ਦਿੜ੍ਹਬਾ ਮੰਡੀ (ਸੰਗਰੂਰ), 15 ਅਗਸਤ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵਲੋਂ ਪਿੰਡ ਤੁਰਬੰਜਾਰਾ (ਸੈਲੋ ਪੱਕਾ ਮੋਰਚੇ) ਵਿਖੇ ਬਲਾਕ ਦਿੜਬਾ ਦੀ ਮੀਟਿੰਗ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਜ਼ਿਲ੍ਹਾ ਖਜਾਨਚੀ ਅਮਨਦੀਪ ਸਿੰਘ ਮਹਿਲਾ ਹਾਜ਼ਰ ਹੋਏ।
ਆਗੂਆਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਆਉਣ ਵਾਲੀ 20 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵੱਡੀਆਂ ਸਰਮਾਏਦਾਰ ਕੰਪਨੀਆਂ ਅੱਗੇ ਇਕ ਰੋਜ਼ਾ ਧਰਨੇ ਦਿੱਤੇ ਜਾਣਗੇ। ਬਠਿੰਡਾ ਵਿਖੇ ਕਾਰਗਲ ਕੰਪਨੀ, ਅੰਮ੍ਰਿਤਸਰ ਵਿਖੇ ਜਲ ਪ੍ਰਜੈਕਟ ਅੱਗੇ ਅਤੇ ਸੰਗਰੂਰ ਪੈਪਸੀਕੋ ਕੰਪਨੀ ਚੰਨੋ ਵਿਖੇ ਵੱਡੇ ਇਕੱਠ ਕਰਕੇ ਧਰਨਾ ਦਿੱਤਾ ਜਾਣਗੇ ਕਿਉਂਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਰਮਾਏਦਾਰਾਂ ਦੀ ਦਲਾਲ ਬਣ ਕੇ ਕਾਰਪੋਰੇਟਾਂ ਨੂੰ ਮੋਟੇ ਮੁਨਾਫੇ ਦੇਣ ਵਾਸਤੇ ਭਾਰਤ ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤੇ, ਲੈਂਡ ਪੁਲਿੰਗ ਪੋਲਸੀ, ਬਿਜਲੀ ਬਿਲ ਅਤੇ ਬੀਜ ਬਿਲ ਲਿਆ ਕੇ ਕਾਰਪੋਰੇਟਾਂ ਦੀ ਸੇਵਾ ਵਿਚ ਲੱਗੀ ਹੋਈ ਹੈ। ਇਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿਚ ਕਾਰਪੋਰੇਟਾਂ ਦੇ ਨਿੱਜੀ ਅਦਾਰੇ ਬੰਦ ਕਰਕੇ ਪੱਕੇ ਮੋਰਚੇ ਲਾਏ ਜਾਣਗੇ।