JALANDHAR WEATHER

22-09-2023

 ਆਓ, ਸੁਚੱਜੇ ਅਧਿਆਪਕ ਬਣੀਏ

ਗੁਰੂ ਉਸ ਅਦਭੁੱਤ ਪਾਰਸ ਦੇ ਸਮਾਨ ਹੈ, ਜੋ ਸਿਰਫ਼ ਵਿਦਿਆਰਥੀ ਵਰਗ ਨੂੰ ਹੀ ਨਹੀਂ ਸਗੋਂ ਸਮੁੱਚੇ ਸਮਾਜ ਨੂੰ ਸੋਨਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਸ਼੍ਰਿਸ਼ਟੀ ਦੇ ਆਰੰਭ ਤੋਂ ਹੀ ਇਨਸਾਨ ਗਿਆਨ ਪ੍ਰਾਪਤੀ ਲਈ ਭਟਕਦਾ ਰਿਹਾ ਹੈ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ। ਰਾਮ ਚੰਦਰ ਦੁਆਰਾ ਵਿਸ਼ਵਾਮਿੱਤਰ, ਕੌਰਵਾ, ਪਾਂਡਵਾਂ ਦੁਆਰਾ ਦ੍ਰੋਣਾਚਾਰੀਆ ਵਰਗੇ ਗੁਰੂਆਂ ਤੋਂ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਹੀ ਇਨ੍ਹਾਂ ਨੇ ਮਹਾਨਤਾ ਨੂੰ ਪ੍ਰਗਟਾਇਆ। ਇਕ ਸੱਚਾ ਗੁਰੂ ਹੀ ਇਨਸਾਨ ਦਾ ਮਾਰਗ-ਦਰਸ਼ਨ ਕਰ ਸਕਦਾ ਹੈ, ਜਿਸ ਨਾਲ ਉਹ ਆਦਮੀ ਤੋਂ ਇਨਸਾਨ ਦੀ ਅਵਸਥਾ ਤੱਕ ਪਹੁੰਚਦਾ ਹੈ। ਇਕ ਪਾਰਖੂ ਅਧਿਆਪਕ ਹੀ ਵਿਦਿਆਰਥੀਆਂ ਦੇ ਗੁਣਾਂ ਨੂੰ ਤਰਾਸ਼ ਕੇ ਹੀਰੇ ਤੋਂ ਵੱਧ ਤੇਜਸਵੀ ਬਣਾ ਸਕਦਾ ਹੈ, ਜ਼ਰੂਰਤ ਹੈ ਬਸ ਯੋਗ ਰਹਿਨੁਮਾਈ ਦੀ ਸਹੀ ਮਾਰਗ ਦਰਸ਼ਨ ਦੀ।
ਮਿਹਨਤਕਸ਼ ਬੱਚਿਆਂ ਦੇ ਭਵਿੱਖ ਪ੍ਰਤੀ ਅਵੇਸਲੇ ਰਹਿਣਾ, ਇਕ ਚੰਗੇ ਅਧਿਆਪਕ ਦਾ ਗੁਣ ਨਹੀਂ। ਸੋ ਸਾਥਿਓ! ਅੱਜ ਤੋਂ ਪ੍ਰਣ ਕਰੀਏ, ਇਕ ਸੁਚੱਜੇ ਅਧਿਆਪਕ ਬਣਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਆਪ ਨੂੰ ਅਧਿਆਪਨ ਕਿੱਤੇ ਪ੍ਰਤੀ ਸਮਰਪਿਤ ਕਰੀਏ, ਜਿਸ ਦੇਸ਼ ਦੇ ਰਹਿਨੁਮਾ ਇਸ ਤਰ੍ਹਾਂ ਦੇ ਹੋਣਗੇ ਉਹ ਦੇਸ਼ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ।

-ਹਰਜੀਤ ਕੌਰ
(ਪੰਜਾਬੀ ਮਿਸਟ੍ਰੈਸ), ਸਰਕਾਰੀ ਹਾਈ ਸਕੂਲ, ਸਹਿਜਪੁਰਾ ਕਲਾਂ।

ਬਾਬੇ ਨਾਨਕ ਦਾ ਵਿਆਹ

'ਹਰਿ ਪ੍ਰਭਿ ਕਾਜੁ ਰਚਾਇਆ॥
ਗੁਰਮੁਖਿ ਵੀਆਹਣਿ ਆਇਆ॥'

