05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਹੋਈ ਘਟਨਾ ਦੀ ਨਿੰਦਾ

ਨਵੀਂ ਦਿੱਲੀ, 5 ਅਗਸਤ (ਦਵਿੰਦਰ ਸਿੰਘ) - ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ...

ਅਜੀਤ ਡੈਸਕ 05-08-2026

ਨਵੀਂ ਦਿੱਲੀ, 5 ਅਗਸਤ (ਦਵਿੰਦਰ ਸਿੰਘ) - ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਮਣੀ ਅਕਾਲੀ ਦਲ (ਬ)  ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਹੋਈ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਲੋਕਤੰਤਰ ਲਈ ਸ਼ਰਮਨਾਕ ਹੈ ਕਿ ਇਕ ਮਹਿਲਾ ਵਿਧਾਇਕ ਨੂੰ ਸੱਤਾ ਪੱਖ ਦੇ ਵਿਧਾਇਕਾਂ ਵਲੋਂ ਇਸ ਤਰ੍ਹਾਂ ਘੇਰ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ।
ਹਰਸਿਮਰਤ ਕੌਰ ਬਾਦਲ ਨੇ ਸਵਾਲ ਉਠਾਇਆ ਕਿ ਵਿਧਾਨ ਸਭਾ ਵਿਚ ਮੌਜੂਦ ਮਹਿਲਾ ਵਿਧਾਇਕਾਂ ਨੇ ਇਸ ਮਾਮਲੇ 'ਤੇ ਆਵਾਜ਼ ਕਿਉਂ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਉਹ ਵੀ ਸੱਤਾ ਪੱਖ ਦੇ ਪੁਰਸ਼ ਵਿਧਾਇਕਾਂ ਦਾ ਸਾਥ ਦਿੰਦੀਆਂ ਨਜ਼ਰ ਆਈਆਂ, ਪਰ ਗਨੀਵ ਕੌਰ ਮਜੀਠੀਆ ਦੇ ਹੱਕ ਵਿਚ ਕਿਸੇ ਨੇ ਵੀ ਨਹੀਂ ਬੋਲਿਆ।
ਉਨ੍ਹਾਂ ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਾਰੇ ਵਿਧਾਇਕਾਂ ਨੂੰ ਭੇਜੀ ਗਈ ਚਿੱਠੀ ਵੀ ਦਿਖਾਈ। ਹਰਸਿਮਰਤ ਬਾਦਲ ਨੇ ਕਿਹਾ ਕਿ ਚਿੱਠੀ ਵਿਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਜਾਗਤ ਜੋਤ) ਬਿੱਲ 'ਤੇ ਚਰਚਾ ਹੁੰਦੀ ਹੈ ਤਾਂ ਸਾਰੇ ਵਿਧਾਇਕ ਇਹ ਮੰਗ ਰੱਖਣ ਕਿ ਜਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਸੰਤੁਸ਼ਟ ਨਹੀਂ ਹੁੰਦੇ, ਉਦੋਂ ਤੱਕ ਇਸ ਬਿੱਲ ਨੂੰ ਪਾਸ ਨਾ ਕੀਤਾ ਜਾਵੇ।
ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਸੂਬੇ ਵਿਚ ਮੁਲਾਜ਼ਮ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਲਾਠੀਚਾਰਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਮਨਰੇਗਾ ਕਰਮਚਾਰੀ ਹੋਣ ਜਾਂ ਠੇਕੇ 'ਤੇ ਕੰਮ ਕਰਦੇ ਮੁਲਾਜ਼ਮ, ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ।
ਪੰਜਾਬ ਵਿਚ ਕਥਿਤ ਪੇਪਰ ਲੀਕ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੁਣ ਤੱਕ 11 ਤੋਂ 12 ਪੇਪਰ ਲੀਕ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੇਪਰ ਲੀਕ ਦੀ ਗੱਲ ਮੰਨਣ ਦੀ ਬਜਾਏ ਇਸ ਨੂੰ ਸਿਰਫ਼ ਨਕਲ ਦਾ ਮਾਮਲਾ ਦੱਸ ਰਹੇ ਹਨ, ਜਦਕਿ ਹਕੀਕਤ ਕੁਝ ਹੋਰ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ 12ਵੀਂ ਜਮਾਤ ਦਾ ਪੇਪਰ ਸਿੱਖਿਆ ਵਿਭਾਗ ਅਧੀਨ ਹੀ ਲੀਕ ਹੋਇਆ ਸੀ, ਇਸ ਲਈ ਹਰਜੋਤ ਸਿੰਘ ਬੈਂਸ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਹ ਮਾਮਲਾ ਸਿੱਖਿਆ ਮੰਤਰੀ ਦੇ ਵਿਭਾਗ ਨਾਲ ਸੰਬੰਧਤ ਨਹੀਂ ਸੀ, ਤਾਂ ਫਿਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੇਪਰ ਲੀਕ ਅਤੇ ਨਕਲ ਦੇ ਮਾਮਲਿਆਂ ਵਿਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪਿਛਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਦਾ ਡੀਏ ਅਦਾ ਕਰਨ ਤੋਂ ਭੱਜੀ ਪੰਜਾਬ ਸਰਕਾਰ - ਵਿਜੇ ਸਾਂਪਲਾ ਅਗਲੀ ਖ਼ਬਰ ਟਾਸ ਰਾਹੀਂ ਸ੍ਰੀਮਤੀ ਸੁਮਨ ਚੁਣੇ ਗਏ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