05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

23 ਅਗਸਤ ਤੋਂ ਸ਼ੁਰੂ ਹੋਵੇਗਾ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਦੂਜਾ ਪੜਾਅ - ਜਥੇਦਾਰ ਗੜਗੱਜ

ਅੰਮ੍ਰਿਤਸਰ, 5 ਅਗਸਤ- (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਨੂੰ ਪਹਿਲੇ ਪੜਾਅ ਦੇ ਤਹਿਤ ਆਰੰਭ ਹੋਇਆ ‘ਮੀਰੀ ਪੀਰੀ ਖ਼ਾਲਸਾ ਮਾਰਚ’ ਪੰਜਾਬ ਦੇ ਮਾਝਾ ਤੇ ਮਾਲਵਾ...

ਅਜੀਤ ਡੈਸਕ 05-08-2026

ਅੰਮ੍ਰਿਤਸਰ, 5 ਅਗਸਤ- (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਨੂੰ ਪਹਿਲੇ ਪੜਾਅ ਦੇ ਤਹਿਤ ਆਰੰਭ ਹੋਇਆ ‘ਮੀਰੀ ਪੀਰੀ ਖ਼ਾਲਸਾ ਮਾਰਚ’ ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਵਿਚ ਸਿੱਖੀ ਪ੍ਰਚਾਰ ਪ੍ਰਸਾਰ ਕਰਦਿਆਂ ਬੀਤੀ ਰਾਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖ਼ਾਲਸਈ ਜਾਹੋ ਜਲਾਲ ਤੇ ਭਰਵੀਂ ਸੰਗਤ ਦੀ ਸ਼ਮੂਲੀਅਤ ਨਾਲ ਸੰਪੂਰਨ ਹੋਇਆ। ਮੀਰੀ ਪੀਰੀ ਖ਼ਾਲਸਾ ਮਾਰਚ ਦੌਰਾਨ ਜਿਥੇ ਪੰਥ ਦੀਆਂ ਸਮੂਹ ਜਥੇਬੰਦੀਆਂ, ਨਿਹੰਗ ਸਿੰਘ ਦਲ ਪੰਥਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੰਗਾ ਸਹਿਯੋਗ ਰਿਹਾ ਉਥੇ ਹੀ ਸਿੱਖ ਸੰਗਤ ਨੇ ਵੀ ਹਰ ਪਾਸੇ ਭਰਵੀਂ ਸ਼ਮੂਲੀਅਤ ਕਰਕੇ ਸੁਆਗਤ ਕੀਤਾ। 23 ਅਗਸਤ  ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਦੂਜਾ ਪੜਾਅ ਆਰੰਭ ਹੋਵੇਗਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੰਗਤ ਨੇ ਮੌਸਮ ਵਿਚ ਗਰਮੀ ਅਤੇ ਭਾਰੀ ਮੀਂਹ ਦੀ ਪ੍ਰਵਾਹ ਕੀਤੇ ਬਿਨਾਂ ਖ਼ਾਲਸਾ ਮਾਰਚ ਵਿਚ ਬਹੁਤ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣਾ ਸਤਿਕਾਰ ਭੇਟ ਕੀਤਾ ਹੈ, ਜੋ ਕਿ ਪ੍ਰੇਰਣਾਦਾਇਕ ਹੈ।
 ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਦੌਰਾਨ ਸਮੂਹ ਪੰਜਾਬੀਆਂ ਨੂੰ ਇਹ ਸਨੇਹਾ ਦਿੱਤਾ ਗਿਆ ਕਿ ਉਹ ਪੰਜਾਬ ਨੂੰ ਪੱਕੇ ਤੌਰ ਉੱਤੇ ਨਾ ਛੱਡਣ ਅਤੇ ਆਪਣੇ ਮੂਲ ਨਾਲ ਜੁੜੇ ਰਹਿਣ, ਇਥੋਂ ਦੀਆਂ ਜ਼ਮੀਨਾਂ ਨਾ ਵੇਚਣ ਬਲਕਿ ਇਥੇ ਹੀ ਹੋਰ ਤਕੜੇ ਹੋਣ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਖ਼ਾਸਕਰ ਸਿੱਖ ਪਰਿਵਾਰਾਂ ਨੂੰ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਤਾਂ ਜੋ ਸਾਡੀਆਂ ਆਪਸ ਵਿਚ ਰਿਸ਼ਤੇਦਾਰੀਆਂ ਕਾਇਮ ਰਹਿਣ ਅਤੇ ਘਰਾਂ ਵਿਚ ਰਿਸ਼ਤਿਆਂ ਦੀ ਫੁਲਵਾੜੀ ਸਜੀ ਰਹੇ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਸਿੱਖ ਸੰਸਥਾਵਾਂ ਕਮਜ਼ੋਰ ਕਰਨ ਦੀ ਮਨਸ਼ਾ ਰੱਖਣ ਦੇ ਨਾਲ-ਨਾਲ ਗੁਰੂ ਘਰਾਂ ਦੇ ਪ੍ਰਬੰਧਾਂ ਤੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਰਹਿਣ ਲਈ ਵੀ ਸੰਦੇਸ਼ ਦਿੱਤਾ ਗਿਆ ਹੈ। 
ਜਥੇਦਾਰ ਗੜਗੱਜ ਨੇ ਕਿਹਾ ਖ਼ਾਲਸਾ ਮਾਰਚ ਸਮੇਂ ਸਿੱਖ ਨੌਜਵਾਨਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਮੂਹ ਨੌਜਵਾਨ ਪੰਜਾਬ ਅਤੇ ਸਿੱਖੀ ਪ੍ਰਤੀ ਸੁਚੇਤ ਅਤੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਹ ਮੀਰੀ ਪੀਰੀ ਖ਼ਾਲਸਾ ਮਾਰਚ ਸਿੱਖੀ ਪ੍ਰਚਾਰ ਪ੍ਰਸਾਰ ਲਈ ਇਹ ਅਹਿਮ ਮੀਲ ਪੱਥਰ ਸਾਬਤ ਹੋਇਆ ਹੈ ਅਤੇ 23 ਅਗਸਤ  ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਦੂਜਾ ਪੜਾਅ ਆਰੰਭ ਹੋਵੇਗਾ। ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਵੀ ਮੀਰੀ ਪੀਰੀ ਖ਼ਾਲਸਾ ਮਾਰਚ ਸਜਾਇਆ ਜਾਵੇਗਾ।

ਪਿਛਲੀ ਖ਼ਬਰ ਬਠਿੰਡਾ ਦੇ ਥਾਣਾ ਸਾਈਬਰ ਕ੍ਰਾਇਮ ਵਿਚ ਵਿਜੀਲੈਂਸ ਦੀ ਛਾਪੇਮਾਰੀ ਅਗਲੀ ਖ਼ਬਰ ਟਰੱਕ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