03-12-2023
ਜਾਗਣ ਦਾ ਵੇਲਾ
ਲੇਖਿਕਾ : ਗੁਰਸ਼ਰਨ ਕੌਰ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98766-35262
ਪੰਜਾਬੀ ਸਾਹਿਤ-ਵਿਧਾ ਵਾਰਤਕ ਦੀ ਇਸ ਪੁਸਤਕ ਵਿਚ ਸ਼ਾਮਿਲ 25 ਲੇਖ ਲੇਖਿਕਾ ਦੇ ਅੰਤਰਮਨ ਦੀ ਪ੍ਰਭਾਵਸ਼ਾਲੀ ਗੁਫ਼ਤਗੂ ਜਾਪਦੇ ਹਨ। ਉਨ੍ਹਾਂ ਨੇ ਪੁਸਤਕ ਦੇ ਬਹੁਤੇ ਲੇਖਾਂ ਵਿਚ ਆਪਣੇ ਵਿਦਿਆਰਥੀ ਜੀਵਨ ਅਤੇ ਫਿਰ ਸਫ਼ਲ ਅਧਿਆਪਕਾ ਵਾਲੇ ਅਨੁਭਵ ਬਿਆਨ ਕਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਫ਼ਲਤਾ ਪੂਰਵਰਕ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ। 'ਬੱਚੇ ਦੀ ਸ਼ਖ਼ਸੀਅਤ ਉਸਾਰੀ', 'ਪੜ੍ਹਨਾ ਗੁੜਨਾ', 'ਨਕਲ ਤੋਂ ਸਾਵਧਾਨ', 'ਗਾਲ੍ਹ ਸੱਭਿਆਚਾਰ', 'ਅਨੁਸ਼ਾਸਨ', 'ਸਫ਼ਲਤਾ ਦਾ ਗੁਰ', 'ਕਿੱਤਾਮੁਖੀ ਸਿੱਖਿਆ ਸਮੇਂ ਦੀ ਲੋੜ', 'ਸਫ਼ਲਤਾ ਦਾ ਗੁਰ ਹਿੰਮਤ' ਆਦਿ ਲੇਖ ਇਸ ਸੱਚ ਦੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਹਨ।
ਲੇਖਿਕਾ ਨੇ ਆਪਣੇ ਲੇਖ 'ਮਾਂ ਬੋਲੀ ਪੰਜਾਬੀ' ਵਿਚ ਆਪਣੇ ਅੰਦਰ ਮਾਂ-ਬੋਲੀ ਪੰਜਾਬੀ ਪ੍ਰਤੀ ਵਸਦੇ ਆਤਮਿਕ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਇਹ ਲੇਖ ਦੂਜਿਆਂ ਲਈ ਵੱਡੀ ਪ੍ਰੇਰਨਾ ਹੈ। ਇਸ ਵਿਚ ਉਨ੍ਹਾਂ ਆਪਣੇ ਬਚਪਨ ਤੇ ਸਕੂਲੀ ਦਿਨਾਂ ਤੋਂ ਪੰਜਾਬੀ-ਬੋਲੀ ਨਾਲ ਕੀਤੇ ਪਿਆਰ ਦਾ ਖ਼ੁਲਾਸਾ ਕੀਤਾ ਹੈ।
ਲੇਖਿਕਾ ਪੁਸਤਕ ਦੇ ਮੁੱਢ ਵਿਚ ਇਹ ਪੁਸਤਕ ਲਿਖਣ ਦਾ ਸਬੱਬ ਇਉਂ ਲਿਖਦੀ ਹੈ, 'ਇਹ ਪੁਸਤਕ 'ਜਾਗਣ ਦਾ ਵੇਲਾ' ਲਿਖਣ ਦਾ ਸਬੱਬ ਮੇਰੇ ਲੰਮੇ ਸਮੇਂ ਦੇ ਅਧਿਆਪਨ ਤਜਰਬੇ ਵਿਚੋਂ ਉਪਜਿਆ ਹੈ। ਇਸ ਵਿਚਾਰ ਅਧੀਨ ਲਿਖੇ ਲੇਖਾਂ ਤੋਂ ਇਲਾਵਾ ਉਨ੍ਹਾਂ ਇਸ ਪੁਸਤਕ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਈ ਲੇਖ ਲਿਖੇ ਹਨ। 'ਹਸਦਿਆਂ ਦੇ ਘਰ ਵਸਦੇ', 'ਹਉਮੈ ਦੀਰਘ ਰੋਗ', 'ਆਖ ਦਮੋਦਰ ਅੱਖੀਂ ਡਿੱਠਾ', 'ਵਹਿਮਾਂ-ਭਰਮਾਂ ਦੀ ਦੁਨੀਆ', 'ਆਓ ਰੁੱਖ ਲਗਾਈਏ', 'ਵਸਣਾ ਸ਼ਰੀਕੇ ਦਾ ਨਾਭੇ ਦੀ ਸਰਦਾਰੀ', 'ਇਕ ਅਜੋਕੇ ਪਿੰਡ ਦਾ ਪਿਛੋਕੜ' ਵਰਗੇ ਵੰਨ-ਸੁਵੰਨਤਾ ਵਾਲੇ ਲੇਖਾਂ ਨਾਲ ਇਸ ਪੁਸਤਕ ਨੂੰ ਯਾਦਗਾਰੀ ਪੁਸਤਕ ਬਣਾਇਆ ਹੈ। ਸਰਲ ਸੌਖੀ ਭਾਸ਼ਾ ਵਾਲੀ ਇਹ ਪੁਸਤਕ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਲਈ ਬੇਹੱਦ ਕੀਮਤ ਰੱਖਦੀ ਹੈ। ਇਸ ਨੂੰ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਇਆ ਜਾਣਾ ਚਾਹੀਦਾ ਹੈ।
-ਸੁਰਿੰਦਰ ਸਿੰਘ ਕਰਮ 'ਲਧਾਣਾ'
ਮੋਬਾਈਲ : 98146-81444
