ਦੇ ਸਿਰ ਉੱਤੇ ਸੰਸਾਰ ਪ੍ਰਸਿੱਧ ਹੋ ਗਏ ਹਨ। ਉਸ ਦੀਆਂ ਅਜਿਹੀਆਂ ਹੀ ਪੁਸਤਕਾਂ ਦੀ ਮੰਗ ਰਹਿੰਦੀ ਹੈ। ਇਨ੍ਹਾਂ ਟੋਟਕਿਆਂ ਬਾਰੇ ਇਹੀ ਗੱਲ ਹੈ ਕਿ ਜਿਵੇਂ ਹਰ ਸ਼ਾਇਰ ਸਾਰੇ (ਸ਼ੇਅਰ ਆਪਣੇ ਤਨ-ਮਨ ਉੱਤੇ ਹੰਢਾਉਂਦੇ ਨਹੀਂ, ਸਗੋਂ ਖਿਆਲਤ ਨੂੰ ਸ਼ਬਦਾਂ ਦੇ ਵਸਤਰ ਦਿੰਦਾ ਹੈ) ਇਸੇ ਤਰ੍ਹਾਂ ਇਹ ਟੋਟਕੇ ਵੀ ਕੋਈ ਲੇਖਕ ਜੀਵਨ ਵਿਚ ਪਰਖ ਕੇ ਨਹੀਂ ਵੇਖਦਾ, ਸਗੋਂ ਖਿਆਲ ਕਰਕੇ ਲਿਖ ਹੀ ਦਿੰਦਾ ਹੈ। ਕਿਤਾਬ ਵਿਚ ਤਤਕਰਾ ਨਹੀਂ ਹੈ। ਇਨ੍ਹਾਂ ਦਾ ਤਤਕਰਾ ਸਹਿਜ ਨਹੀਂ। ਹਾਂ, ਇਨ੍ਹਾਂ ਨੂੰ ਕਲਾਸੀਫਾਈਡ ਕਰਕੇ ਵੱਖ-ਵੱਖ ਸਿਰਲੇਖਾਂ ਹੇਠ ਰੱਖ ਕੇ ਇਨ੍ਹਾਂ ਦਾ ਤਤਕਰਾ ਬਣ ਵੀ ਸਕਦਾ ਹੈ ਪਰ ਇਸ ਕਾਰਜ ਵਾਸਤੇ ਵੱਡੀ ਮਿਹਨਤ ਜ਼ਰੂਰੀ ਸੀ, ਜੋ ਕਿ ਲੇਖਕ ਨੇ ਨਹੀਂ ਕੀਤੀ। ਲੇਖਕ ਰਣਜੋਧ ਸਿੰਘ ਇਨ੍ਹਾਂ ਟੋਟਕਿਆਂ ਦਾ ਸੋਮਾ ਫੇਸਬੁੱਕ ਨੂੰ ਮੰਨਦਾ ਹੈ। ਫੇਸਬੁੱਕ ਉੱਤੇ ਆਹਮੋ-ਸਾਹਮਣੇ ਕਿਸੇ ਟੋਟਕੇ ਦਾ ਮੁੱਲ ਪੈ ਸਕਦਾ ਹੈ। ਆਓ ਉਸ ਦੇ ਕੁਝ ਟੋਟਕਿਆਂ ਦਾ ਸੁਆਦ ਚਖਦੇ ਹਾਂ।
-ਆਪਣੇ ਦੋਸਤ ਵੱਲ ਦੋਸਤੀ ਦਾ ਹੱਥ ਵਧਾਓ ਪਰ ਇਸ ਦੇ ਹੱਥ ਵਿਚ ਪਿਸਤੌਲ ਦੇਣਾ ਮੂਰਖਤਾ ਹੈ।
-ਜਿੰਨੇ ਸਿਆਣੇ ਸਭ ਲੁਧਿਆਣੇ।
-ਅਸਲੀ ਗਿਆਨ, ਆਪਣੀ ਗਿਆਨਤਾ ਦੀ ਹੱਦ ਦਾ ਪਤਾ ਹੋਣਾ ਹੈ।
-ਜੀਵਨ ਅਨੰਦ ਹੈ ਰੱਬ ਦਾ ਪਿਆਰ ਪਰਮਾਨੰਦ।
-ਭਰੀ ਹੋਈ ਜੇਬ ਨੇ ਦੁਨੀਆ ਦੀ ਪਹਿਚਾਣ ਕਰਵਾ ਦਿੱਤੀ ਤੇ ਖਾਲੀ ਜੇਬ ਨੇ ਇਨਸਾਨਾਂ ਦੀ।
-ਮੈਂ ਇਕੱਲੇ ਰਹਿਣਾ ਪਸੰਦ ਕਰਾਂਗਾ, ਖਾਹ-ਮਖਾਹ ਦੀ ਭੀੜ ਨਾਲੋਂ।
-ਨਫ਼ਰਤ ਓਥੇ ਹੀ ਵਧਦੀ ਹੈ, ਜਿਥੇ ਪਿਆਰ ਦੀ ਘਾਟ ਹੋਵੇ।
