05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਿਸਾਨਾਂ ਨੇ ਡੀ.ਸੀ. ਦਫ਼ਤਰ ਦਾ ਕੀਤਾ ਘਿਰਾਓ

ਫ਼ਾਜ਼ਿਲਕਾ, 5 ਅਕਤੂਬਰ (ਪ੍ਰਦੀਪ ਕੁਮਾਰ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ 13 ਸੂਤਰੀ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਦਿਆਂ...

ਅਜੀਤ ਡੈਸਕ 05-10-2026

ਫ਼ਾਜ਼ਿਲਕਾ, 5 ਅਕਤੂਬਰ (ਪ੍ਰਦੀਪ ਕੁਮਾਰ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ 13 ਸੂਤਰੀ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਦਿਆਂ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਡੀ.ਸੀ. ਦਫ਼ਤਰ ਦੇ ਮੁੱਖ ਗੇਟ ਦੇ ਅੰਦਰ ਧਰਨਾ ਲਗਾ ਕੇ ਗੇਟ ਬੰਦ ਕਰ ਦਿੱਤੇ, ਜਿਸ ਕਾਰਨ ਡੀ.ਸੀ. ਅਤੇ ਐਸ.ਐਸ.ਪੀ. ਦਫ਼ਤਰ ਵਿਚ ਆਉਣ-ਜਾਣ ਵਾਲੇ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਅਤੇ ਔਰਤਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਗੱਲਬਾਤ ਰੱਦ ਕਰਨ ਅਤੇ ਹੋਰਨਾਂ ਸਾਮਰਾਜੀ ਮੁਲਕਾਂ ਨਾਲ ਕੀਤੇ ਮੁਫ਼ਤ ਵਪਾਰ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਰੱਦ ਕਰਨ, ਦਹਾਕਿਆਂ ਤੋਂ ਜ਼ਮੀਨਾਂ ’ਤੇ ਕਾਸ਼ਤ ਕਰ ਰਹੇ ਕਿਸਾਨਾਂ, ਆਬਾਦਕਾਰਾਂ, ਸਾਬਕਾ ਮੁਜ਼ਾਰਿਆਂ ਅਤੇ ਖੇਤ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰਨਾਂ ਦਿਹਾੜੀਦਾਰ ਕਿਰਤੀਆਂ ਦੇ ਕਰਜ਼ੇ ਖ਼ਤਮ ਕਰਨ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ ਦੀ ਮੰਗ ਵੀ ਰੱਖੀ।
ਇਸ ਤੋਂ ਇਲਾਵਾ ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ ਤੇ ਵਰਕਰਾਂ ਖ਼ਿਲਾਫ਼ ਦਰਜ ਮਾਮਲੇ ਰੱਦ ਕਰਨ, ਪਰਾਲੀ ਸਾੜਨ ਵਾਲੇ ਮਾਮਲੇ ਵਾਪਸ ਲੈਣ, ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਅਤੇ ਡਰੇਨਾਂ ਤੇ ਨਾਲਿਆਂ ਦੀ ਸਫ਼ਾਈ ਅਤੇ ਬੰਨ੍ਹਾਂ ਦੀ ਮਜ਼ਬੂਤੀ ਲਈ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ ਕੀਤੀ ਗਈ।
ਕਿਸਾਨ ਆਗੂਆਂ ਨੇ ਸਾਰੀਆਂ ਫ਼ਸਲਾਂ ’ਤੇ ਸੀ-2 ਪਲੱਸ 50 ਫ਼ੀਸਦੀ ਦੇ ਫਾਰਮੂਲੇ ਤਹਿਤ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੇਣ, ਸਰਵ ਵਿਆਪਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਮਹਿੰਗਾਈ ਰੋਕਣ ਅਤੇ ਤੇਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਪਾਣੀ ਦੇ ਸੋਮਿਆਂ ਨੂੰ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਰੱਦ ਕਰਨ ਅਤੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਲੋਕਾਂ ਵਿਚ ਸਦਭਾਵਨਾ ਕਾਇਮ ਰੱਖਦਿਆਂ ਹੱਲ ਕਰਨ ਦੀ ਮੰਗ ਵੀ ਕੀਤੀ।
ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਭੇਜ਼ ਸਿੰਘ ਰੋਹੀਵਾਲਾ ਅਤੇ ਜ਼ਿਲ੍ਹਾ ਸੰਗਠਨ ਸਕੱਤਰ ਜਗਸੀਰ ਸਿੰਘ ਘੋਲਾ ਨੇ ਕਿਹਾ ਕਿ ਜਥੇਬੰਦੀ ਵਲੋਂ ਸੂਬੇ ਭਰ ਵਿਚ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਫ਼ਾਜ਼ਿਲਕਾ ਵਿਚ ਡੀ.ਸੀ. ਅਤੇ ਐਸ.ਐਸ.ਪੀ. ਦਫ਼ਤਰ ਦੇ ਮੁੱਖ ਗੇਟ ਬੰਦ ਕਰਕੇ ਧਰਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਕਿਸਾਨਾਂ ਨਾਲ ਗੱਲਬਾਤ ਕੀਤੇ ਬਿਨਾਂ ਆਪਣੇ ਦਫ਼ਤਰ ਤੋਂ ਚਲੇ ਗਏ।

ਪਿਛਲੀ ਖ਼ਬਰ ਗੁਰਦੇਵ ਸਿੰਘ ਲਾਖਣਾ ਤੇ ਭਗਵੰਤ ਸਿੰਘ ਕੰਬੋਕੇ ਨੇਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਦੀਆਂ ਮੰਡੀਆਂ ਚ ਝੋਨੇ ਦੀ ਸਰਕਾਰੀ ਖ਼ਰੀ... ਅਗਲੀ ਖ਼ਬਰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ‘ਆਪ’ ਆਗੂਆਂ ਤੇ ਵਰਕਰਾਂ ਨੂੰ ਦਬਾਉਣ ਦੀ ਕੋਸ਼ਿਸ਼ - ਹਰਦੀਪ ਸਿੰਘ ਮੁੰਡੀਆ