ਸ੍ਰੀ ਮੁਕਤਸਰ ਸਾਹਿਬ, 20 ਅਗਸਤ (ਰਣਜੀਤ ਸਿੰਘ ਢਿੱਲੋਂ)- ਸਥਾਨਕ ਨਾਮਦੇਵ ਨਗਰ ਗਲੀ ਨੰਬਰ-4 ਦੇ ਇਕ ਘਰ ਵਿਚ ਸ਼ੱਕੀ ਹਾਲਾਤਾਂ ਵਿਚ ਇਕ ਆਦਮੀ ਅਤੇ ਔਰਤ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਪਤਾ ਲੱਗਿਆ ਹੈ ਕਿ ਇਕ ਵਿਅਕਤੀ ਇਸ ਘਰ ਵਿਚ ਕਿਰਾਏ 'ਤੇ ਰਹਿੰਦਾ ਸੀ ਅਤੇ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ। ਜਦੋਂ ਉਸ ਦੇ ਭਤੀਜੇ ਨੇ ਆਪਣੇ ਚਾਚੇ ਨੂੰ ਫੋਨ ਲਾਇਆ ਤਾਂ ਉਸਨੇ ਨਹੀਂ ਚੱਕਿਆ ਅਤੇ ਜਦੋਂ ਘਰ ਆ ਕੇ ਵੇਖਿਆ ਤਾਂ ਅੱਗੇ ਆਦਮੀ ਅਤੇ ਔਰਤ ਦੀਆਂ ਲਾਸ਼ਾਂ ਪਈਆਂ ਸਨ।
ਇਸ ਸਬੰਧੀ ਪੁਲਿਸ ਜਾਂਚ ਵਿਚ ਜੁੱਟ ਗਈ ਹੈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਐਬੂਲੈਂਸ ਵਿਚ ਰੱਖ ਕੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ ਹੈ। ਥਾਣਾ ਸਿਟੀ ਦੀ ਐਸ.ਐਚ.ਓ. ਰਵਿੰਦਰ ਕੌਰ ਨੇ ਦੱਸਿਆ ਕਿ ਉਕਤ ਮੌਤਾਂ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੌਤਾਂ ਕਿਵੇਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਜਸਵਿੰਦਰ ਸਿੰਘ ਪਿੰਡ ਬਾਂਮ ਵਜੋਂ ਹੋਈ, ਜੋ ਪੰਜ ਸਾਲ ਤੋਂ ਸ਼ਹਿਰ ਵਿਚ ਰਹਿ ਰਿਹਾ ਹੈ। ਜਦਕਿ ਔਰਤ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ।