29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖੇਡਾਂ ਮੇਰੇ ਅਤੇ ਸਮੂਹ ਪੰਜਾਬ ਤੇ ਪੰਜਾਬੀਆਂ ਲਈ ਕੀ ਅਰਥ ਰੱਖਦੀਆਂ ਹਨ- ਭਗਵੰਤ ਸਿੰਘ ਮਾਨ

ਚੰਡੀਗੜ੍ਹ, 29 ਸਤੰਬਰ- ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਕ ਜੁਝਾਰੂ ਸੂਬੇ ਦਾ ਜੰਮਪਲ...

ਅਜੀਤ ਡੈਸਕ 29-09-2026

ਚੰਡੀਗੜ੍ਹ, 29 ਸਤੰਬਰ- ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਕ ਜੁਝਾਰੂ ਸੂਬੇ ਦਾ ਜੰਮਪਲ ਹੋਣ ਦੇ ਨਾਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ ਅਤੇ ਸਮੂਹ ਪੰਜਾਬ ਤੇ ਪੰਜਾਬੀਆਂ ਲਈ ਕੀ ਅਰਥ ਰੱਖਦੀਆਂ ਹਨ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ-ਨਾਲ ਮੁੱਢ-ਕਦੀਮਾਂ ਤੋਂ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਵੀ ਰਿਹਾ ਹੈ। ਸਖ਼ਤ ਮਿਹਨਤ ਅਤੇ ਖੂਨ-ਪਸੀਨਾ ਵਹਾਉਣਾ ਅਜਿਹੇ ਸ਼ਬਦ ਹਨ, ਜੋ ਖੇਤੀਬਾੜੀ ਅਤੇ ਖੇਡਾਂ ਦੋਵਾਂ ਖੇਤਰਾਂ ਲਈ ਇਕ ਸਮਾਨ ਢੁੱਕਦੇ ਹਨ। ਇਹੀ ਸਾਡੀ ਹੋਂਦ ਅਤੇ ਪਛਾਣ ਦਾ ਸਬੂਤ ਹਨ।

ਜਦੋਂ ਮੈਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਮੇਰੀਆਂ ਮੁੱਢਲੀਆਂ ਤਰਜੀਹਾਂ ਵਿਚੋਂ ਇਕ ਸੀ। ਇਹੀ ਮੁੱਖ ਕਾਰਨ ਹੈ ਕਿ ਮੈਂ ਖੇਡ ਵਿਭਾਗ ਨੂੰ ਮੁੱਖ ਮੰਤਰੀ ਦਫ਼ਤਰ ਅਧੀਨ ਆਪਣੇ ਕੋਲ ਹੀ ਰੱਖਣ ਦਾ ਫ਼ੈਸਲਾ ਕੀਤਾ। ਖੇਡਾਂ ਦੇ ਸਬੰਧ ਵਿਚ ਸਾਡੇ ਕੋਲ ਮਾਣ ਨਾਲ ਕਹਿਣ ਲਈ ਬਹੁਤ ਕੁਝ ਹੈ। ਭਾਰਤ ਦੀ ਓਲੰਪਿਕ ਤਗਮਾ ਸੂਚੀ ਵਿੱਚ ਪੰਜਾਬ ਦੇ ਯੋਗਦਾਨ ਨੂੰ ਹੋਰ ਤੇਜ਼ੀ ਨਾਲ ਵਧਾਉਣ ਸਬੰਧੀ ਸਾਡੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ, ਮੈਂ ਮੋਹਾਲੀ, ਪਟਿਆਲਾ ਅਤੇ ਬਠਿੰਡਾ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਕ ਤੋਂ ਬਾਅਦ ਇਕ ਕਰਵਾਈਆਂ ਗਈਆਂ ਮੈਰਾਥਨ ਦੌੜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਬਠਿੰਡਾ ਵਿਖੇ ਹਾਲ ਹੀ ਵਿਚ ਹੋਈ ਮੈਰਾਥਨ ਦੌੜ ਵਿਚ ਹਰ ਉਮਰ ਵਰਗ ਦੇ ਕਰੀਬ 20,000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲੈ ਕੇ ਆਪਣੇ ਸ਼ਹਿਰ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਅਸੀਂ ਆਉਣ ਵਾਲੇ ਮਹੀਨਿਆਂ ਦੌਰਾਨ ਸੂਬੇ ਭਰ ਵਿਚ ਅਜਿਹੀਆਂ ਹੋਰ ਮੈਰਾਥਨ ਦੌੜਾਂ ਕਰਵਾਉਣ ਦੀ ਯੋਜਨਾ ਬਣਾ ਰਹੇ ਹਾਂ।