ਨਵੀਂ-ਬੁਲਬੁਲ
ਗ਼ਜ਼ਲਕਾਰ : ਕਮਲ ਬੰਗਾ ਸੈਕਰਾਮੈਂਟੋ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਪਲਾਹੀ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98158-02070
ਅਜੋਕਾ ਦੌਰ ਪੰਜਾਬੀ ਗ਼ਜ਼ਲ ਦਾ ਹੈ ਤੇ ਪੰਜਾਬੀ ਗ਼ਜ਼ਲ ਦੀਆਂ ਪੁਸਤਕਾਂ ਤੇਜ਼ ਗਤੀ ਨਾਲ ਛਪ ਰਹੀਆਂ ਹਨ। ਇਨ੍ਹਾਂ ਪੁਸਤਕਾਂ 'ਚੋਂ ਬਹੁਤੀਆਂ ਰਸਮੀ ਤੇ ਕੁਝ ਇਕ ਸੰਜੀਦਗੀ ਨਾਲ ਸਿਰਜੀਆਂ ਗ਼ਜ਼ਲਾਂ ਦੀਆਂ ਹੁੰਦੀਆਂ ਹਨ। ਵਿਦੇਸ਼ਾਂ ਵਿਚ ਵਸੇ ਪੰਜਾਬੀ ਵੀ ਚੋਖੀ ਗਿਣਤੀ ਵਿਚ ਰਲਵੀਂ ਮਿਲਵੀਂ ਗ਼ਜ਼ਲ ਕਹਿ ਰਹੇ ਹਨ। ਕਮਲ ਬੰਗਾ ਸੈਕਰਾਮੈਂਟੋ ਸਿਰਜਣਾਤਮਿਕ ਪ੍ਰਕਿਰਿਆ ਨਾਲ ਜੁੜਿਆ ਪੁਰਾਣਾ ਨਾਮ ਹੈ ਜਿਸ ਨੇ ਵਧੇਰੇ ਕਰਕੇ ਗ਼ਜ਼ਲ ਸਿਰਲੇਖ ਅਧੀਨ ਕਲਮਕਾਰੀ ਕੀਤੀ ਹੈ। 'ਨਵੀਂ ਬੁਲਬੁਲ' ਉਸ ਦੀ ਸਤ੍ਹਾਰਵੀਂ ਪੁਸਤਕ ਹੈ ਜਿਸ ਵਿਚ ਉਸ ਨੇ ਕੁਝ ਰੰਗੀਨ ਸਫ਼ੇ ਵੀ ਰਾਖਵੇਂ ਰੱਖੇ ਹਨ। ਇਨ੍ਹਾਂ ਸਫ਼ਿਆਂ 'ਤੇ ਉਸ ਨੇ ਪਰਿਵਾਰ ਨਾਲ ਆਪਣੀਆਂ ਤਸਵੀਰਾਂ ਸੁਰੱਖਿਅਤ ਕੀਤੀਆਂ ਹਨ। ਕਮਲ ਬੰਗਾ ਦੀਆਂ ਰਚਨਾਵਾਂ ਦੇ ਬਹੁਤੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਸ ਅਨੁਸਾਰ ਅਸੀਂ ਉੱਤੋਂ ਉੱਤੋਂ ਅਮਨ ਦੇ ਹਾਮੀ ਹਾਂ ਪਰ ਸਾਡੇ ਅੰਦਰ ਖ਼ਰੂਦ ਦਾ ਨਿਵਾਸ ਹੈ। ਮਨੁੱਖ ਸ਼ਹਿਰ ਵਿਚ ਰਹਿੰਦਾ ਹੋਇਆ ਵੀ ਜਾਂਗਲੀ ਸੱਭਿਅਤਾ ਵਿਚ ਜਿਉਂਦਾ ਹੈ ਤੇ ਇਹ ਅਜੇ ਵੀ ਵਿਤਕਰਿਆਂ ਦੀਆਂ ਵਲਗਣਾਂ ਵਿਚ ਫਸਿਆ ਹੋਇਆ ਹੈ। ਉਹ ਮੰਨਦਾ ਹੈ ਇਹ ਜ਼ਮਾਨਾ ਨਵਾਂ ਹੈ, ਵਿੱਦਿਆ ਤੇ ਤੇਜ਼ ਰਫ਼ਤਾਰੀ ਦਾ ਹੈ ਪਰ ਮੁਹੱਬਤ ਗੁੰਮਸੁਮ ਹੈ। ਕਿਤੇ ਕਿਤੇ ਕਮਲ ਬੰਗਾ ਕਿਸੇ ਦੀ ਜੁਦਾਈ ਦਾ ਦਰਦ ਹੰਢਾਉਂਦਾ ਵੀ ਮਹਿਸੂਸ ਹੁੰਦਾ ਹੈ ਤੇ ਉਸ ਨੂੰ ਪਿਆਰ ਦੀ ਛਤਰੀ ਚੇਤੇ ਆਉਂਦੀ ਹੈ। ਟਾਈਟਲ ਦੇ ਪਿੱਛੇ ਨਵੀਂ ਬੁਲਬੁਲ ਨੂੰ ਆਧਾਰ ਬਣਾ ਕੇ ਲਿਖੀ ਉਸ ਦੀ ਗ਼ਜ਼ਲ ਦਰਅਸਲ ਸ਼ਾਇਰ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ। ਕਮਲ ਦੀਆਂ ਰਚਨਾਵਾਂ 'ਤੇ ਪੰਜਾਬੀਅਤ ਦੀ ਛਾਪ ਹੈ ਤੇ ਉਹ ਗੂੜ੍ਹ ਅਰਥੇ ਸ਼ਬਦਾਂ ਤੋਂ ਪ੍ਰਹੇਜ਼ ਕਰਦਾ ਹੈ। ਬਿਨਾਂ ਕਿਸੇ ਲਾਗ ਲਪੇਟ ਤੋਂ ਸਿੱਧ-ਪੱਧਰੀ ਗੱਲ ਕਰਨ ਵਿਚ ਉਸ ਦਾ ਵਿਸ਼ਵਾਸ ਹੈ। ਇਨ੍ਹਾਂ ਗ਼ਜ਼ਲਾਂ 'ਤੇ ਮੈਂ ਗ਼ਜ਼ਲ ਦੇ ਵਿਧਾਨਕ ਪੱਖ ਤੋਂ ਕੋਈ ਟਿੱਪਣੀ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੀ ਇਕ ਰਚਨਾ ਵਿਚ ਖ਼ੁਦ ਹੀ ਨਿਪੁੰਨ ਹੋਣ ਦਾ ਦਾਅਵਾ ਨਹੀਂ ਕਰਦਾ। ਇਹ ਉਸ ਦਾ ਵੱਡਾਪਨ ਵੀ ਹੈ ਵਰਨਾ ਕਈ ਪੰਜਾਬੀ ਗ਼ਜ਼ਲਕਾਰਾਂ ਵਲੋਂ ਆਪਣੀਆਂ ਗ਼ਜ਼ਲਾਂ ਸਬੰਧੀ ਬੜੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਵਿਦੇਸ਼ਾਂ ਵਿਚ ਰਹਿ ਕੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣਾ ਛੋਟੀ ਗੱਲ ਨਹੀਂ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਨਾਨਕ ਸਭ ਇਨਸਾਨਾਂ ਦਾ
ਕਵੀ : ਸਲੀਮ ਰਜ਼ਾ ਰਾਏ ਕੋਟੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 260
ਸੰਪਰਕ : 94631-70369
ਇਹ ਕਾਵਿ-ਪੁਸਤਕ ਵਲਾਇਤ ਵਿਚ ਰਹਿੰਦੇ ਸੰਵੇਦਨਸ਼ੀਲ ਸ਼ਾਇਰ ਦੀ ਹੈ ਅਤੇ ਸਾਂਝੇ ਪੰਜਾਬ ਦੇ ਨਾਂਅ ਸਮਰਪਿਤ ਹੈ। ਕਵੀ ਦਾ ਕੋਮਲ ਦਿਲ ਦੁਨੀਆ ਦੀਆਂ ਨਫ਼ਰਤਾਂ, ਧੱਕੇਸ਼ਾਹੀਆਂ ਅਤੇ ਵਿਤਕਰਿਆਂ ਤੋਂ ਉਪਰਾਮ ਹੈ। ਉਸ ਨੂੰ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਵਿਚੋਂ ਹਰ ਪ੍ਰਾਣੀ ਲਈ ਪ੍ਰੇਮ, ਹਮਦਰਦੀ, ਸਦਭਾਵਨਾ ਅਤੇ ਇਨਸਾਨੀਅਤ ਝਲਕਦੀ ਦਿਸਦੀ ਹੈ। ਇਸ ਪ੍ਰੀਤ ਪੈਗ਼ੰਬਰ ਨੇ ਸੜਦੀ-ਬਲਦੀ ਦੁਨੀਆ ਦੇ ਜ਼ਖ਼ਮਾਂ ਉੱਤੇ ਰੂਹਾਨੀਅਤ ਅਤੇ ਮੁਹੱਬਤ ਦੇ ਫੇਹੇ ਲਾਏ। ਸੂਰਜਾਂ ਦੇ ਸੂਰਜ ਨੇ ਹਨੇਰਿਆਂ ਨੂੰ ਰੁਸ਼ਨਾ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਕਵੀ ਲਿਖਦਾ ਹੈ:
ਸੱਚੀ ਸੁੱਚੀ ਬਾਣੀ ਵਾਲਾ / ਸਭ ਤੋਂ ਚੰਗੀ ਕਹਾਣੀ ਵਾਲਾ
ਸਾਰੀਆਂ ਤਾਰੀਖ਼ਾਂ 'ਚੋਂ ਗੁਰੂ ਨਾਨਕ ਜੀ ਦੀ ਤਾਰੀਖੀ ਕਹਾਣੀ ਪਸੰਦ ਆਈ ਅਤੇ ਕਵੀ ਦੀਆਂ ਸੋਚਾਂ ਨਿੱਖਰ ਗਈਆਂ। ਉਹ ਲਿਖਦਾ ਹੈ-
ਜਦ ਮੈਂ ਚੱਲੂੰ ਉਸ ਰਾਹ 'ਤੇ ਚੱਲੂੰ / ਜਿਹੜੇ ਰਾਹ ਦਾ ਮੈਨੂੰ ਯਕੀਨ ਹੋਵੇ।
ਜਦ ਮੈਂ ਭੱਜੂੰ ਉਸ ਪਿੰਡ ਵੱਲ ਭੱਜੂੰ / ਜਿਥੇ ਪਨਾਹ ਦਾ ਮੈਨੂੰ ਯਕੀਨ ਹੋਵੇ।
ਕਵੀ ਧਰਮ ਦੇ ਨਾਂਅ ਉੱਤੇ ਹੋ ਰਹੀ ਹਿੰਸਾ ਦਾ ਵਿਰੋਧ ਕਰਦਾ ਹੈ। ਸਾਰੇ ਇਨਸਾਨ ਇਕੋ ਰੱਬ ਦੇ ਬੱਚੇ ਹਨ। ਸਾਨੂੰ ਆਪਸੀ ਵੈਰ-ਵਿਰੋਧ, ਝਗੜੇ ਝੇੜੇ ਅਤੇ ਬਖੇੜੇ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੀ ਰੌਸ਼ਨੀ ਵਿਚ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਇਹ ਪੁਸਤਕ ਪੜ੍ਹਨਯੋਗ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਫੁੱਲਾਂ ਦਾ ਮੀਂਹ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 94638-36591