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਿਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜੋ ਇਸ ਸਾਲ ਵੀ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੁਨੀਆ ਭਰ 'ਚੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਇਸ ਅਸਥਾਨ 'ਤੇ ਆ ਕੇ ਹਾਜ਼ਰੀ ਭਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਬਾਬਾ ਜੀ ਦੇ ਵਿਆਹ ਦੀ ਯਾਦਗਾਰ ਕੰਧ 'ਗੁਰਦੁਆਰਾ ਸ੍ਰੀ ਕੰਧ ਸਾਹਿਬ' ਵਿਖੇ ਸਥਿਤ ਹੈ। ਬਟਾਲਾ ਨਿਵਾਸੀਆਂ ਲਈ ਇਹ ਦਿਨ ਬੇਹੱਦ ਖ਼ਾਸ ਹੈ। ਗੁਰਦੁਆਰਾ ਸਾਹਿਬ ਨੂੰ ਵਧੀਆ ਢੰਗ ਨਾਲ ਸਜਾਇਆ ਜਾਂਦਾ ਹੈ। ਸ੍ਰੀ ਅਖੰਡ ਪਾਠ ਚਲ ਰਹੇ ਹਨ। ਸੰਗਤਾਂ ਵਲੋਂ ਨਗਰ ਕੀਰਤਨ ਕੱਢੇ ਜਾ ਰਹੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਮਨੁੱਖੀ ਕਲਿਆਣ ਦੀ ਦਿਸ਼ਾ ਵਿਚ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਇਕ ਚੰਗੇ ਤੇ ਸਕਾਰਾਤਮਿਕ ਸਮਾਜ ਦੀ ਸਿਰਜਣਾ ਕੀਤੀ। ਆਓ, ਅਸੀਂ ਵੀ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ। ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਗਿਆਨ ਦੇ ਲੜ ਲੱਗੀਏ।

-ਤੇਜਿੰਦਰ ਕੌਰ
ਬਟਾਲਾ (ਗੁਰਦਾਸਪੁਰ)

ਇਕ ਰੁੱਖ, ਸੌ ਸੁੱਖ

ਸਾਡੇ ਦੇਸ਼ ਵਾਸੀਆਂ ਨੂੰ ਰੁੱਖਾਂ ਬਾਰੇ ਇੰਨੀ ਜਾਗਰੂਕਤਾ ਨਹੀਂ ਹੈ, ਜਿੰਨੀ ਕਿ ਵਿਦੇਸ਼ ਵਿਚ ਰਹਿੰਦੇ ਵਿਅਕਤੀਆਂ ਨੂੰ ਹੈ। ਮੈਂ ਪਿਛਲੇ ਪੰਜ ਸਾਲਾਂ ਵਿਚ ਦੋ ਵਾਰ ਕੈਨੇਡਾ ਜਾ ਕੇ ਆਇਆ ਹਾਂ। ਉੱਥੇ ਦਰੱਖ਼ਤ ਲਗਾਉਂਦੇ ਹਨ ਪਰ ਉਨ੍ਹਾਂ ਦੀ ਸੰਭਾਲ ਬਹੁਤ ਕਰਦੇ ਹਨ। ਮੈਂ ਪਿਛਲੇ ਪੰਜ ਸਾਲਾਂ ਵਿਚ 10 ਦਰੱਖ਼ਤ ਲਗਾਏ ਹਨ। ਲਗਭਗ ਸਾਰੇ ਠੀਕ ਚੱਲ ਰਹੇ ਹਨ। ਕੁਝ ਦਰੱਖਤ ਸਰਕਾਰੀ ਸਕੂਲਾਂ ਵਿਚ ਲਗਾਏ ਹਨ। ਕੁਝ ਸਾਂਝੀਆਂ ਥਾਵਾਂ 'ਤੇ। ਦਰੱਖਤ ਲਗਾਉਣੇ ਵੀ ਜ਼ਰੂਰੀ ਹਨ ਪਰ ਉਸ ਤੋਂ ਵੀ ਜ਼ਰੂਰੀ ਉਨ੍ਹਾਂ ਦੀ ਸਾਂਭ-ਸੰਭਾਲ ਹੈ। ਇਹ ਸਾਨੂੰ ਆਕਸੀਜਨ ਦਿੰਦੇ ਹਨ, ਦਵਾਈਆਂ ਦਿੰਦੇ ਹਨ, ਲੱਕੜੀ ਪ੍ਰਾਪਤ ਹੁੰਦੀ ਹੈ। ਵਾਤਾਵਰਨ ਨੂੰ ਸ਼ੁੱਧ ਕਰਦੇ ਹਨ। ਵਰਖਾ ਲਿਆਉਣ ਵਿਚ ਸਹਾਇਕ ਹੈ। ਪੰਛੀ ਆਪਣੇ ਆਲ੍ਹਣੇ ਦਰੱਖਤਾਂ 'ਤੇ ਬਣਾਉਂਦੇ ਹਨ। ਹਰ ਮਨੁੱਖ ਲਾਵੇ ਇਕ ਰੁੱਖ, ਇੰਨਾ ਹੀ ਨਹੀਂ, ਹਰ ਮਨੁੱਖ ਰੁੱਖ ਲਗਾ ਕੇ ਉਸ ਨੂੰ ਪਾਲੇ ਵੀ।

-ਜੋਗਿੰਦਰ ਸਿੰਘ ਲੋਹਾਮ
ਡਬਲਿਊ-29/275, ਜਮੀਅਤ ਸਿੰਘ ਰੋਡ, ਮੋਗਾ।

ਮਾਂ ਤੇ ਸੱਸ ਇਕ ਹੀ ਰੂਪ

ਰੋਂਦੇ ਹੋਏ ਸੰਸਾਰ ਵਿਚ ਆਏ ਤਾਂ ਮਾਂ ਨੇ ਗੋਦੀ ਵਿਚ ਬਿਠਾਇਆ। ਰੋਂਦੇ ਹੋਏ ਸਹੁਰੇ ਗਏ ਤਾਂ ਸੱਸ ਨੇ ਗੱਲ ਨਾਲ ਲਾਇਆ। ਮਾਂ ਨੇ ਜੀਵਨ ਦਿੱਤਾ, ਤਾਂ ਸੱਸ ਨੇ ਜੀਵਨ ਵਿਚ ਚੱਲਣਾ ਸਿਖਾਇਆ। ਮਾਂ ਨੇ ਚੱਲਣਾ-ਬੈਠਣਾ ਸਿਖਾਇਆ ਤਾਂ ਸੱਸ ਨੇ ਸਮਾਜ ਵਿਚ ਉੱਠਣਾ-ਬੈਠਣਾ ਸਿਖਾਇਆ। ਮਾਂ ਨੇ ਘਰ ਦੇ ਕੰਮ ਸਿਖਾਏ ਤੇ ਸੱਸ ਨੇ ਘਰ ਚਲਾਉਣਾ। ਮਾਂ ਨੇ ਕੋਮਲ ਕਲੀ ਬਣਾਇਆ ਤਾਂ ਸੱਸ ਨੇ ਇਕ ਬੂਟਾ। ਮਾਂ ਨੇ ਸੁੱਖ ਵਿਚ ਜਿਊਣਾ ਸਿਖਾਇਆ ਤਾਂ ਸੱਸ ਨੇ ਦੁੱਖ ਵਿਚ ਜਿਊਣਾ ਸਿਖਾਇਆ। ਮਾਂ ਇਕ ਰੱਬ ਦਾ ਰੂਪ ਹੈ ਤਾਂ ਸੱਸ ਗੁਰੂ ਸਮਾਨ ਹੈ।