-550 ਸਾਲ ਬਾਣੀ ਤੇ ਬਾਣੇ ਨਾਲ
-ਜੀਵਨ ਜਿੰਨਾ ਸਾਦਾ ਰਹੇਗਾ, ਓਨਾ ਹੀ ਘਰ ਕਾਬਾ ਰਹੇਗਾ।
-ਜਿੱਤ ਹਾਸਿਲ ਕਰਨੀ ਹੈ ਤਾਂ ਕਾਬਲੀਅਤ ਵਧਾਓ, ਕਿਸਮਤ ਨਾਲ ਤਾਂ ਲਾਟਰੀ ਹੀ ਨਿਕਲਦੀ ਹੈ।
ਇਸ ਪੁਸਤਕ ਵਿਚ ਕਰੀਬ 150 ਸਫ਼ੇ ਹਨ ਅਤੇ ਔਸਤ ਹਰ ਸਫ਼ੇ ਉੱਤੇ 6 ਟੋਟਕੇ ਹਨ। ਇਸ ਹਿਸਾਬ ਨਾਲ 900 ਟੋਟਕੇ ਹਨ। ਜੇਕਰ ਕੋਈ ਪਾਠਕ ਇਨ੍ਹਾਂ ਟੋਟਕਿਆਂ ਤੋਂ ਸੇਧ ਲੈਣੀ ਚਾਹੇ ਤਾਂ ਉਹ ਅਸਾਨੀ ਨਾਲ ਮਿਲ ਸਕਦੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਹੱਕ : ਪਿਰਤ ਤੇ ਪਰਤਾਂ
ਸੰਪਾਦਕ: ਡਾ. ਜਤਿੰਦਰ ਸਿੰਘ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 300 ਰੁਪਏ ਸਫ਼ੇ: 152
ਸੰਪਰਕ : 94174-78446
ਸਵਰਾਜਬੀਰ ਦੇ ਅੱਠਵੇਂ ਚਰਚਿਤ ਨਾਟਕ 'ਹੱਕ' ਦੀ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪਰਖ/ ਪੜਚੋਲ ਕਰਦੀ ਇਸ ਪੁਸਤਕ 'ਹੱਕ: ਪਿਰਤ ਤੇ ਪਰਤਾਂ' ਵਿਚ ਨਾਟਕ ਕਲਾ ਬਾਰੇ ਗੂੜ੍ਹ ਗਿਆਨ ਰੱਖਦੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਉਘੇ ਲੇਖਕਾਂ ਦੇ ਘੋਖਵੇਂ ਨਜ਼ਰੀਏ ਪੇਸ਼ ਕੀਤੇ ਗਏ ਹਨ। ਰੰਗਮੰਚ ਸਿਰਮੌਰ ਨਿਰਦੇਸ਼ਕ ਕੇਵਲ ਧਾਲੀਵਾਲ ਦਾ ਕਥਨ ਅਨੁਸਾਰ 'ਹੱਕ' ਨਾਟਕ ਦੀ ਪੇਸ਼ਕਾਰੀ ਨੇ ਵੰਗਾਰ ਪੈਦਾ ਕਰ ਦਿੱਤੀ ਹੈ ਕਿ ਮਨੁੱਖੀ ਜ਼ਿੰਦਗੀ ਦੇ ਵਲਵਲਿਆਂ ਦੀ ਕਲਾਤਮਿਕ ਰੂਪ ਦੀ ਪੇਸ਼ਕਾਰੀ ਲਈ ਪੰਜਾਬੀ ਰੰਗਮੰਚ ਨੂੰ ਨਵੇਂ ਵਿਸ਼ਿਆਂ ਦੇ ਖੋਜਾਰਥੀ ਬਣਨਾ ਪਵੇਗਾ। ਹੱਕੀ ਸਮਾਜ ਦੀ ਗੱਲ ਤੋਰਦਿਆਂ ਦੇਸਰਾਜ ਕਾਲੀ ਨੇ ਜਾਤਾਂ-ਪਾਤਾਂ ਵਿਚਲੇ ਅਸਾਵੇਂ ਹੱਕਾਂ ਉਪਰ ਬੇਬਾਕੀ ਨਾਲ ਉਂਗਲ ਧਰੀ ਹੈ। ਸਤਿਆਪਾਲ ਗੌਤਮ ਨੇ 'ਮੰਝਿ ਵਿਸੂਲਾ ਬਾਗ' ਸਿਰਲੇਖ ਰਾਹੀਂ ਕੁਦਰਤੀ ਹਰਿਆਵਲ/ ਰੁੱਖਾਂ ਦੀ ਸੋਹਜਮਈ ਸੁੰਦਰਤਾ ਦੀ ਬਰਾਬਰੀ ਸ਼ਹਿਰ ਦੀ ਬਨਾਉਟੀ/ਅਖੌਤੀ ਖੂਬਸੂਰਤੀ ਕਦਾਚਿਤ ਮੁਕਾਬਲਾ ਨਹੀਂ ਕਰ ਸਕਦੀ, ਦੀ ਗੱਲ ਕੀਤੀ ਹੈ। ਪ੍ਰੋਫ਼ੈਸਰ ਰਾਕੇਸ਼ ਰਮਨਾ ਅਨੁਸਾਰ ਨਵੀਂ ਬਹਿਸ ਛੇੜਨ ਵਾਲਾ 'ਹੱਕ' ਨਾਟਕ ਪਿੰਡਾਂ 'ਚੋਂ ਗੁਆਚ ਰਿਹਾ ਅਸਲ ਪਿੰਡ, ਗ਼ੈਰ ਬਰਾਬਰੀ, ਹਿੰਸਾ ਅਤੇ ਅਨਿਆਂ ਖ਼ਿਲਾਫ਼ ਰੋਸ ਸੰਘਰਸ਼ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਦਾ ਇਕ ਕਿੱਸਾ ਹੈ। ਐਸ਼ ਭਰੇ ਕੁਕਰਮਾਂ ਦੀ ਭਾਈਵਾਲੀ ਜਦ ਆਪਣੀ ਹੀ ਇੱਜ਼ਤ ਉਤੇ ਹਮਲਾਵਰ ਹੋ ਜਾਏ ਤਾਂ ਕੁਕਰਮ ਅਸਲ ਰੂਪ ਵਿਚ ਦਿਸਣ ਲੱਗ ਜਾਂਦੇ ਹਨ। ਇਸ ਕੋਹਜ ਭਰੀ ਭਾਈਵਾਲੀ ਦੀ ਭਾਗੀਦਾਰੀ ਦੇ ਸਿੱਟੇ ਕਰਕੇ ਹੀ ਬਚਨੇ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਡਾ. ਅਮਨਦੀਪ ਕੌਰ ਦੇ ਵਿਚਾਰਾਂ ਵਿਚ 'ਹੱਕ' ਨਾਟਕ ਕੁਦਰਤੀ ਵਸੀਲਿਆਂ, ਮਨੁੱਖੀ ਰਿਸ਼ਤਿਆਂ ਦੀ ਨੈਤਿਕਤਾ ਤੇ ਅਨੈਤਿਕਤਾ ਸਾਂਝ, ਧਰਮ ਤੇ ਇਸ ਨਾਲ ਜੁੜੇ ਕਰਮਕਾਂਡ ਦੀ ਦਵੰਦਮਈ ਵਿਰੋਧਾਭਾਸੀ ਸਬੰਧਾਂ ਦਾ ਉਭਾਰ ਹੈ।
ਹਰਵਿੰਦਰ ਸਿੰਘ ਰੋਡੇ ਨੇ ਪਰਾਏ ਹੱਕਾਂ ਉਤੇ ਡਾਕਾ ਮਾਰਨਾ ਜਗੀਰੂ ਸੋਚ ਵਲੋਂ ਆਪਣਾ ਜੱਦੀ ਪੁਸ਼ਤੀ ਹੱਕ ਸਮਝਣ, ਗੁਰਪ੍ਰੀਤ ਸਿੰਘ ਨੇ 'ਹਕੂਕ ਲਈ ਜੂਝਦੀ ਔਰਤ ਦਾ ਬਿਰਤਾਂਤ : ਹੱਕ', ਸਤਵਿੰਦਰ ਕੌਰ ਨੇ ਨਾਟਕ 'ਹੱਕ' ਵਿਚਲੇ ਲੋਕਧਾਰਾਈ ਪਾਸਾਰ (ਧਾਗੇ ਤਵੀਤਾਂ ਤੇ ਅਥਾਹ ਵਿਸ਼ਵਾਸ, ਅਣਖੀ ਤੇ ਬੇਅਣਖੀ ਬਿਰਤੀ ਆਦਿ), ਕਿਰਪਾਲ ਸਿੰਘ ਯੁੱਗ ਪਰਿਵਰਤਨ ਦੀ ਗਾਥਾ ਨਾਟਕ 'ਹੱਕ' ਦੀ ਗੱਲ ਕੀਤੀ ਹੈ ਉਥੇ ਖੁਦ ਨਾਟਕਕਾਰ ਸਵਰਾਜਬੀਰ ਨੇ ਮੰਨਿਆ ਹੈ ਕਿ ਇਸ ਨਾਟਕ ਦੀ ਲੇਖਣੀ ਸਮੇਂ 'ਹੱਕ' ਦੇ ਕਿਰਦਾਰ ਅਤੇ ਕਿਰਦਾਰਾਂ ਦਾ ਹੱਕ ਬਦੋ ਬਦੀ ਆਪ-ਮੁਹਾਰੇ ਹੀ ਫੁੱਟਦਾ ਗਿਆ ਤੇ ਆਲੇ ਦੁਆਲੇ ਰਚਦਾ ਮਿਚਦਾ ਗਿਆ। ਇਸ ਪੁਸਤਕ ਦੇ ਆਖਰ ਵਿਚ ਅੰਗਰੇਜ਼ੀ ਭਾਸ਼ਾ ਵਿਚ ਭਗਵਾਨ ਜੋਸ਼, ਮਾਧਵੀ ਕਟਾਰੀਆ , ਮੁਹੰਮਦ ਸੋਹਲ, ਅਮਨਦੀਪ ਕੌਰ ਦੇ ਤਿੰਨ ਲੇਖ ਤੇ ਸਪਨਪ੍ਰੀਤ ਕੌਰ ਵਲੋਂ ਸਵਰਾਜਬੀਰ ਨਾਲ ਇੰਟਰਵਿਊ ਨਾਟਕ 'ਹੱਕ' ਦੀ ਅਲੋਚਨਾ ਨੂੰ ਹੋਰ ਵੀ ਭਾਵਪੂਰਤ ਤੇ ਵਿਸ਼ਾਲ ਬਣਾਉਣ ਵਿਚ ਸਹਾਈ ਹੁੰਦੇ ਹਨ ਕਿ ਹੱਕਾਂ ਦੀ ਰਾਖੀ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਮਨੋਮਨੀ ਜੂਝਣਾ ਹੀ ਪੈਂਦਾ ਹੈ। ਧਨ ਕੁਬੇਰਾਂ ਵਲੋਂ ਮਿਹਨਤਕਸ਼ਾਂ ਨੂੰ ਲਿਤਾੜਨ ਤੇ ਉਨ੍ਹਾਂ ਦੀ ਲੁੱਟ ਖਸੁੱਟ ਦੀ ਇਹ ਤ੍ਰਾਸਦੀ ਯੁੱਗ ਯੁਗਾਂਤਰਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਹੀ ਆ ਰਹੀ ਹੈ।
-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਾਂ ਦੀਆਂ ਲਾਡਾਂ
ਲੇਖਕ : ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98726-37177