ਜਸਬੀਰ ਭੁੱਲਰ ਨਾਵਲਕਾਰ, ਕਹਾਣੀਕਾਰ ਤੇ ਬਾਲ-ਸਾਹਿਤ ਲੇਖਕ ਵਜੋਂ ਆਪਣੀ ਵੱਖਰੀ ਸ਼ੈਲੀ ਕਰਕੇ ਵੱਖਰੀ ਪਛਾਣ ਰੱਖਦਾ ਹੈ। ਭਾਰਤੀ ਸੈਨਾ 'ਚੋਂ ਮੇਜਰ ਅਹੁਦੇ ਤੋਂ ਸੇਵਾ-ਮੁਕਤ ਹੋਣ ਉਪਰੰਤ, ਉਸ ਨੇ ਨਿੱਠ ਕੇ ਪੰਜਾਬੀ ਸਾਹਿਤ ਵਿਚ ਯੋਗਦਾਨ ਦੀ ਨਿਰੰਤਰ ਸਾਧਨਾ ਕਾਇਮ ਕੀਤੀ ਹੋਈ ਹੈ। ਪੰਜਾਬੀ ਬਾਲ-ਨਾਵਲ ਵਿਚ ਉਸ ਦੀ ਦੇਣ ਜ਼ਿਕਰਯੋਗ ਹੈ। 'ਫੁੱਲਾਂ ਦਾ ਮੀਂਹ' ਦਾ ਇਕ ਆਕਰਸ਼ਕ ਪਾਤਰ ਮੀਤਾ ਇਸ ਨਾਵਲਿਟ ਦਾ ਕੇਂਦਰ ਬਿੰਦੂ ਹੈ। ਇਕ ਨਿੱਕੇ ਜਿਹੇ ਪਹਾੜਾਂ ਦੇ ਪੈਰਾਂ 'ਚ ਵਸੇ ਪਿੰਡ ਬੱਲਪੁਰ ਦਾ ਬਾਲਕ (ਮੀਤਾ) ਆਪਣੇ ਪਿੰਡ ਜਦੋਂ ਵੱਡਾ ਹੋ ਕੇ ਮੁੜਦਾ ਤਾਂ ਅਮਲਤਾਸ ਦੇ ਪੀਲੇ ਫੁੱਲ ਉਸ ਦਾ ਸੁਆਗਤ ਕਰਦੇ ਹਨ। ਕੁਦਰਤ ਨਾਲ ਸੰਵਾਦ ਰਚਾ ਕੇ ਕਹਾਣੀ ਨੂੰ ਰੌਚਕ ਤੇ ਕਲਪਨਾ ਦੀ ਪੁੱਠ ਬਹੁਤ ਕੁਝ ਕਹਿ ਜਾਂਦੀ ਹੈ। ਫੁੱਲ ਕਹਾਣੀ ਸੁਣਾਉਣ ਲਗਦਾ ਹੈ ਤੇ ਮੀਤੇ ਦਾ ਵਿਦਿਆਰਥੀ ਜੀਵਨ ਸ਼ੁਰੂ ਹੋ ਜਾਂਦਾ ਹੈ। ਨਾਵਲਿਟ ਦੇ ਕਾਂਡ ਸ਼ੁਰੂ ਹੋ ਜਾਂਦੇ ਹਨ ਜਿਵੇਂ ਸ਼ਬਦਾਂ ਦੇ ਬੋਹਲ, ਅਨੋਖਾ ਚਿੱਤਰਕਾਰ, ਫੁੱਲਾਂ ਦੀ ਰੁੱਤੇ, ਮੋਤੀਆਂ ਵਰਗੇ ਅੱਖਰ, ਅੰਕਲ ਇਕ ਮਿੰਟ, ਇਕ ਕਤੂਰਾ, ਅੱਖਰਾਂ ਨਾਲ ਆੜੀ, ਭੂਤ ਨਾਲ ਟਾਕਰਾ, ਨਵਾਂ ਨਕੋਰ ਦਿਨ, ਮੋਰੀ ਵਾਲੀ ਰੋਟੀ, ਸ਼ਾਬਾਸ਼ ਦੀਆਂ ਰਿਉੜੀਆਂ, ਮੋਤੀ ਨੇ ਪੜ੍ਹਾਇਆ ਸਬਕ, ਮੋਤੀ ਨੂੰ ਕਹੀ ਹੋਈ ਗੱਲ, ਵਾਂਢਿਓਂ ਵਾਪਸੀ, ਇਕ ਸੌ, ਭੋਜਨ ਲਈ ਸ਼ੁਕਰੀਆ, ਰਿਸ਼ਤੇ ਤੇ ਅੰਤ 'ਚ ਮੀਤੇ ਦੇ ਜਾਣ ਵੇਲੇ ਇਕ ਕਲਪਨਾਮਈ ਜੀਵਨ-ਸ਼ੈਲੀ ਨੂੰ ਸਚਿੱਤਰ ਕਰਿਆ ਗਿਆ। ਮੀਤੇ ਦੀ ਮਾਂ ਗੁਰਦੀਪ ਕੌਰ ਅਤੇ ਪਿਤਾ ਬੁੱਧ ਸਿੰਘ ਕਹਾਣੀ ਦੀਆਂ ਘਟਨਾਵਾਂ ਦੇ ਪਾਤਰ ਪੁੱਤਰ ਨੂੰ ਸਮੇਂ-ਸਮੇਂ ਸੰਬੋਧਨ ਹੁੰਦੇ ਹਨ ਜਿਹੜੇ ਵਿਦਿਆਰਥੀ ਨੂੰ ਜੀਵਨ-ਮੁੱਲਾਂ ਬਾਰੇ ਅਤੇ ਸਿੱਖਿਆ ਬਾਰੇ ਮੱਤਾਂ ਦਿੰਦੇ ਹਨ। ਕੁਝ ਗੱਲਾਂ ਨੈਤਿਕਤਾ ਦੇ ਪੱਖੋਂ ਜਚਦੀਆਂ ਨਹੀਂ ਜਿਵੇਂ ਮਾਂ ਪੁੱਤ ਮੀਤੇ ਨੂੰ ਕਹਿੰਦੀ, 'ਐਹ ਚਿਮਟਾ ਮਾਰ ਕੇ ਤੇਰੇ ਗਿੱਟੇ ਛਾਂਗੂ'। 'ਮੋਰੀ ਵਾਲੀ ਰੋਟੀ' ਕਾਂਡ 'ਚ ਬਿੱਠ ਕੱਢ ਕੇ ਮੁੜ ਪ੍ਰਾਹੁਣੇ ਦੀ ਥਾਲੀ 'ਚ ਰੋਟੀ ਰੱਖ ਦੇਣੀ। ਮੀਤੇ ਦਾ ਟੱਬ 'ਚ ਬੈਠ ਕੇ ਲਿਖਣਾ ਅਸੁਖਾਵਾਂ ਲਗਦਾ ਹੈ। 'ਅਨੋਖਾ ਚਿੱਤਰਕਾਰ' ਕਾਂਡ 'ਚ ਦੁੱਧ ਦਾ ਗਲਾਸ ਧਰਤੀ 'ਤੇ ਡੋਲ੍ਹ ਕੇ ਚਿੱਤਰ ਬਣਾਉਣ ਦਾ ਜ਼ਿਕਰ ਮਨ ਨੂੰ ਤ੍ਰਾਉਂਦਾ। ਦੁੱਧ ਨੂੰ ਅੰਮ੍ਰਿਤ ਕਿਹਾ ਗਿਆ ਹੈ। ਧਰਤੀ 'ਤੇ ਇੰਝ ਡੋਲ੍ਹਣਾ ਬਾਲ-ਮਨ ਨੂੰ ਕੁਰੀਤੀ ਵੱਲ ਲੈ ਜਾਂਦਾ ਹੈ। ਗਲਾਸ 'ਚੋਂ ਰੰਗਾਂ ਦਾ ਘੋਲ ਡੋਲ੍ਹ ਕੇ ਚਿੱਤਰਕਾਰੀ ਦਾ ਦ੍ਰਿਸ਼ ਮਨਮੋਹਕ ਬਣਾਇਆ ਜਾ ਸਕਦਾ ਸੀ। ਕੁੱਤੇ ਨੂੰ ਗਰਮ ਦੁੱਧ ਨਹੀਂ, ਠੰਢਾ ਦੁੱਧ ਪਿਲਾਉਣਾ ਹੁੰਦਾ ਹੈ। ਮੀਤੇ ਦੇ ਜੂੜੇ ਵਾਲੀ ਥਾਂ ਗੁੜ ਦੀ ਭੇਲੀ ਰੱਖ ਕੇ ਪੱਗ ਬੰਨ੍ਹਣੀ ਅਜੀਬ ਲਗਦੀ ਹੈ। ਜਿਥੋਂ ਤੱਕ ਮੀਤੇ ਨੂੰ ਪ੍ਰਕਿਰਤੀ, ਜੀਵ-ਜੰਤੂਆਂ, ਵਿਗਿਆਨਕ ਗੱਲਾਂ ਤੇ ਪੜ੍ਹਾਈ 'ਚ ਮਿਹਨਤ ਕਰਨ ਲਈ ਪ੍ਰੇਰਨਾ ਦੇਣ ਦੀ ਗੱਲ ਹੈ, ਉਸ ਪੱਖੋਂ ਬਹੁਤ ਸੁੰਦਰ-ਦ੍ਰਿਸ਼ ਪੇਸ਼ ਕੀਤੇ ਗਏ ਹਨ। ਕਲਪਨਾ ਤੇ ਰਹੱਸ ਦਾ ਸੁਮੇਲ ਸਲਾਹੁਣਯੋਗ ਹੈ। ਸੋਚਣ ਵਾਲੀ ਗੱਲ ਹੈ ਕਿ ਬੱਚਾ ਇਸ ਸੰਵਾਦ ਨੂੰ ਸਮਝਣ ਦੇ ਯੋਗ ਹੋ ਸਕੇਗਾ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
(ਦੋ ਨਾਵਲ)
ਚੌਦਾਂ ਨੰਬਰ ਗੰਨ
ਗੱਡੀਆਂ ਵਾਲੀ
ਲੇਖਕ : ਬਖਤਾਵਰ ਸਿੰਘ ਦਿਓਲ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਸ਼ਰਜ਼, ਦਿੱਲੀ
ਮੁੱਲ : 350 ਰੁਪਏ, ਸਫ਼ੇ : 143
ਸੰਪਰਕ : 98119-86433
ਬਖਤਾਵਰ ਸਿੰਘ ਦਿਓਲ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਅਤੇ ਨਿਵੇਕਲੀ ਲਿਖਣ ਸ਼ੈਲੀ ਅਤੇ ਸੰਵੇਦਨਾ ਕਰਕੇ ਜਾਣਿਆ ਜਾਂਦਾ ਸੀ। ਹੁਣ ਉਸ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀਆਂ ਅਣਛਪੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਹ ਪੁਸਤਕ ਉਸੇ ਲੜੀ ਦਾ ਇਕ ਅਹਿਮ ਹਿੱਸਾ ਹੈ। ਨਾਵਲਿਟ 'ਚੌਦਾਂ ਨੰਬਰ ਗੰਨ' ਵਿਚ ਇਹ ਸੇਵਾ-ਮੁਕਤ ਫ਼ੌਜੀ ਆਪਣੀ ਧੀ ਪਾਸ਼ੋ ਨੂੰ ਬਿਮਾਰੀ ਦੀ ਹਾਲਤ ਵਿਚ ਪਾਕਿਸਤਾਨ ਨਾਲ ਪੁੰਛ ਖੇਤਰ ਵਿਚ ਲੜੀ ਲੜਾਈ ਦੀ ਗਾਥਾ ਸੁਣਾਉਂਦਾ ਹੈ। ਉਹ ਨੀਮ ਬੇਹੋਸ਼ੀ ਦੀ ਹਾਲਤ ਵਿਚ ਹੈ ਤੇ ਬੁਖ਼ਾਰ ਦਾ ਵੀ ਭੰਨਿਆ ਹੋਇਆ ਹੈ। ਇਥੇ ਸਮਾਂ ਸ਼ਾਇਦ 84 ਦਾ ਹੈ। ਲੇਖਕ ਇਸ ਨੂੰ ਕੇਵਲ ਸੰਕੇਤਾਂ ਅਤੇ ਇਸ਼ਾਰਿਆਂ ਨਾਲ ਹੀ ਜ਼ਾਹਰ ਕਰਦਾ ਹੈ। ਉਸ ਦੀ ਪਤਨੀ ਇਹੋ ਜਿਹੇ ਭਿਆਨਕ ਲੜਾਈ ਵੇਲੇ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਹੋਈ ਹੈ। ਫ਼ੌਜੀ ਹੁਣ ਕਿਸੇ ਬੈਂਕ 'ਚ ਗੰਨਮੈਨ ਦੀ ਡਿਊਟੀ ਨਿਭਾ ਰਿਹਾ ਹੈ। ਮਾਹੌਲ ਗਹਿਗੱਚ ਲੜਾਈ ਦਾ ਹੈ। ਗੋਲੇ, ਗੋਲੀਆਂ, ਬੰਬ ਉਨ੍ਹਾਂ ਦੇ ਕਮਜ਼ੋਰ ਘਰ 'ਤੇ ਡਿਗਦੇ ਘਰ ਦਾ ਨੁਕਸਾਨ ਕਰ ਰਹੇ ਹਨ। ਇਸ ਦੇ ਸਮਾਨਾਂਤਰ ਉਹ ਪੁੰਛ ਖੇਤਰ ਵਿਚ ਜਦੋਂ ਉਹ ਤੇ ਉਸ ਦਾ ਮਿੱਤਰ ਸ਼ਮਸ਼ੇਰ ਕਿਸੇ ਮੁਸਲਮਾਨ ਦੇ ਘਰ ਪਨਾਹ ਲੈਂਦੇ ਹਨ ਤਾਂ ਉਸ ਦਾ ਇਕ ਜੀਅ ਰਾਸ਼ਿਦ ਵੀ ਜੰਗ ਵਿਚ ਗਿਆ ਹੋਇਆ ਹੈ। ਉਸ ਦੀ ਬੁੱਢੀ ਮਾਂ ਨੀਮ ਪਾਗਲ ਹੋਈ ਪਈ ਹੈ। ਉਹ ਰਹਿ-ਰਹਿ ਕੇ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ। ਸਮਸ਼ੇਰ ਵੀ ਮਰਨ ਕਿਨਾਰੇ ਹੈ। ਉਸ ਘਰ ਦੀ ਨੂੰਹ ਆਮਨਾ ਸ਼ਮਸ਼ੇਰ ਨਾਲ ਲੇਟ ਕੇ ਉਸ ਦੇ ਪਿੰਡੇ ਨੂੰ ਨਿੱਘ ਦੇਣ ਦਾ ਯਤਨ ਕਰਦੀ ਹੈ। ਭਾਰਤੀ ਫ਼ੌਜ ਦੇ ਸਿਪਾਹੀ ਤੇ ਡਾਕਟਰ ਉਸ ਔਰਤ ਦੀ ਕੁਰਬਾਨੀ ਅਤੇ ਜਜ਼ਬਾ ਦੇਖਦੇ ਅਸ਼-ਅਸ਼ ਕਰ ਉੱਠਦੇ ਹਨ ਤੇ ਉਸ ਨੂੰ ਐਵਾਰਡ ਦੇਣ ਦੀ ਸਿਫ਼ਾਰਿਸ਼ ਕਰਦੇ ਹਨ। ਇਧਰ ਫ਼ੌਜੀ ਆਪਣੀ ਧੀ ਪਾਸ਼ੋ ਨੂੰ ਆਪਣੀਆਂ ਯਾਦਾਂ ਬਿਆਨ ਕਰਦਾ-ਕਰਦਾ ਠੰਢਾ ਹੋਣਾ ਸ਼ੁਰੂ ਕਰ ਦਿੰਦਾ ਹੈ। ਸ਼ਮਸ਼ੇਰ ਨੂੰ ਵੀ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਨਾਵਲਿਟ ਲੇਖਕ ਵਲੋਂ ਦਿੱਤੇ ਮਾਨਵਵਾਦੀ ਸੁਨੇਹੇ ਨਾਲ ਮੁੱਕ ਜਾਂਦਾ ਹੈ।
ਦੂਸਰਾ ਨਾਵਲਿਟ 'ਗੱਡੀਆਂ ਵਾਲੀ' ਉਮਤੀ ਅਤੇ ਜ਼ੈਲਦਾਰ ਦੇ ਪੁੱਤ ਕਰਤਾਰ ਦੀ ਪ੍ਰੇਮ ਕਹਾਣੀ ਬਿਆਨ ਕਰਦੀ ਹੈ। ਦੋਵੇਂ ਇਕ-ਦੂਸਰੇ ਨੂੰ ਚਾਹੁੰਦੇ ਹਨ ਤੇ ਹਰ ਹੀਲੇ ਇਕ ਦੂਜੇ ਨਾਲ ਵਿਆਹ ਕਰਨਾ ਲੋਚਦੇ ਹਨ। ਜ਼ੈਲਦਾਰ ਨੂੰ ਇਹ ਗੱਲ ਪਸੰਦ ਨਹੀਂ ਹੈ। ਕਈ ਤਰ੍ਹਾਂ ਦੇ ਘਟਨਾਚੱਕਰ ਅਤੇ ਝਗੜੇ ਝੇੜਿਆਂ ਤੋਂ ਬਾਅਦ ਆਖ਼ਰ ਨਾਵਲਿਟ ਸੁਖਾਂਤਕ ਮੋੜ ਕੱਟ ਕੇ ਖ਼ਤਮ ਹੋ ਜਾਂਦਾ ਹੈ ਜਦ ਜ਼ੈਲਦਾਰ ਜਵਾਨ ਬੱਚਿਆਂ ਦੀ ਇੱਛਾ 'ਤੇ ਫੁੱਲ ਚੜ੍ਹਾਉਂਦਾ ਹੋਇਆ, ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੰਦਾ ਹੈ। ਜੱਸਾ ਜਿਹੇ ਲੋਫਰ ਬੰਦੇ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਦਿਖਾਈ ਦਿੰਦੇ ਹਨ।
ਦਿਓਲ ਮਾਹੌਲ ਸਿਰਜਣ ਦਾ ਮਾਹਿਰ ਹੈ। ਘਟਨਾਵਾਂ ਮੁਤਾਬਿਕ ਬੋਲੀ ਅਤੇ ਮਾਹੌਲ ਦੀ ਸਿਰਜਣਾ ਉਸ ਦੀ ਵਾਰਤਕ ਦਾ ਮੀਰੀ ਗੁਣ ਹੈ। ਮਨੁੱਖਵਾਦੀ ਸੰਵੇਦਨਾ ਉਸ ਦੀ ਫਿਕਸ਼ਨ ਦਾ ਹੋਰ ਮੀਰੀ ਗੁਣ ਹੈ। ਨਾਵਲਿਟ ਰੌਚਕ ਹਨ।
-ਕੇ. ਐਲ. ਗਰਗ
ਮੋਬਾਈਲ : 94635-37050
ਪਗਡੰਡੀਆਂ
ਭਾਗ-ਦੂਜਾ
ਲੇਖਿਕਾ : ਬਚਿੰਤ ਕੌਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98725-72060
ਸ੍ਰੀਮਤੀ ਬਚਿੰਤ ਕੌਰ ਪੰਜਾਬੀ ਜ਼ਬਾਨ ਦੀ ਇਕ ਪ੍ਰਮੁੱਖ ਕਥਾਕਾਰ ਅਤੇ ਕਵਿੱਤਰੀ ਹੈ। ਉਸ ਨੇ ਆਪਣੀ ਸਵੈ-ਜੀਵਨੀ 'ਪਗਡੰਡੀਆਂ' ਦਾ ਦੂਜਾ ਭਾਗ ਸਾਲ 2023 ਵਿਚ, ਹੀ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਕੁਝ ਘਟਨਾਵਾਂ 1965-66 ਤੋਂ ਸ਼ੁਰੂ ਹੁੰਦੀਆਂ ਹਨ ਜਦੋਂ ਉਹ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਵਿਚ ਕੀ-ਪੰਚ-ਆਪਰੇਟਰ ਵਜੋਂ ਨੌਕਰੀ ਕਰ ਰਹੀ ਸੀ। ਇਸ ਸਮੇਂ ਉਹ ਇਕ ਸ਼ਾਦੀ-ਸ਼ੁਦਾ ਅਤੇ ਬਾਲ-ਬੱਚਿਆਂ ਵਾਲੀ ਔਰਤ ਸੀ ਪਰ ਫਿਰ ਵੀ ਨੌਕਰੀ ਕਰਨ ਵਾਸਤੇ ਉਸ ਦੇ ਮਨ ਵਿਚ ਬੇਤਹਾਸ਼ਾ ਸ਼ੌਕ ਸੀ। ਉਹ ਨਾਲੋ-ਨਾਲ ਪੜ੍ਹ ਵੀ ਰਹੀ ਸੀ। ਪਹਿਲਾਂ ਗਿਆਨੀ, ਫਿਰ ਐਫ.ਏ., ਉਪਰੰਤ ਬੀ.ਏ. ਅਤੇ ਆਖ਼ਰ ਪੰਜਾਬੀ ਸਾਹਿਤ ਵਿਚ ਐਮ.