-ਚਰਨਜੀਤ ਕੌਰ

ਧਰਮ ਦੇ ਨਾਂਅ 'ਤੇ ਕਮਾਈ

ਅੱਜ-ਕੱਲ੍ਹ ਟੈਲੀਵਿਜ਼ਨ ਚੈਨਲਾਂ 'ਤੇ ਬਹੁਤ ਸਾਰੇ ਸੰਤ ਮਹਾਤਮਾ ਹਰ ਰੋਜ਼ ਕਥਾ ਕੀਰਤਨ ਕਰਦੇ ਹਨ ਅਤੇ ਇਸ ਕਥਾ-ਕੀਰਤਨ ਦੌਰਾਨ ਉਹ ਲੋਕਾਂ ਨੂੰ ਉਨ੍ਹਾਂ ਨਾਲ ਜੁੜਨ ਦਾ ਸੰਦੇਸ਼ ਦਿੰਦੇ ਹਨ। ਇਸ ਕਥਾ-ਕੀਰਤਨ ਰਾਹੀਂ ਇਨ੍ਹਾਂ ਸੰਤਾਂ-ਮਹਾਤਮਾਵਾਂ, ਕਥਾਕਾਰਾਂ ਵਲੋਂ ਜਿਥੇ ਲੋਕਾਂ ਨੂੰ ਧਰਮ ਦੇ ਰਸਤੇ 'ਤੇ ਚੱਲਣ ਬਾਰੇ ਦੱਸਿਆ ਜਾਂਦਾ ਹੈ ਉਥੇ ਇਨ੍ਹਾਂ ਚੈਨਲਾਂ 'ਤੇ ਲਗਾਤਾਰ ਜਦੋਂ ਤੱਕ ਉਨ੍ਹਾਂ ਦੀ ਕਥਾ ਜਾਂ ਕੀਰਤਨ ਚੱਲਦਾ ਹੈ ਟੈਲੀਵਿਜ਼ਨ 'ਤੇ ਇਨ੍ਹਾਂ ਦੀ ਤਸਵੀਰ ਦੇ ਥੱਲੇ ਲਗਾਤਾਰ ਇਨ੍ਹਾਂ ਦੇ ਅਕਾਊਂਟ ਨੰਬਰ ਚੱਲਦੇ ਹਨ ਅਤੇ ਕਥਾ-ਕੀਰਤਨ ਦੇ ਵਿਚਕਾਰ ਵੀ ਇਹ ਸੰਤ, ਕਥਾਕਾਰ ਲੋਕਾਂ ਨੂੰ ਧਰਮ ਦੇ ਨਾਂਅ 'ਤੇ ਇਨ੍ਹਾਂ ਅਕਾਊਂਟਾਂ ਵਿਚ ਚੰਦੇ ਦੇ ਰੂਪ ਵਿਚ ਪੈਸੇ ਪਾਉਣ ਲਈ ਉਕਸਾਉਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਵਲੋਂ ਕੀਤੀ ਜਾਂਦੀ ਸੇਵਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਦੀਨ-ਦੁਖੀਆਂ ਦੇ ਕੰਮ ਆਵੇਗੀ। ਪਰ ਅਸਲੀਅਤ ਵਿਚ ਇਹ ਲੋਕ ਕਥਾ ਦੇ ਨਾਂਅ 'ਤੇ ਭੋਲੇ-ਭਾਲੇ ਲੋਕਾਂ ਦੀ ਜੇਬ ਟਟੋਲ ਰਹੇ ਹੁੰਦੇ ਹਨ ਅਤੇ ਵਿਦੇਸ਼ਾਂ ਤੱਕ ਜਾ ਕੇ ਵੀ ਪੈਸੇ ਇਕੱਠੇ ਕਰਨ ਤੋਂ ਗੁਰੇਜ ਨਹੀਂ ਰਕਦੇ। ਇਹ ਕੋਈ ਨਹੀਂ ਜਾਣਦਾ ਕਿ ਇਸ ਰਾਹੀਂ ਇਨ੍ਹਾਂ ਨੇ ਧਰਮ ਦੇ ਨਾਂਅ 'ਤੇ ਕਿੰਨਾ ਪੈਸਾ ਇਕੱਠਾ ਕਰ ਲਿਆ ਹੈ। ਸਾਡੀ ਕੇਂਦਰ ਸਰਕਾਰ ਨੂੰ ਇਹ ਅਪੀਲ ਹੈ ਕਿ ਇਹੋ ਜਿਹਾ ਕੋਈ ਵੀ ਚੈਨਲ ਜੋ ਸਾਧੂ-ਸੰਤਾਂ ਵਲੋਂ ਮੰਗੀ ਗਈ ਰਾਸ਼ੀ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਦੇ ਡੋਨੇਸ਼ਨ ਲੈਣ ਦੇ ਨਾਂਅ 'ਤੇ ਇਨ੍ਹਾਂ ਦੇ ਅਕਾਊਂਟ ਨੰਬਰ ਜਾਰੀ ਕਰਦਾ ਹੈ ਜਾਂ ਕੋਈ ਸੰਤ ਜੋ ਲੋਕਾਂ ਨੂੰ ਦਾਨ ਕਰਨ ਲਈ ਪ੍ਰੇਰਦਾ ਹੈ ਇਸ ਨੂੰ ਬੰਦ ਕੀਤਾ ਜਾਵੇ ਤਾਂ ਕਿ ਭੋਲੇ-ਭਾਲੇ ਲੋਕਾਂ ਦੀ ਹੋ ਰਹੀ ਇਸ ਲੁੱਟ ਨੂੰ ਰੋਕਿਆ ਜਾ ਸਕੇ।

-ਅਸ਼ੀਸ਼ ਸ਼ਰਮਾ, ਜਲੰਧਰ