'ਮਾਂ ਦੀਆਂ ਲਾਡਾਂ' ਕਾਵਿ ਸੰਗ੍ਰਹਿ ਉਜਾਗਰ ਸਿੰਘ ਭੰਡਾਲ ਹੁਰਾਂ ਦੀ ਕਿਰਤ ਹੈ। ਇਸ ਕਾਵਿ ਸੰਗ੍ਰਹਿ ਵਿਚ 'ਮਾਂ ਦੀ ਲਾਡਾਂ' ਤੋਂ ਲੈ ਕੇ 'ਪਿਆਰ ਦੀ ਕਦਰ' ਤੱਕ ਲਗਭਗ 81 ਸਰੋਦੀ ਕਵਿਤਾਵਾਂ ਹਨ, ਜਿਨ੍ਹਾਂ ਨੂੰ ਗੀਤ, ਗ਼ਜ਼ਲ ਅਤੇ ਸਰੋਦੀ ਕਵਿਤਾਵਾਂ ਆਦਿ ਕਾਵਿ-ਰੂਪਾਂ ਦੀ ਸੁਚੱਜੀ ਵਰਤੋਂ ਕਰਦਿਆਂ 'ਮਾਂ' ਦੀਆਂ ਰਹਿਮਤਾਂ ਅਤੇ ਮਮਤਾ ਭਰੀ ਵੇਦਨਾ ਦਾ ਪ੍ਰਗਟਾ ਕੀਤਾ ਹੈ। ਸਮਰਪਣ ਵਿਚ ਹੀ ਤਿੰਨ ਇਸਤਰੀ ਰੂਪਾਂ : ਮਾਂ, ਭੈਣ ਅਤੇ ਪਤਨੀ ਦੇ ਨਿੱਘੇ ਪਿਆਰ, ਮੋਹ-ਮਮਤਾ ਅਤੇ ਰਿਸ਼ਤਿਆਂ ਦੀ ਪਾਕੀਜ਼ਦਗੀ ਦੇ ਅਨੁਭਵ ਨੂੰ ਪ੍ਰਗਟਾਉਂਦਿਆਂ, ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਰਿਸ਼ਤਿਆਂ, ਸਮਾਜਿਕ ਮੁੱਦਿਆਂ , ਭਾਈਚਾਰਕ ਸਾਂਝ, ਸੱਭਿਆਚਾਰਕ ਰਵਾਇਤਾਂ, ਸਮੇਂ ਦੀ ਅਨੁਕੂਲਤਾ ਅਨੁਸਾਰ ਸਰੋਕਾਰਾਂ ਨੂੰ ਕਾਵਿਕ-ਜੁਗਤਾਂ ਰਾਹੀਂ ਪੇਸ਼ ਕੀਤਾ ਹੈ। ਕਵੀ ਦੀਆਂ ਇਹ ਸਤਰਾਂ ਪ੍ਰਸੰਗਿਕ ਵਿਸ਼ਿਆਂ ਦੀ ਪੇਸ਼ਕਾਰੀ ਨੂੰ ਸਮਝਣ ਵਿਚ ਜਿਥੇ ਸਹਾਇਕ ਰੂਪ ਵਿਚ ਮਾਰਗ ਦਰਸ਼ਨ ਕਰਦੀਆਂ ਹਨ, ਉਥੇ ਹੀ ਕਵੀ ਦੇ ਕਰਤੱਵ ਵਲ ਵੀ ਸੰਕੇਤ ਕਰਦੀਆਂ ਹਨ। 'ਕਵੀ ਲਿਖ ਕੇ' ਕਵਿਤਾ ਨੇ ਛੱਡ ਜਾਂਦੇ, ਬੋਲ ਜਿਨ੍ਹਾਂ ਨੇ ਸਦੀਆਂ ਤੱਕ ਗੂੰਜਦੇ ਨੇ, ਕਵੀ ਮਿੱਤਰ ਨੇ ਹੱਸਦੇ ਹਸਾਉਂਦਿਆਂ ਦੇ, ਕਵੀ ਰੋਂਦਿਆਂ ਦੇ ਹੰਝੂ ਪੂੰਝਦੇ ਨੇ। ਮਾਂ ਦੀ ਮਮਤਾ ਨਾਲ ਹੀ 'ਮਾਂ ਦੀਆਂ ਲਾਡਾਂ', 'ਮਾਂ ਦੀ ਮਮਤਾ', 'ਮਾਵਾਂ ਠੰਢੀਆਂ ਛਾਵਾਂ', 'ਮਾਂ' ਆਦਿ ਕਵਿਤਾਵਾਂ ਸੰਬੰਧਿਤ ਹਨ। ਮਨੁੱਖ ਦੀਆਂ ਤਿੰਨ ਮਾਵਾਂ : ਮਾਂ ਜਣਨੀ, ਮਾਂ ਬੋਲੀ ਅਤੇ ਮਾਂ ਧਰਤੀ ਨਾਲ 'ਮਾਂ ਬੋਲੀ ਪੰਜਾਬੀ', 'ਪੰਜਾਬ ਦੀ ਮਿੱਟੀ', 'ਨੀ ਮਿੱਟੀਏ', 'ਵਤਨ ਦੀ ਮਿੱਟੀ', 'ਨੀ ਕਲਮੇ', 'ਦੁੱਖ ਪਰਦੇਸਾਂ ਦੇ', 'ਆਪਣਾ ਵਤਨ', 'ਮਾਂ ਬੋਲੀ ਦਾ ਆਸ਼ਕ' ਆਦਿ ਕਵਿਤਾਵਾਂ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ ਹਨ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਸੰਬੰਧ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਿਆਂ : ਮਾਂ, ਪਿਓ, ਧੀ, ਪੁੱਤਰ, ਮਾਂ ਬੋਲੀ, ਮਾਂ ਧਰਤੀ ਨਾਲ ਸੰਬੰਧਿਤ ਵੇਦਨਾਵਾਂ, ਸੰਵੇਦਨਾਵਾਂ ਦਾ ਮਾਰਮਿਕ ਪ੍ਰਗਟਾ ਹੈ। ਇਸ ਦੇ ਨਾਲ ਹੀ 'ਲਹੂ' ਅਤੇ 'ਅ-ਲਹੂ' ਦੇ ਸਮਾਜਿਕ ਰਿਸ਼ਤਿਆਂ ਦੀ ਪਹਿਚਾਣ, ਸਾਰਥਿਕਤਾ ਅਤੇ ਅਨੁਭਵ ਨਾਲ ਸੰਬੰਧਿਤ ਮੰਨੇ ਜਾ ਸਕਦੇ ਹਨ। ਕਾਵਿ-ਭਾਸ਼ਾ ਦੀ ਸਰਲਤਾ, ਸਾਦਗੀ ਵੀ ਪ੍ਰਮੁੱਖ ਗੁਣ ਅਨੁਭਵ ਕਾਵਿ-ਪਾਠਕ ਮਹਿਸੂਸ ਕਰੇਗਾ। 'ਬੰਦੇ ਦੇ ਪੈਰੀ' ਕਵਿਤਾ ਦੇ ਹੇਠ ਲਿਖੇ ਬੋਲ ਇਸ ਪ੍ਰਸੰਗ 'ਚ ਦੇਖੇ ਜਾ ਸਕਦੇ ਹਨ:
ਧਰਮ ਦੇ ਨਾਂਅ 'ਤੇ ਖ਼ੂਨ ਖ਼ਰਾਬਾ
ਕਰਦੇ ਧਰਮਾਂ ਵਾਲੇ ਲੋਕ
ਰੱਬ ਦੀ ਜੇਬ ਵੀ ਕੱਟ ਲੈਂਦੇ,
ਗੋਲਕ ਦੇ ਤੋੜ ਤਾਲੇ ਲੋਕ।
ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ। ਉਜਾਗਰ ਸਿੰਘ ਭੰਡਾਲ ਹੁਰਾਂ ਨੂੰ ਹਾਰਦਿਕ ਵਧਾਈ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਕੂੰਜਾਂ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 376
ਸੰਪਰਕ : 95011-45039