ਪੰਜਾਬ ਦੇ ਖੇਡ ਸੱਭਿਆਚਾਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਪੇਂਡੂ ਓਲੰਪਿਕ ਅਤੇ ਮੌਜੂਦ ਸਮੇਂ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਹੁੰਦੀ ਹੈ। ਪੰਜਾਬ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਵਿਚ 38 ਖੇਡਾਂ ਰਾਹੀਂ ਖੇਡ ਹੁਨਰ ਨੂੰ ਨਿਖਾਰਨਾ ਅਤੇ ਇਸਦਾ ਜਸ਼ਨ ਮਨਾਉਣਾ ਸਾਡਾ ਇਕ ਅਹਿਮ ਯਤਨ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੀ ਇੰਨੀ ਵਿਸ਼ਾਲ ਪਹਿਲਕਦਮੀ ਸਾਲ 2022 ਤੋਂ ਪਹਿਲਾਂ ਪੰਜਾਬ ਵਿਚ ਕਦੇ ਵੀ ਦੇਖਣ ਨੂੰ ਨਹੀਂ ਮਿਲੀ। ਪਿਛਲੀਆਂ ਸਰਕਾਰਾਂ ਨੇ ਸਾਡੇ ਪਿੰਡਾਂ-ਕਸਬਿਆਂ ਵਿਚ ਮੌਜੂਦ ਖੇਡ ਹੁਨਰ ਨੂੰ ਨਿਖਾਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹਾਇਤਾ ਪ੍ਰਣਾਲੀ ਪਹਿਲਾਂ ਕਦੇ ਮੁਹੱਈਆ ਨਹੀਂ ਕਰਵਾਈ। ਸਿਰਫ਼ ਮੁਕਾਬਲੇ ਕਰਵਾਉਣ ਨਾਲ ਹੀ ਚੈਂਪੀਅਨ ਪੈਦਾ ਨਹੀਂ ਕੀਤੇ ਜਾ ਸਕਦੇ। ਇਕ ਬੱਚੇ ਨੂੰ ਖੇਡਣ ਲਈ ਮੈਦਾਨ, ਅਗਵਾਈ ਲਈ ਕੋਚ, ਅਭਿਆਸ ਲਈ ਲੋੜੀਂਦਾ ਸਾਜ਼ੋ-ਸਾਮਾਨ ਅਤੇ ਮੁਕਾਬਲਾ ਕਰਨ ਦੇ ਢੁਕਵੇਂ ਮੌਕਿਆਂ ਦੀ ਲੋੜ ਹੁੰਦੀ ਹੈ। ਅਸੀਂ ਇਹੀ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਪੰਜਾਬ ਸਰਕਾਰ ਕੌਮਾਂਤਰੀ ਮਿਆਰ ਦੇ ਖਿਡਾਰੀ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਿਛਲੀਆਂ ਪੰਜ ਓਲੰਪਿਕ ਖੇਡਾਂ ਵਿਚ ਭਾਰਤ ਦਾ ਸਭ ਤੋਂ ਵੱਧ ਤਗਮਾ ਜੇਤੂ ਅੰਕੜਾ 7 ਤੋਂ ਵਧ ਨਹੀਂ ਸਕਿਆ। ਪੰਜਾਬ ਦੇ ਮੁੱਖ ਮੰਤਰੀ ਵਜੋਂ ਮੈਂ ਆਪਣੇ ਅਧਿਕਾਰ ਖੇਤਰ ਵਿਚ ਉਹ ਸਭ ਕੁਝ ਕਰਾਂਗਾ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਲ 2036 ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਤਗਮਾ ਸੂਚੀ ਵਿਚ ਪੰਜਾਬੀਆਂ ਦਾ ਯੋਗਦਾਨ ਕਿਤੇ ਵੱਧ ਹੋਵੇ। ਮੈਂ 2036 ਓਲੰਪਿਕ ਖੇਡਾਂ ਵਿਚ ਪੰਜਾਬੀਆਂ ਨੂੰ ਭਾਰਤ ਲਈ ਘੱਟੋ-ਘੱਟ ਤਿੰਨ ਤੋਂ ਚਾਰ ਸੋਨ ਤਗਮੇ ਜਿੱਤਦੇ ਵੇਖਣਾ ਚਾਹੁੰਦਾ ਹਾਂ। ਖੇਡਾਂ ਵਿੱਚ ਪੰਜਾਬ ਦਾ ਯੋਗਦਾਨ ਪਹਿਲਾਂ ਹੀ ਸ਼ਾਨਦਾਰ ਚੱਲ ਰਿਹਾ ਹੈ। ਸੂਬੇ ਦੇ ਚਾਰ ਖਿਡਾਰੀ ਇਸ ਸਮੇਂ ਕ੍ਰਿਕਟ, ਹਾਕੀ ਅਤੇ ਬਾਸਕਟਬਾਲ ਦੀਆਂ ਭਾਰਤੀ ਟੀਮਾਂ ਦੀ ਕਪਤਾਨੀ ਕਰ ਰਹੇ ਹਨ, ਜਦਕਿ ਇਕ ਪੰਜਾਬੀ ਫੁੱਟਬਾਲਰ ਖਿਡਾਰੀ ਨੂੰ ਬੀਤੇ ਥੋੜ੍ਹੇ ਸਮੇਂ ਵਿਚ ਦੇਸ਼ ਦੀ ਫੁੱਟਬਾਲ ਟੀਮ ਦੀ ਅਗਵਾਈ ਕਰਨ ਦਾ ਮਾਣ ਵੀ ਹਾਸਲ ਹੈ।

ਹਾਂਗਜ਼ੂ ਵਿਖੇ ਹੋਈਆਂ 2023 ਦੀਆਂ ਏਸ਼ੀਆਈ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਲਈ 20 ਤਗਮੇ ਜਿੱਤੇ, ਜਿਨ੍ਹਾਂ ਵਿਚ ਅੱਠ ਸੋਨੇ, ਛੇ ਚਾਂਦੀ ਅਤੇ ਛੇ ਕਾਂਸੀ ਦੇ ਤਗਮੇ ਸ਼ਾਮਲ ਸਨ ਜੋ ਕਿ ਏਸ਼ੀਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ਵਿਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ ਸੀ। ਇਹ ਪ੍ਰਾਪਤੀਆਂ ਪੰਜਾਬ ਵਿਚ ਖੇਡ ਪ੍ਰਤਿਭਾ ਦੀ ਡੂੰਘਾਈ ਨੂੰ ਦਰਸਾਉਂਦੀਆਂ ਹਨ। ਹੁਣ ਸਾਡਾ ਕੰਮ ਅਜਿਹੀਆਂ ਸਹੂਲਤਾਂ, ਕੋਚਿੰਗ ਅਤੇ ਮੌਕੇ ਪ੍ਰਦਾਨ ਕਰਨਾ ਹੈ, ਜੋ ਇਸ ਪ੍ਰਤਿਭਾ ਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਣ।

