ਗੁਰੂਹਰਸਹਾਏ (ਫ਼ਿਰੋਜ਼ਪੁਰ), 3 ਸਤੰਬਰ (ਕਪਿਲ ਕੰਧਾਰੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ। ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਅੰਤਿਮ ਦਿਨ ਸੀ। ਇਸ ਦੌਰਾਨ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸੰਜੀਵ ਵੋਹਰਾ ਅਤੇ ਐਡਵੋਕੇਟ ਸੁਖਚੈਨ ਸੋਡੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਨਾਲ ਪ੍ਰਧਾਨਗੀ ਦੇ ਅਹੁਦੇ ਲਈ ਸਿੱਧਾ ਮੁਕਾਬਲਾ ਤੈਅ ਹੋ ਗਿਆ ਹੈ। ਦੋਵਾਂ ਉਮੀਦਵਾਰਾਂ ਵਲੋਂ ਆਪਣੀ-ਆਪਣੀ ਜਿੱਤ ਲਈ ਵਕੀਲ ਭਾਈਚਾਰੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪ੍ਰਧਾਨਗੀ ਦਾ ਮੁਕਾਬਲਾ ਕਾਫ਼ੀ ਫਸਵਾਂ ਹੋਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਵਾਈਸ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਬਲਕਾਰ ਕੰਬੋਜ ਅਤੇ ਐਡਵੋਕੇਟ ਅਸ਼ੋਕ ਖਿੰਡਾ ਨੇ ਨਾਮਜ਼ਦਗੀ ਪੱਤਰ ਭਰੇ ਹਨ। ਇਸੇ ਤਰ੍ਹਾਂ ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਹਰੀਸ਼ ਢਿੰਗੜਾ ਅਤੇ ਐਡਵੋਕੇਟ ਤੁਸ਼ਤ ਸਚਦੇਵਾ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੌਰਵ ਮੋਂਗਾ ਨੇ ਦੱਸਿਆ ਕਿ ਦੱਸਿਆ ਗਿਆ ਹੈ ਕਿ ਜੁਆਇੰਟ ਸੈਕਟਰੀ ਅਤੇ ਐਗਜ਼ੈਕਟਿਵ ਮੈਂਬਰ ਦੇ ਅਹੁਦਿਆਂ ਲਈ ਕਿਸੇ ਹੋਰ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕੀਤੇ ਜਾਣ ਕਾਰਨ ਇਨ੍ਹਾਂ ਅਹੁਦਿਆਂ ਲਈ ਸਰਬਸੰਮਤੀ ਨਾਲ ਚੋਣ ਹੋ ਗਈ ਹੈ। ਸਰਬਸੰਮਤੀ ਨਾਲ ਐਡਵੋਕੇਟ ਜਸਵਿੰਦਰ ਸਿੰਘ ਵਿਲਾਸਰਾ ਅਤੇ ਐਡਵੋਕੇਟ ਐਸ਼ਪ੍ਰੀਤ ਕੌਰ ਔਰਤ ਰਿਜਰਵ ਨੂੰ ਜੁਆਇੰਟ ਸੈਕਟਰੀ ਚੁਣਿਆਂ ਗਿਆ ਹੈ ਜਦਕਿ ਸ਼ਰਨਜੀਤ ਕੌਰ, ਆਰਜੂ, ਰੁਪਿੰਦਰ ਕੌਰ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ ਹੈ।
ਹੁਣ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਪ੍ਰਧਾਨ, ਵਾਈਸ ਪ੍ਰਧਾਨ ਅਤੇ ਸੈਕਟਰੀ ਦੇ ਅਹੁਦਿਆਂ ਲਈ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤਿੰਨਾਂ ਅਹੁਦਿਆਂ ਲਈ ਹੋਣ ਵਾਲਾ ਮੁਕਾਬਲਾ ਦਿਲਚਸਪ ਅਤੇ ਫਸਵਾਂ ਰਹਿਣ ਦੀ ਸੰਭਾਵਨਾ ਹੈ। 11 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀ ਨਵੀਂ ਟੀਮ ਦੀ ਚੋਣ ਹੋਵੇਗੀ।