ਜਸਵਿੰਦਰ ਰੱਤੀਆਂ ਦੀਆਂ ਪ੍ਰਮੁੱਖ ਰਚਨਾਵਾਂ ਨਵ ਕਿਰਨ (ਨਾਵਲ) 1996, ਹੱਥੀਂ ਤੋਰੇ ਸੱਜਣਾਂ ਨੂੰ (ਨਾਵਲ ) 2001, ਨਜੂਮੀ (ਕਹਾਣੀ ਸੰਗ੍ਰਹਿ) 2015, ਕੰਡਿਆਲੇ ਸਾਕ (ਨਾਵਲ) 2021 ਆਦਿ ਹਨ। ਹੱਥਲਾ ਨਾਵਲ ਕੂੰਜਾਂ ਜਸਵਿੰਦਰ ਰੱਤੀਆਂ ਦੇ ਜੀਵਨ ਤਜਰਬਿਆਂ ਵਿਚੋਂ ਹੋਂਦ ਗ੍ਰਹਿਣ ਕਰਦਾ ਹੈ। ਕੂੰਜਾਂ ਦੀ ਉਡਾਰੀ ਦੂਜੇ ਦੇਸ਼ਾਂ ਦੇ ਸਫ਼ਰ ਦੀ ਰਹੀ ਹੈ। ਕੂੰਜਾਂ ਸਰਦ ਰੁੱਤ ਵਿਚ ਗਰਮ ਦੇਸ਼ਾਂ ਵੱਲ ਪਰਵਾਸ ਕਰਦੀਆਂ ਹਨ। 'ਕੂੰਜਾਂ' ਨੂੰ ਪ੍ਰਤੀਕ ਵਜੋਂ ਵਰਤ ਕੇ ਪਰਵਾਸ ਦੇ ਜੀਵਨ ਦੀ ਕਾਰਜ-ਪ੍ਰਣਾਲੀ ਨੂੰ ਰੂਪਮਾਨ ਕੀਤਾ ਹੈ। ਨਾਵਲ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ ਪਹਿਲਾ ਭਾਗ ਪ੍ਰਧਾਨ ਕਥਾਨਕ ਦੇਸੀ ਕੂੰਜਾਂ ਵਜੋਂ ਉਭਰਦਾ ਹੈ ਤੇ ਉਪ ਕਥਾਨਕ ਜੀਵਨ ਹਯਾਤੀ ਤੇ ਸੰਸਾਰ ਨਾਲ ਦਵੰਦ ਰਚਾਉਂਦੇ ਹਨ। ਬਿਰਤਾਂਤ ਅੰਦਰ ਬਿਰਤਾਂਤ ਦੀ ਜੁਗਤ ਨਾਲ ਕਰੋਨਾ ਮਹਾਂਮਾਰੀ ਕਾਰਨ ਸੰਸਾਰ ਦੀ ਨਿਰਾਸ਼ ਤਸਵੀਰ ਉਭਰਦੀ ਹੈ। ਕਰੋਨਾ ਕਾਰਨ ਪਰਿਵਾਰਾਂ ਦੇ ਪਰਿਵਾਰ ਮੌਤ ਦੇ ਮੂੰਹ ਜਾ ਪਏ। ਚਾਰੇ ਪਾਸੇ ਸਹਿਮ ਤੇ ਡਰ ਦੇ ਮਾਹੌਲ ਨੇ ਭਾਈਚਾਰਕ ਸਾਂਝਾ ਨੂੰ ਤੋੜਿਆ ਪਰ ਕਿਸਾਨ ਅੰਦੋਲਨ ਨੇ ਆਸ ਦੀ ਕਿਰਨ ਪੈਦਾ ਕੀਤੀ। ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਦਿੱਲੀ ਬਾਰਡਰਾਂ ਉੱਤੇ ਹੱਕ-ਸੱਚ ਤੇ ਆਪਣੇ ਖੇਤਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਜਾਰੀ ਰੱਖਿਆ। ਕਰੋਨਾ ਦੀ ਦਹਿਸ਼ਤ ਖ਼ਤਮ ਹੋਣ ਲੱਗੀ ਤੇ ਸਰਕਾਰੀ ਨੀਤੀਆਂ ਦਾ ਪਰਦਾਫਾਸ਼ ਹੋਇਆ। ਨਾਵਲ ਦੀ ਪਾਤਰ ਬਲਜੀਤ ਕੌਰ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੁੰਦੀ ਹੈ, ਜਿਸ ਨਾਲ ਨਾਰੀ ਸ਼ਕਤੀ, ਕਿਸਾਨੀ ਅੰਦੋਲਨ ਨੂੰ ਹਲੂਣਾ ਦਿੰਦੀ ਹੈ। ਨਾਵਲੀ ਬਿਰਤਾਂਤ ਆਮ ਜੀਵਨ ਦੀ ਤਸਵੀਰਕਸ਼ੀ ਕਰਦਾ ਹੋਇਆ ਮਨੁੱਖਤਾ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਾ ਤੇ ਇਸ ਦੇ ਹੱਲ ਲਈ ਪ੍ਰਸ਼ਨ ਉਠਾਉਂਦਾ ਹੈ ਤਾਂ ਜੋ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਛੱਡ ਕੇ ਆਮ ਲੋਕਾਈ ਦੇ ਵਿਕਾਸ ਲਈ ਸੋਚਣ। ਪਿੰਡਾਂ ਵਿਚ ਵਧ ਰਹੀ ਨਸ਼ਿਆਂ ਦੀ ਭਰਮਾਰ ਨੂੰ ਵੀ ਉਜਾਗਰ ਕੀਤਾ ਹੈ। ਨਸ਼ਿਆਂ ਦਾ ਧੰਦਾ ਕਰਨ ਵਾਲੇ ਸਰਪੰਚ ਦੇ ਪਿੱਛੇ ਪੁਲਿਸ ਤੰਤਰ ਤੇ ਨੇਤਾ ਖੜ੍ਹੇ ਹਨ ਪਰ ਬਲਜੀਤ ਦੁਆਰਾ ਇਨ੍ਹਾਂ ਵਿਰੁੱਧ ਆਰੰਭਿਆ ਸੰਘਰਸ਼ ਕਾਮਯਾਬ ਹੁੰਦਾ ਹੈ ਤੇ ਉਹ ਸਰਪੰਚ ਨੂੰ ਸਜ਼ਾ ਦਿਵਾਉਣ ਵਿਚ ਸਫ਼ਲ ਹੁੰਦੀ ਹੈ। ਇਥੇ ਨਾਵਲ ਦਾ ਸਾਕਾਰਾਤਮਕ ਪੱਖ ਉਭਰਦਾ ਹੈ ਜਿੱਥੇ 'ਪਾਪ ਦਾ ਖਾਤਮਾ' ਤੇ 'ਸੱਚ' ਦੀ ਜਿੱਤ ਹੁੰਦੀ ਹੈ।
ਦੂਜਾ ਭਾਗ 'ਵਲਾਇਤੀ ਕੂੰਜਾਂ' ਬਿਰਤਾਂਤ ਅਧੀਨ ਜਗਮੀਤ ਇੰਗਲੈਂਡ ਪਹੁੰਚ ਜਾਂਦਾ ਹੈ। ਇਸ ਭਾਗ ਵਿਚ ਪਰਵਾਸ ਦੀਆਂ ਸਮੱਸਿਆਵਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇੰਗਲੈਂਡ ਵਿਚ ਤਿੰਨ ਪੀੜ੍ਹੀਆਂ ਦੀ ਜੀਵਨ ਹਯਾਤੀ ਤੇ ਖਿਚੋਤਾਣ ਦਾ ਜ਼ਿਕਰ ਮਿਲਦਾ ਹੈ। ਵਿਕਰਮ, ਚੰਨੀ ਤੇ ਸ਼ਰਨ ਵਰਗੇ ਪਾਤਰ ਪੰਜਾਬ ਤੋਂ ਇੰਗਲੈਂਡ ਆ ਵਸੇ ਹਨ ਤੇ ਉਨ੍ਹਾਂ ਦੀ ਸੋਚ ਰਵਾਇਤੀ ਕਿਸਮ ਦੀ ਹੋਣ ਕਰਕੇ ਜੈਟੀ ਵਰਗੇ ਪਾਤਰਾਂ ਦੇ ਵਿਰੋਧ ਵਜੋਂ ਕਾਇਮ ਰਹਿੰਦੀ ਹੈ। ਇਸ ਤੋਂ ਇਲਾਵਾ ਸਟੱਡੀ ਬੇਸ ਉੱਤੇ ਆਏ ਵਿਦਿਆਰਥੀ ਕਾਨੂੰਨੀ ਤੇ ਗ਼ੈਰ-ਕਾਨੂੰਨੀ