ਏ.। ਪਿੰਡ ਭੜੋ (ਨਾਭਾ) ਦੀ ਜੰਮੀ-ਜਾਈ ਵਿਆਹ ਉਪਰੰਤ ਦਿੱਲੀ ਪਹੁੰਚੀ, ਤਾਂ ਉਸ ਦੀ ਉਡਾਣ ਨੂੰ ਬੜੇ ਮਜ਼ਬੂਤ ਖੰਭ ਮਿਲ ਗਏ ਅਤੇ ਇਨ੍ਹਾਂ ਦੀ ਬਦੌਲਤ ਉਹ ਖੁੱਲ੍ਹੇ ਅਸਮਾਨ ਵਿਚ ਉਡਾਰੀਆਂ ਭਰ ਰਹੀ ਸੀ। ਬਚਿੰਤ ਕੌਰ ਲਈ ਇਕ ਤੋਂ ਬਾਅਦ ਇਕ ਦਰਵਾਜ਼ੇ ਆਪਣੇ-ਆਪ ਖੁੱਲ੍ਹਦੇ ਗਏ। ਉਸ ਦੇ ਮਨ ਵਿਚ ਕੁਝ ਕਰਨ, ਕੁਝ ਬਣਨ ਦੀ ਜੋ ਇੱਛਾ ਸੀ, ਕੁਦਰਤ ਨੇ ਉਸ ਨੂੰ ਪੂਰਾ ਕਰਨ ਲਈ ਠਾਣ ਲਈ ਸੀ। ਦਿੱਲੀ ਵਿਚ ਇਕ ਪ੍ਰਮੁੱਖ ਲੇਖਕਾ ਹੋਣ ਦੀ ਵਜ੍ਹਾ ਨਾਲ ਉਹ ਕਈ ਵਾਰ ਵਿਸ਼ਵ ਕਾਨਫ਼ਰੰਸਾਂ ਵਿਚ ਭਾਗ ਲੈਣ ਲਈ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿਚ ਜਾ ਸਕੀ। ਇਕ ਵਾਰ ਉਸ ਨੇ ਪਾਕਿਸਤਾਨ ਦੀ ਯਾਤਰਾ ਵੀ ਕੀਤੀ। ਉਸ ਦਾ ਪਤੀ ਕੁਝ ਸਮੇਂ ਲਈ ਅਮਰੀਕਾ ਆਣ ਵਸਿਆ ਸੀ ਪਰ ਇਥੇ ਹੀ 1996 ਈ. ਵਿਚ ਉਸ ਦੀ ਮ੍ਰਿਤੂ ਹੋ ਗਈ। ਉਸ ਦਾ ਬੇਟਾ ਕੁੱਕੀ ਅਤੇ ਇਕ ਭਰਾ ਬਲਵੰਤ ਸਿੰਘ ਵੀ ਅਮਰੀਕਾ ਰਹਿੰਦੇ ਸਨ। ਸਾਲ 2000 ਵਿਚ ਉਸ ਨੂੰ ਵੀ ਅਮਰੀਕਾ ਆਉਣ ਦਾ ਮੌਕਾ ਮਿਲ ਗਿਆ ਸੀ। ਉਹ 2004 ਈ. ਤੱਕ ਇਥੇ ਰਹੀ, ਉਸ ਨੂੰ ਗਰੀਨ-ਕਾਰਡ ਵੀ ਮਿਲ ਗਿਆ ਸੀ। ਕਿਸੇ ਸਮੇਂ ਉਸ ਦੇ ਸਮੁੱਚੇ ਪਰਿਵਾਰ ਨੇ ਰਾਧਾ ਸੁਆਮੀ ਸੰਪਰਦਾਇ ਵਿਚ ਪ੍ਰਵੇਸ਼ ਕਰ ਲਿਆ ਸੀ ਅਤੇ ਸਾਲਾਨਾ ਸਤਿਸੰਗ ਦੇ ਸਮੇਂ ਉਹ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਇਸ ਡੇਰੇ ਵਿਚ ਆਇਆ ਕਰਦੇ ਸਨ। ਇਸੇ ਕਾਰਨ ਅਮਰੀਕਾ ਤੋਂ ਵਾਪਸ ਆ ਕੇ ਲਗਭਗ 12 ਵਰ੍ਹੇ ਉਸ ਨਰਸਿੰਗ ਵਾਰਡਨ ਦੇ ਰੂਪ ਵਿਚ ਇਸ ਡੇਰੇ ਦੀ ਸੇਵਾ ਵੀ ਕੀਤੀ। ਬਚਿੰਤ ਕੌਰ ਦੀ ਇਹ ਸਵੈ-ਜੀਵਨੀ ਬਹੁਤ ਦਿਲਚਸਪ ਹੈ। ਕਿਧਰੇ-ਕਿਧਰੇ ਤੱਥਾਂ ਦੀਆਂ ਕੁਝ ਗ਼ਲਤੀਆਂ ਵੀ ਨਜ਼ਰ ਆ ਜਾਂਦੀਆਂ ਹਨ। ਜਿਵੇਂ ਲੇਖਿਕਾ ਅਨੁਸਾਰ ਮਿਲਖਾ ਸਿੰਘ ਨੇ ਉਲੰਪਿਕ ਖੇਡਾਂ (1960) ਵਿਚ ਦੋ ਮੈਡਲ ਹਾਸਿਲ ਕੀਤੇ ਸਨ (ਪੰਨਾ 14)। ਅੰਮ੍ਰਿਤਾ ਪ੍ਰੀਤਮ ਨੂੰ ਨੋਬਲ ਪੁਰਸਕਾਰ ਮਿਲਿਆ ਸੀ। (ਪੰਨਾ 25) ਪਰ ਇਹੋ ਜਿਹੀਆਂ ਭੁੱਲਾਂ ਕਈ ਵਾਰ ਹੋ ਜਾਂਦੀਆਂ ਹਨ। ਉਂਝ ਇਹ ਪੁਸਤਕ ਕਾਫ਼ੀ ਦਿਲਚਸਪ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਪੰਜਾਬੀ ਸੱਭਿਆਚਾਰ ਵਿਚ ਲੋਕ ਵਿਸ਼ਵਾਸ : ਰੂਪ ਅਤੇ ਧਾਰਨਾਵਾਂ
ਲੇਖਕ : ਡਾ. ਸੁਰਿੰਦਰ ਸਿੰਘ ਕੈਥਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 094160-73122
ਪੰਜਾਬੀ ਵਿਚ ਲੋਕਧਾਰਾ ਦਾ ਮੁਢਲਾ, ਸਿੱਕੇਬੰਦ ਕਾਰਜ ਡਾ. ਸ.ਸ. ਵਣਜਾਰਾ ਬੇਦੀ ਨੇ ਕੀਤਾ ਹੈ। ਇਸ ਖੇਤਰ ਵਿਚ ਡਾ. ਕਰਨੈਲ ਸਿੰਘ ਥਿੰਦ, ਡਾ. ਪਿਆਰ ਸਿੰਘ, ਡਾ. ਦੀਵਾਨ ਸਿੰਘ ਤੇ ਡਾ. ਤਰਲੋਕ ਸਿੰਘ ਕੰਵਰ ਨੇ ਨਵੇਂ ਆਯਾਮ ਸਿਰਜੇ ਹਨ। ਪੰਜਾਬੀ ਸੱਭਿਆਚਾਰ ਦੇ ਬਹੁਤ ਸਾਰੇ ਪਹਿਲੂ ਹਨ, ਜਿਨ੍ਹਾਂ ਵਿਚ ਲੋਕ ਵਿਸ਼ਵਾਸ ਦਾ ਅਧਿਐਨ ਕਈ ਨਵੇਂ ਦਿਸਹੱਦਿਆਂ ਨੂੰ ਖੋਲ੍ਹਦਾ ਹੈ। ਡਾ. ਸੁਰਿੰਦਰ ਸਿੰਘ ਕੈਥਲ ਨੇ ਅਕਾਦਮਿਕ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਪੁਸਤਕ ਦੀ ਰਚਨਾ ਖੋਜ ਵਿਧੀ ਅਨੁਸਾਰ ਕੀਤੀ ਹੈ। ਰੀਵਿਊ ਅਧੀਨ ਇਸ ਪੁਸਤਕ ਵਿਚ ਡਾ. ਕੈਥਲ ਨੇ 7 ਕਾਂਡਾਂ ਰਾਹੀਂ ਲੋਕ ਵਿਸ਼ਵਾਸ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਅੰਤਰਗਤ ਪਰਿਭਾਸ਼ਾ-ਪ੍ਰਾਕਿਰਤੀ ਤੇ ਵਰਗੀਕਰਨ, ਮਨੋਵਿਗਿਆਨਕ ਸਿਧਾਂਤ, ਪੰਜਾਬੀ ਸੱਭਿਆਚਾਰ, ਜਾਦੂ ਟੂਣੇ, ਲੋਕ ਧਰਮ, ਸਾਹਿਤ ਤੇ ਸੱਭਿਆਚਾਰ, ਗੁਰੂ ਨਾਨਕ ਬਾਣੀ ਨੂੰ ਸਮਝਣ-ਸਮਝਾਉਣ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ। ਲੇਖਕ ਮੁਤਾਬਿਕ ਲੋਕ ਵਿਸ਼ਵਾਸ ਸਾਡੇ ਜੀਵਨ ਦੇ ਹਰ ਕੋਨੇ ਵਿਚ ਆਪਣੀ ਹੋਂਦ ਰੱਖਦੇ ਹਨ। ਜਿੱਥੇ ਵਿਗਿਆਨ ਸਾਡੇ ਪ੍ਰਸ਼ਨਾਂ ਦਾ ਉੱਤਰ ਦੇਣ ਵਿਚ ਅਸਮਰੱਥ ਹੈ, ਉੱਥੇ ਲੋਕ ਵਿਸ਼ਵਾਸਾਂ ਨੂੰ ਆਧਾਰ ਬਣਾ ਕੇ ਮਨੁੱਖ ਆਪਣੇ ਕਾਰਜਾਂ ਦਾ ਮਨੋਰਥ ਤੇ ਇੱਛਾ ਪੂਰਤੀ ਕਰਦਾ ਹੈ। ਲੋਕ ਵਿਸ਼ਵਾਸ ਮਾਨਸਿਕ ਅਨੁਭੂਤੀ ਕਰਕੇ ਲੋਕ ਮਨਾਂ ਵਿਚ ਪ੍ਰਵਾਨ ਹੁੰਦੇ ਹਨ। ਲੋਕ ਮਾਨਸਿਕਤਾ ਦਾ ਪੱਧਰ ਘਟਣ-ਵਧਣ ਨਾਲ ਲੋਕ ਵਿਸ਼ਵਾਸਾਂ ਦੀ ਪ੍ਰਵਾਨਗੀ ਵੀ ਘਟਦੀ-ਵਧਦੀ ਰਹਿੰਦੀ ਹੈ। ਪੰਜਾਬੀ ਲੋਕ ਜੀਵਨ ਵਿਚ ਵਿਭਿੰਨ ਸਮਿਆਂ 'ਤੇ ਕੀਤੇ ਜਾਣ ਵਾਲੇ ਰੀਤੀ ਰਿਵਾਜ ਧਾਰਮਿਕ ਤੇ ਸਮਾਜਿਕ ਤੌਰ 'ਤੇ ਲੋਕ ਮਨ ਵਿਚ ਪ੍ਰਵਾਨ ਹੋ ਚੁੱਕੇ ਹਨ, ਜਿਸ ਵਿਚ ਜਨਮ ਤੋਂ ਮੌਤ ਤੱਕ ਦੀਆਂ ਰਸਮਾਂ ਸ਼ਾਮਿਲ ਹਨ। ਜਾਦੂ ਟੂਣੇ ਵੀ ਪੰਜਾਬੀਆਂ ਦੇ ਲੋਕ ਵਿਸ਼ਵਾਸ ਦੀ ਇਕ ਹੋਰ ਕੜੀ ਹਨ, ਜੋ ਸਮੇਂ-ਸਮੇਂ 'ਤੇ ਚੰਗੇ ਮਾੜੇ ਹਾਲਾਤ ਵਿਚ ਵਰਤੀ ਜਾਂਦੀ ਵਿਖਾਈ ਦਿੰਦੀ ਹੈ। ਲੋਕ ਵਿਸ਼ਵਾਸਾਂ ਵਿਚ ਨਰਕ ਸਵਰਗ, ਦੇਵੀ-ਦੇਵਤੇ, ਵਰਤ ਪੂਜਾ, ਸੁੱਖਣਾ ਚੜ੍ਹਾਵੇ, ਤੀਰਥ ਇਸ਼ਨਾਨ, ਗ੍ਰਹਿਣ ਆਦਿ ਦੀ ਵੀ ਕਾਫ਼ੀ ਮਾਨਤਾ ਹੈ। ਗੁਰੂ ਨਾਨਕ ਬਾਣੀ ਵਿਚ ਵੀ ਲੋਕ ਵਿਸ਼ਵਾਸਾਂ ਦੀ ਪੇਸ਼ਕਾਰੀ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਡਾ. ਕੈਥਲ ਨੇ ਸਪੱਸ਼ਟ ਕੀਤਾ ਹੈ ਕਿ ਆਦਿ ਕਾਲ ਤੋਂ ਹੀ ਲੋਕ ਵਿਸ਼ਵਾਸ ਲੋਕ ਮਨਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ ਤੇ ਪੰਜਾਬੀ ਸਾਹਿਤ ਸੱਭਿਆਚਾਰ ਵਿਚ ਇਨ੍ਹਾਂ ਦੀ ਨਿਰੰਤਰ ਹੋਂਦ ਬਰਕਰਾਰ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015