20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੈਂਪ ਲਗਾਉਣਾ ਇਕ ਸਾਰਥਿਕ ਪਹਿਲਕਦਮੀ-ਸਤਨਾਮ ਸਿੰਘ ਮਾਣਕ

ਕਪੂਰਥਲਾ, 20 ਅਗਸਤ (ਅਮਰਜੀਤ ਕੋਮਲ)- ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ...

ਅਜੀਤ ਡੈਸਕ 20-08-2026

ਕਪੂਰਥਲਾ, 20 ਅਗਸਤ (ਅਮਰਜੀਤ ਕੋਮਲ)- ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ 'ਅਜੀਤ' ਉਪ ਦਫ਼ਤਰ ਕਪੂਰਥਲਾ ਦੀ ਟੀਮ ਵਲੋਂ ਵੱਖ-ਵੱਖ ਵਿੱਦਿਅਕ, ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 150 ਦੇ ਕਰੀਬ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ।

ਇਸ ਮੌਕੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ 'ਅਜੀਤ' ਉਪ ਦਫ਼ਤਰ ਦੀ ਟੀਮ ਵਲੋਂ ਇੰਚਾਰਜ ਅਮਰਜੀਤ ਕੋਮਲ ਦੀ ਅਗਵਾਈ ਵਿਚ ਡਾ. ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਖ਼ੂਨਦਾਨ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਸ਼ਖ਼ਸੀਅਤ ਸਮਾਜ ਵਿਚ ਵੱਡਾ ਪ੍ਰਭਾਵ ਰੱਖਦੀ ਹੋਵੇ ਤਾਂ ਹੌਲੀ-ਹੌਲੀ ਸਮਾਜ ਦੇ ਲੋਕ ਉਸ ਸ਼ਖ਼ਸੀਅਤ ਨਾਲ ਜੁੜ ਕੇ 'ਆਪ' ਮੁਹਾਰੇ ਹੀ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕਰ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਡਾ. ਹਮਦਰਦ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਦਾ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿਚ ਮਾਣ ਸਤਿਕਾਰ ਹੈ ਤੇ ਉਨ੍ਹਾਂ ਦਾ ਜਨਮ ਦਿਨ ਖ਼ੂਨਦਾਨ ਕੈਂਪ ਲਗਾ ਕੇ ਮਨਾਉਣਾ ਇਕ ਸਾਰਥਿਕ ਪਹਿਲ ਕਦਮੀ ਹੈ। ਉਨ੍ਹਾਂ ਕਿਹਾ ਕਿ ਡਾ. ਹਮਦਰਦ ਦਾ ਜਨਮ ਦਿਨ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਕਸਬਿਆਂ ਵਿਚ ਮਨਾਇਆ ਜਾਂਦਾ ਹੈ। ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪੈਸੇ ਦਾ ਦਾਨ ਤਾਂ ਦਿੱਤਾ ਜਾ ਸਕਦਾ ਹੈ, ਪਰ ਖ਼ੂਨਦਾਨ ਕਰਕੇ ਕਿਸੇ ਦਾ ਜੀਵਨ ਬਚਾਉਣਾ ਬਹੁਤ ਵੱਡਾ ਸੇਵਾ ਦਾ ਕਾਰਜ ਹੈ।

ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ, ਸਮਾਜ ਤੇ ਲੋੜਵੰਦਾਂ ਦੇ ਭਲੇ ਲਈ ਖ਼ੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਤੇ ਖ਼ੂਨਦਾਨ ਕਰਕੇ ਅਸੀਂ ਮੌਤ ਨਾਲ ਜੂਝ ਰਹੇ ਲੋਕਾਂ ਨੂੰ ਨਵਾਂ ਜੀਵਨ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਰਥਿਕ ਕੰਮ ਵਿਚ ਸਾਨੂੰ ਸਾਰਿਆਂ ਨੂੰ  ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਯਾਦਵਿੰਦਰ ਸਿੰਘ ਬਰਾੜ ਉਪ ਕੁਲਪਤੀ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਨੇ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਖ਼ੂਨਦਾਨ ਕੈਂਪ ਦੇ ਰੂਪ ਵਿਚ ਮਨਾਉਣਾ ਬਹੁਤ ਵੱਡੀ ਗੱਲ ਹੈ।

ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਸਮੇਂ ਦੀ ਲੋੜ ਹੈ ਤੇ ਖ਼ੂਨਦਾਨ ਕਰਕੇ ਅਸੀਂ ਬਹੁਤ ਕੀਮਤੀ ਜਾਨਾਂ ਬਚਾਅ ਸਕਦੇ ਹਾਂ। ਡਾ. ਬਰਾੜ ਨੇ ਕਿਹਾ ਕਿ ਯੂਨੀਵਰਸਿਟੀ ਦੇ ਐਨ.ਐਸ.ਐਸ. ਵਲੰਟੀਅਰ ਸਮੇਂ ਸਮੇਂ ਖ਼ੂਨਦਾਨ ਕੈਂਪਾਂ ਵਿਚ ਖ਼ੂਨਦਾਨ ਕਰਕੇ ਯੋਗਦਾਨ ਪਾਉਂਦੇ ਹਨ। ਉਨ੍ਹਾਂ ਅਦਾਰਾ 'ਅਜੀਤ' ਵਲੋਂ ਖ਼ੂਨਦਾਨ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਤਨਾਮ ਸਿੰਘ ਮਾਣਕ ਤੇ ਡਾ. ਯਾਦਵਿੰਦਰ ਸਿੰਘ ਬਰਾੜ ਤੇ ਹੋਰ ਸ਼ਖ਼ਸੀਅਤਾਂ ਦੇ ਖ਼ੂਨਦਾਨ ਕੈਂਪ ਮੌਕੇ ਸ਼ਮੂਲੀਅਤ ਕਰਨ 'ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਡਾ. ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੈਂਪ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ।

ਡਾ. ਢਿੱਲੋਂ ਨੇ ਕਿਹਾ ਕਿ ਅਦਾਰਾ 'ਅਜੀਤ' ਪਹਿਲਾਂ ਵੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾ ਚੁੱਕਾ ਹੈ ਤੇ ਪਿਛਲੇ ਸਾਲ ਇਸ ਅਦਾਰੇ ਨੇ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਵੀ ਪੀੜਿਤ ਲੋਕਾਂ ਦੀ ਬਾਂਹ ਫੜੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਲਾਇਲਪੁਰ ਖ਼ਾਲਸਾ ਕਾਲਜ ਇਸ ਤਰ੍ਹਾਂ ਦੇ ਸਮਾਜ ਭਲਾਈ ਕਾਰਜਾਂ ਵਿਚ ਪੂਰਾ ਸਹਿਯੋਗ ਦੇਵੇਗਾ। ਕੈਂਪ ਮੌਕੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸਾਬਕਾ ਕਾਂਗਰਸ ਵਿਧਾਇਕਾ ਰਾਜਬੰਸ ਕੌਰ ਰਾਣਾ, ਡੇਰਾ ਬਾਬਾ ਸ੍ਰੀ ਚੰਦ ਮਹਿਮਦਵਾਲ ਦੇ ਮੁੱਖ ਸੇਵਾਦਾਰ ਬਾਬਾ ਜੈ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਬੀਰ ਸਿੰਘ ਲਾਲੀ, ਸ਼ੋ੍ਰਮਣੀ ਕਮੇਟੀ ਦੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਬਸਪਾ (ਅ) ਦੇ ਪ੍ਰਧਾਨ ਮਨੋਜ ਕੁਮਾਰ ਨਾਹਰ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ, ਸਟੱਡੀ ਪਲੈਨੇਟ ਐਜੂਕੇਸ਼ਨ ਤੇ ਇਮੀਗਰੇਸ਼ਨ ਸਰਵਿਸਿਜ਼ ਦੇ ਐਮ.ਡੀ. ਇੰਦਰਪਾਲ ਸਿੰਘ ਮਠੌਣ, ਪੀ.ਟੀ.ਯੂ. ਦੇ ਡਿਪਟੀ ਡਾਇਰੈਕਟਰ (ਲੋਕ ਸੰਪਰਕ) ਰਜਨੀਸ਼ ਸ਼ਰਮਾ, ਲਾਇਲਪੁਰ ਖ਼ਾਲਸਾ ਕਾਲਜ ਦੇ ਡੀਨ ਪ੍ਰੋ. ਮਨਜਿੰਦਰ ਸਿੰਘ ਜੌਹਲ, ਰਾਇਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਜੈਪਾਲ ਗੋਇਲ, ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜੋਸਨ, ਕਲਾਥ ਮਰਚੰਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਸੂਜੋਕਾਲੀਆ, ਡੀ.ਟੀ.ਐਫ. ਦੇ ਆਗੂ ਜੈਮਲ ਸਿੰਘ, 'ਆਪ' ਦੇ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਪ੍ਰਮੁੱਖ ਸ਼ਖਸੀਅਤਾਂ ਹਾਜ਼ਿਰ ਸਨ |

ਪਿਛਲੀ ਖ਼ਬਰ ਅਕਾਲ ਫੈਡਰੇਸ਼ਨ ਵਲੋਂ ਪੰਜਾਬ ਬੰਦ ਦੀ ਹਮਾਇਤ- ਭਾਈ ਨਰਾਇਣ ਸਿੰਘ ਚੌੜਾ ਅਗਲੀ ਖ਼ਬਰ ਲੋਹੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸਮਰਥਨ