ਪਠਾਨਕੋਟ, 13 ਸਤੰਬਰ (ਸੰਧੂ)- ਮਣਿਮਹੇਸ਼ ਯਾਤਰਾ ਲਈ ਸ਼ਰਧਾ ਨਾਲ ਭਰਮੌਰ ਵੱਲ ਜਾ ਰਹੇ ਪਠਾਨਕੋਟ ਦੇ ਦੋ ਨੌਜਵਾਨਾਂ ਦੀ ਚੰਬਾ ਜ਼ਿਲ੍ਹੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਪਠਾਨਕੋਟ-ਭਰਮੌਰ ਰਾਸ਼ਟਰੀ ਮਾਰਗ ’ਤੇ ਦੁਨਾਲੀ ਅਤੇ ਗੈਹਰਾ ਵਿਚਕਾਰ ਬੈਲੋਗੀ ਨੇੜੇ ਹਨੂੰਮਾਨ ਮੰਦਰ ਦੇ ਕੋਲ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੋਟਰਸਾਈਕਲ ਨੰਬਰ PB-35U-2347 ’ਤੇ ਸਵਾਰ ਹੋ ਕੇ ਮਣਿਮਹੇਸ਼ ਯਾਤਰਾ ਲਈ ਭਰਮੌਰ ਵੱਲ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 8 ਵਜੇ ਦੇ ਬਾਅਦ ਜਦੋਂ ਉਹ ਬੈਲੋਗੀ ਨੇੜੇ ਇਕ ਤਿੱਖੇ ਮੋੜ ’ਤੇ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਗਈ ਅਤੇ ਕਰੈਸ਼ ਬੈਰੀਅਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵੇਂ ਨੌਜਵਾਨ ਸੜਕ ਤੋਂ ਹੇਠਾਂ ਕਰੀਬ 200 ਮੀਟਰ ਡੂੰਘੀ ਖਾਈ ਵਿਚ ਜਾ ਡਿੱਗੇ, ਜਦਕਿ ਮੋਟਰਸਾਈਕਲ ਉੱਪਰ ਹੀ ਫਸੀ ਰਹੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਵਲੋਂ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਡੂੰਘੀ ਖਾਈ ਹੋਣ ਕਾਰਨ ਬਚਾਅ ਟੀਮਾਂ ਨੂੰ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਚਾਅ ਕਾਰਜ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਲੋੜੀਂਦੀ ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਲਈ ਮੈਡੀਕਲ ਕਾਲਜ ਚੰਬਾ ਭੇਜਿਆ ਗਿਆ। ਮ੍ਰਿਤਕਾਂ ਦੀ ਪਛਾਣ ਜੋਤੀ ਵਾਸੀ ਪਠਾਨਕੋਟ ਅਤੇ ਅਨਿਲ ਕੁਮਾਰ ਪੁੱਤਰ ਹਰਬੰਸ ਵਾਸੀ ਪੰਗੋਲੀ, ਪਠਾਨਕੋਟ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਖਾਈ ਵਿਚ ਡਿੱਗਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। ਹਾਦਸੇ ਦੀ ਖ਼ਬਰ ਮਿਲਦੇ ਹੀ ਦੋਵਾਂ ਪਰਿਵਾਰਾਂ ਵਿਚ ਮਾਤਮ ਛਾ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।