ਸਾਲ 2022 ਤੋਂ ਅਸੀਂ ਵੱਡੇ ਸ਼ਹਿਰਾਂ ਅਤੇ ਕਸਬਿਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਪਿੰਡ ਪੱਧਰ 'ਤੇ ਵੀ ਬਿਹਤਰੀਨ ਸਟੇਡੀਅਮ, ਖੇਡ ਸਹੂਲਤਾਂ ਅਤੇ ਮੈਦਾਨ ਉਪਲੱਬਧ ਕਰਵਾਉਣ ਲਈ ਖੇਡ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ। ਅਸੀਂ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰ ਰਹੇ ਹਾਂ, ਜਿਨ੍ਹਾਂ ਵਿਚ ਲੇਜ਼ਰ-ਲੈਵਲ ਕੀਤੇ ਮੈਦਾਨ, ਚੇਨ-ਲਿੰਕ ਫੈਂਸਿੰਗ ਵਾਲੀਆਂ ਚਾਰਦੀਵਾਰੀਆਂ, ਫਲੱਡ ਲਾਈਟਾਂ, ਜੌਗਿੰਗ ਟਰੈਕ ਅਤੇ ਵੱਖ-ਵੱਖ ਖੇਡਾਂ ਲਈ ਸਹੂਲਤਾਂ ਸ਼ਾਮਲ ਹਨ। ਅਸੀਂ ਫੁੱਟਬਾਲ, ਵਾਲੀਬਾਲ, ਕ੍ਰਿਕਟ ਅਤੇ ਹੋਰ ਖੇਡਾਂ ਲਈ ਮਿਆਰੀ ਖੇਡ ਕਿੱਟਾਂ ਵੀ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਨੌਜਵਾਨਾਂ ਕੋਲ ਪ੍ਰੈਕਟਿਸ ਕਰਨ ਲਈ ਲੋੜੀਂਦਾ ਸਾਜ਼ੋ-ਸਮਾਨ ਹੋਵੇ।

ਅਸੀਂ ਪੰਜਾਬ ਵਿਚ ਪੀੜ੍ਹੀ ਦਰ ਪੀੜ੍ਹੀ ਸਰੀਰਕ ਤੰਦਰੁਸਤੀ ਅਤੇ ਖੇਡ ਸਿਖਲਾਈ ਨੂੰ ਅੱਗੇ ਵਧਾਉਣ ਲਈ ਸੂਬੇ ਭਰ ਦੇ ਪਿੰਡਾਂ ਵਿਚ ਇਨਡੋਰ ਜਿੰਮ ਸਥਾਪਤ ਕਰ ਰਹੇ ਹਾਂ। ਇਹ ਖੇਡ ਮੈਦਾਨ ਅਤੇ ਜਿੰਮ ਮੁਕੰਮਲ ਕਰਨ ਤੋਂ ਬਾਅਦ, ਅਸੀਂ ਫਿਰ ਅੱਗੇ ਹੋਰ 3,000 ਪਿੰਡਾਂ ਵੱਲ ਵਧਾਂਗੇ ਅਤੇ ਇਹ ਯਤਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਅਸੀਂ ਇਸ ਅਧੀਨ ਪੰਜਾਬ ਦੇ ਹਰ ਪਿੰਡ ਨੂੰ ਕਵਰ ਨਹੀਂ ਕਰ ਲੈਂਦੇ। ਸਾਡੇ ਸਾਲਾਨਾ ਖੇਡ ਸਮਾਗਮ ਜਿਵੇਂ ‘ਖੇਡਾਂ ਵਤਨ ਪੰਜਾਬ ਦੀਆਂ’ ਇਸੇ ਉਦੇਸ਼ ਦੀ ਪੂਰਤੀ ਵੱਲ ਅਹਿਮ ਕਦਮ ਹਨ। ਪਿੰਡ ਵਿਚ ਖੇਡਣ ਵਾਲੇ ਬੱਚਿਆਂ ਨੂੰ ਮੁਕਾਬਲਾ ਕਰਨ, ਆਪਣੀ ਪਛਾਣ ਬਣਾਉਣ ਅਤੇ ਪ੍ਰਤਿਭਾ ਨੂੰ ਪਰਖਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਪੇਂਡੂ ਓਲੰਪਿਕ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਵਿਚ ਖੇਡਾਂ ਅਤੇ ਖੇਡ ਸੱਭਿਆਚਾਰ ਦੇ ਵਿਕਾਸ ਲਈ ਮਹੱਤਵਪੂਰਨ ਆਧਾਰ ਪ੍ਰਦਾਨ ਕਰਦੀਆਂ ਹਨ।

ਅਸੀਂ ਖੇਡਾਂ ਨੂੰ ਨਸ਼ਿਆਂ ਦੇ ਕੋਹੜ ਵਿਰੁੱਧ ਪੰਜਾਬ ਦੀ ਲੜਾਈ ਦਾ ਇਕ ਅਹਿਮ ਹਿੱਸਾ ਵੀ ਮੰਨਦੇ ਹਾਂ। ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਮਿਲਦੀ ਹੈ। ਖੇਡ ਮੈਦਾਨ ਸਿਰਫ਼ ਅਭਿਆਸ ਅਤੇ ਮੁਕਾਬਲੇ ਦੀਆਂ ਥਾਵਾਂ ਹੀ ਨਹੀਂ, ਸਗੋਂ ਇਹ ਅਜਿਹੇ ਸਥਾਨ ਹਨ ਜਿੱਥੇ ਨੌਜਵਾਨ ਇਕੱਠੇ ਅਤੇ ਸਰਗਰਮ ਹੋ ਸਕਦੇ ਹਨ ਅਤੇ ਖੁਦ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰ ਸਕਦੇ ਹਨ। ਖੇਡ ਮੁਕਾਬਲੇ ਉਨ੍ਹਾਂ ਨੂੰ ਸਥਾਨਕ ਅਤੇ ਰਾਜ ਪੱਧਰ 'ਤੇ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦੇ ਹਨ।

ਪੰਜਾਬ ਲੰਬੇ ਸਮੇਂ ਤੋਂ ਦੇਸ਼ ਦੀ ਖੇਡ ਨਰਸਰੀ ਵਜੋਂ ਜਾਣਿਆ ਜਾਂਦਾ ਰਿਹਾ ਹੈ। ਸਾਡੇ ਨੌਜਵਾਨਾਂ ਕੋਲ ਇਸ ਵਿਰਾਸਤ ਨੂੰ ਹੋਰ ਅੱਗੇ ਲਿਜਾਣ ਦੀ ਪੂਰੀ ਊਰਜਾ ਅਤੇ ਹੁਨਰ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਨੂੰ ਸਿਰਫ਼ ਉਨ੍ਹਾਂ ਨੂੰ ਸਹੀ ਬੁਨਿਆਦੀ ਢਾਂਚਾ, ਕੋਚਿੰਗ ਅਤੇ ਢੁਕਵੇਂ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ। ਇਹ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਹੈ। ਇਹ ਪੰਜਾਬ ਦੇ ਸਮੂਹ ਨਾਗਰਿਕਾਂ ਲਈ ਇੱਕ ਖੁੱਲ੍ਹਾ ਸੱਦਾ ਹੈ, ਜੋ ਮਾਪਿਆਂ ਅਤੇ ਦਾਦਾ-ਦਾਦੀਆਂ ਤੋਂ ਲੈ ਕੇ ਅਧਿਆਪਕਾਂ ਅਤੇ ਕੋਚਾਂ ਤੱਕ ਹਰ ਕਿਸੇ ਲਈ ਹੈ, ਕਿ ਉਹ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਦੇਣ।

ਇਸ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ 5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਸ਼ੁਰੂ ਕੀਤੀਆਂ ਗਈਆਂ। ਇਹ ਸਾਡੀਆਂ ਜਮਾਤਾਂ ਦੇ ਅਧਿਆਪਕਾਂ ਤੋਂ ਲੈ ਕੇ ਖੇਡ ਮੈਦਾਨਾਂ ਦੇ ਕੋਚਾਂ ਅਤੇ ਟ੍ਰੇਨਰਾਂ ਪ੍ਰਤੀ ਸਾਡੇ ਮਾਣ-ਸਤਿਕਾਰ ਨੂੰ ਦਰਸਾਉਂਦਾ ਹੈ। ਸਾਡੇ ਕੋਚ ਅਤੇ ਟਰੇਨਰ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੇ ਅਧਿਆਪਕ ਹਨ, ਜਿਨ੍ਹਾਂ ਦਾ ਗਿਆਨ, ਤਜ਼ਰਬਾ ਅਤੇ ਮੁਹਾਰਤ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਜੇਤੂ ਲਾਈਨ ਪਾਰ ਕਰਵਾਉਣ ਵਿਚ ਮਦਦ ਕਰੇਗੀ।

ਖੇਡ ਸੱਭਿਆਚਾਰ ਸਰਕਾਰ ਸਿਰਫ਼ ਇਕੱਲੀ ਨਹੀਂ ਸਿਰਜ ਸਕਦੀ। ਇਸ ਲਈ ਮਾਪਿਆਂ ਨੂੰ ਵੀ ਬਰਾਬਰ ਯੋਗਦਾਨ ਦੇ ਕੇ ਆਪਣੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕਰਨਾ ਹੋਵੇਗਾ। ਕੋਚਾਂ ਅਤੇ ਟ੍ਰੇਨਰਾਂ ਨੂੰ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਨਿਖਾਰਨਾ ਹੋਵੇਗਾ। ਪਿੰਡਾਂ ਅਤੇ ਭਾਈਚਾਰਿਆਂ ਨੂੰ ਆਪਣੇ ਖਿਡਾਰੀਆਂ 'ਤੇ ਮਾਣ ਕਰਨਾ ਹੋਵੇਗਾ। ਅਸੀਂ ਸਾਰੇ ਮਿਲ ਕੇ ਹੀ ਇਸ ਨੂੰ ਸੰਭਵ ਬਣਾ ਸਕਦੇ ਹਾਂ। ਅਸੀਂ ਜਦੋਂ ਇਕੱਠੇ ਹੋ ਕੇ ਚੱਲਦੇ ਹਾਂ, ਪੰਜਾਬ ਅਤੇ ਪੰਜਾਬੀਅਤ ਸਾਡੇ ਵਿੱਚੋਂ ਖੁਦ-ਬ-ਖੁਦ ਝਲਕਦੀ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਸਿਰਫ਼ ਖੇਡਾਂ ਅਤੇ ਖੇਡ ਸੱਭਿਆਚਾਰ ਦਾ ਜਸ਼ਨ ਨਹੀਂ ਹੈ; ਇਹ ਪੰਜਾਬੀਅਤ ਦਾ ਉਤਸਵ ਹੈ। ਇਹ ਪੰਜਾਬ ਦੀ ਮਿੱਟੀ ਨਾਲ ਜੁੜਿਆ ਇੱਕ ਸਥਾਨਕ ਉਪਰਾਲਾ ਹੈ, ਪਰ ਇਸ ਦਾ ਪ੍ਰਭਾਵ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਹੈ।

ਮੈਂ ਉਮੀਦ ਕਰਦਾ ਹਾਂ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਇਹ 75 ਦਿਨ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆਉਣ ਅਤੇ ਭਾਰਤ ਦੀ ਓਲੰਪਿਕ ਤਗਮਾ ਸੂਚੀ ਵਿੱਚ ਨਵੀਆਂ ਪ੍ਰਾਪਤੀਆਂ ਜੋੜਨ ਲਈ ਪੰਜਾਬ ਦਾ ਸਹੀ ਮਾਰਗਦਰਸ਼ਨ ਕਰਨਗੇ। ਇਹ ਮੇਰੀ ਦਿਲੀ ਇੱਛਾ, ਮੇਰੀ ਉਮੀਦ ਅਤੇ ਮੇਰਾ ਵਾਅਦਾ ਹੈ। ਪੰਜਾਬ ਦੇਸ਼ ਦਾ ਮਾਰਗਦਰਸ਼ਨ ਕਰੇਗਾ। ਸਾਡਾ ਖੁਆਬ, ਰੰਗਲਾ ਪੰਜਾਬ।

ਪਿਛਲੀ ਖ਼ਬਰ 645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਘੁਟਾਲਾ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ ਅਗਲੀ ਖ਼ਬਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਦੀ ਗੱਡੀ ਸੜਕ ਹਾਦਸੇ ਵਿਚ ਨੁਕਸਾਨੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