JALANDHAR WEATHER

4-12-2023

 ਮੀਡੀਆ ਕਮਿਸ਼ਨ ਬਣਾਇਆ ਜਾਏ
ਸ਼ੁੱਕਰਵਾਰ 17 ਨਵੰਬਰ ' ਅਜੀਤ ' ਦੇ ਅੰਕ 'ਚ ਕੌਮੀ ਪ੍ਰੈੱਸ ਦਿਵਸ ਸੰਬੰਧੀ ਜਲੰਧਰ ਵਿਖੇ ਕਰਵਾਏ ਗਏ ਸੈਮੀਨਾਰ ਦੀ ਛਪੀ ਖ਼ਬਰ ਦੇ ਸਿਰਲੇਖ਼ 'ਪੱਤਰਕਾਰਾਂ ਦੀ ਸੁਰੱਖਿਆ ਲਈ ਸ਼ਕਤੀਸ਼ਾਲੀ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ' ਬਿਲਕੁਲ ਜਾਇਜ਼ ਕੀਤੀ ਗਈ ਹੈ। ਇਸ ਸੈਮੀਨਾਰ 'ਚ ਇਕੱਠੇ ਹੋਏ ਮਾਹਿਰ ਪੱਤਰਕਾਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਕਾਰਪੋਰੇਟ ਘਰਾਣਿਆਂ ਵਲੋਂ ਮੀਡੀਆ ਨੂੰ ਆਪਣੇ ਪ੍ਰਭਾਵ ਹੇਠ ਲਿਆ ਜਾ ਰਿਹਾ ਹੈ, ਜਿਸ ਕਾਰਨ ਪੱਤਰਕਾਰਾਂ ਨੂੰ ਆਉਣ ਵਾਲੇ ਸਮੇਂ 'ਚ ਕੰਮ ਕਰਨਾ ਬਹੁਤ ਹੀ ਔਖਾ ਹੋ ਜਾਵੇਗਾ। ਦੇਸ਼ ਵਿਚ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ ਪ੍ਰਤੀ ਵੀ ਸੈਮੀਨਾਰ ਦੌਰਾਨ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਮੀਡੀਆ ਕਮਿਸ਼ਨ ਬਣਾਉਣ ਦੀ ਸਰਕਾਰ ਕੋਲੋਂ ਮੰਗ ਕੀਤੀ ਗਈ। ਪੱਤਰਕਾਰਤਾ ਬਹੁਤ ਹੀ ਗੰਭੀਰ ਸੰਕਟ 'ਚੋਂ ਲੰਘ ਰਹੀ ਹੈ। ਮਾਹਿਰਾਂ ਅਨੁਸਾਰ ਦੇਸ਼ ਦੀ ਆਜ਼ਾਦੀ ਵਿਚ ਪੱਤਰਕਾਰਤਾ ਦਾ ਵੱਡਾ ਯੋਗਦਾਨ ਰਿਹਾ ਸੀ। ਦੇਸ਼ 'ਤੇ ਰਾਜ ਕਰਨ ਵਾਲੀਆਂ ਧਿਰਾਂ ਹਮੇਸ਼ਾ ਇਹ ਚਾਹੁੰਦੀਆਂ ਹਨ ਕਿ ਪੱਤਰਕਾਰ ਉਨ੍ਹਾਂ ਦੀ ਬੋਲੀ ਹੀ ਬੋਲਣ। ਪੱਤਰਕਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 'ਚ ਪੂਰੀ ਆਜ਼ਾਦੀ ਅਤੇ ਦਲੇਰੀ ਨਾਲ ਕੰਮ ਕੀਤਾ। ਪਰ ਮੀਡੀਆ ਦੀ ਆਜ਼ਾਦੀ 'ਤੇ ਵੱਡਾ ਹਮਲਾ ਦੇਸ਼ 'ਚ ਲੱਗੀ ਐਮਰਜੈਂਸੀ ਦੌਰਾਨ ਹੋਇਆ। ਜਿਸ ਤੋਂ ਬਾਅਦ ਕੇਂਦਰ ਦੀ ਹਰ ਹਕੂਮਤ ਨੇ ਮੀਡੀਆ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਦੀ ਨੀਤੀਆਂ ਘੜੀਆਂ ਗਈਆਂ। ਹੁਣ ਵੀ ਮੀਡੀਆ ਦੀ ਆਜ਼ਾਦੀ ਖ਼ਤਰੇ 'ਚ ਪਈ ਹੋਈ ਹੈ। ਜਿਸ ਦੇ ਹੱਲ ਲਈ ਪੱਤਰਕਾਰ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨਾ ਪਏਗਾ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪੱਤਰਕਾਰਾਂ ਦੀਆਂ ਸਮੱਸਿਆਵਾਂ ਖ਼ਾਸ ਕਰਕੇ ਫ਼ੀਲਡ ਪੱਤਰਕਾਰਾਂ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

-ਇੰਜੀ. ਲਖਵਿੰਦਰ ਪਾਲ ਗਰਗ,
ਪਿੰਡ ਦੇ ਡਾਕਖ਼ਾਨਾ : ਘਰਾਚੋਂ, (ਸੰਗਰੂਰ)।

ਮਿਲਾਵਟ ਦਾ ਕਹਿਰ
8 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਤਿਉਹਾਰਾਂ ਦੇ ਸੀਜ਼ਨ 'ਚ ਮਿਲਾਵਟ ਦਾ ਬੋਲਬਾਲਾ' (ਸੰਜੀਵ ਸਿੰਘ ਸੈਣੀ) ਵਿਚ ਦਿਨੋ-ਦਿਨ ਵਧ ਰਹੀ ਮਿਲਾਵਟ ਬਾਰੇ ਦੱਸਿਆ ਹੈ। ਇਹ ਸੱਚ ਹੈ ਕਿ ਅੱਜ ਦੇ ਸਮੇਂ ਵਿਚ ਹਰ ਇਕ ਚੀਜ਼ ਵਿਚ ਮਿਲਾਵਟ ਹੈ, ਚਾਹੇ ਉਹ ਖਾਣ-ਪੀਣ ਦਾ ਸਾਮਾਨ ਹੋਵੇ ਜਾਂ ਫਿਰ ਦਵਾਈਆਂ। ਪਹਿਲਾਂ ਦੇ ਸਮੇਂ ਵਿਚ ਕਿਸੇ ਵੀ ਚੀਜ਼ ਵਿਚ ਮਿਲਾਵਟ ਨਹੀਂ ਸੀ ਹੁੰਦੀ। ਦੁੱਧ, ਤੇਲ, ਘਿਉ, ਮਠਿਆਈਆਂ, ਦਵਾਈਆਂ ਸਭ ਚੀਜ਼ਾਂ ਸ਼ੁੱਧ ਹੁੰਦੀਆਂ ਸਨ ਪਰ ਅੱਜ ਦੇ ਸਮੇਂ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ ਹੁੰਦੀ, ਜਿਸ ਵਿਚ ਮਿਲਾਵਟ ਨਾ ਹੋਵੇ।
ਮਠਿਆਈਆਂ ਵੀ ਕਈ ਤਰ੍ਹਾਂ ਦੀ ਮਿਲਾਵਟ ਦੇ ਨਾਲ ਤਿਆਰ ਹੁੰਦੀਆਂ ਹਨ। ਉਨ੍ਹਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਪਾ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਤਾਂ ਉਹ ਵੱਡੇ ਪੱਧਰ 'ਤੇ ਵਿਕਦੀਆਂ ਹਨ। ਅੱਜ ਦਾ ਮਨੁੱਖ ਚੀਜ਼ਾਂ ਵਿਚ ਮਿਲਾਵਟ ਸ਼ਾਮਿਲ ਹੋਣ ਕਾਰਨ ਨਿਰਾ ਜ਼ਹਿਰ ਖਾ ਰਿਹਾ ਹੈ, ਜਿਸ ਕਾਰਨ ਬੱਚੇ ਵੀ ਛੋਟੀ ਉਮਰ ਵਿਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਮਨੁੱਖੀ ਸਰੀਰ ਨੂੰ ਦਿਲ, ਗੁਰਦਿਆਂ, ਪਾਚਣ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ, ਕੈਂਸਰ ਆਦਿ ਬਿਮਾਰੀਆਂ ਨੇ ਘੇਰ ਲਿਆ ਹੈ। ਇਸ ਲਈ ਦਿਨੋ-ਦਿਨ ਵਧ ਰਹੇ ਇਸ ਮਿਲਾਵਟ ਦੇ ਕਹਿਰ ਨੂੰ ਰੋਕਿਆ ਜਾਵੇ ਤਾਂ ਕਿ ਲੋਕਾਂ ਨੂੰ ਸ਼ੁੱਧ ਚੀਜ਼ਾਂ ਦੀ ਪ੍ਰਾਪਤੀ ਹੋ ਸਕੇ ਅਤੇ ਉਹ ਤੰਦਰੁਸਤ ਰਹਿਣ।

-ਰਮਨਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)

ਬਜ਼ੁਰਗਾਂ ਦਾ ਸਤਿਕਾਰ
ਬਜ਼ੁਰਗ ਘਰ ਦਾ ਅਨਮੋਲ ਗਹਿਣਾ ਹੁੰਦੇ ਹਨ। ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ। ਉਨ੍ਹਾਂ ਨੂੰ ਅਦਬ ਸਤਿਕਾਰ ਨਹੀਂ ਮਿਲਦਾ, ਜਿਸ ਦੇ ਉਹ ਅਸਲ ਹੱਕਦਾਰ ਹੁੰਦੇ ਹਨ। ਬਜ਼ੁਰਗ ਹਰ ਘਰ ਵਿਚ ਰੌਸ਼ਨੀ ਵਾਂਗ ਹੁੰਦੇ ਹਨ, ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਘਰ ਵਿਚ ਬਜ਼ੁਰਗਾਂ ਦਾ ਆਸਰਾ ਰੱਬ ਵਰਗਾ ਹੁੰਦਾ ਹੈ। ਘਰ ਨੂੰ ਘਰ ਬਣਾਉਣ ਵਿਚ ਬਜ਼ੁਰਗਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਬਜ਼ੁਰਗਾਂ ਦੇ ਲਾਡ-ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ। ਉਨ੍ਹਾਂ ਵਿਚ ਆਪਣਾਪਣ, ਸਤਿਕਾਰ ਤੇ ਮਿਲਵਰਤਣ ਦੀ ਭਾਵਨਾ ਆ ਜਾਂਦੀ ਹੈ। ਬਜ਼ੁਰਗਾਂ ਦਾ ਘਰ ਵਿਚ ਵਿਸ਼ੇਸ਼ ਸਥਾਨ ਹੁੰਦਾ ਹੈ। ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ। ਉਨ੍ਹਾਂ ਦੀਆਂ ਇੱਛਾਵਾਂ ਦਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ। ਸਮੇਂ ਦੀ ਘਾਟ ਨੂੰ ਬਹਾਨਾ ਬਣਾ ਕੇ ਕੋਈ ਵੀ ਅੱਜ ਬਜ਼ੁਰਗਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਅੱਜ ਦੇ ਸਮੇਂ ਵਿਚ ਸਮਾਜਿਕ ਕਦਰਾਂ-ਕੀਮਤਾਂ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਬਜ਼ੁਰਗਾਂ ਦੀ ਸੰਭਾਲ ਤੇ ਉਨ੍ਹਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ।

-ਗਗਨਦੀਪ ਕੌਰ
ਬਲਾਕ ਸਮਾਣਾ-2 (ਪਟਿਆਲਾ)