ਜਲੰਧਰ, 4 ਅਗਸਤ (ਜਤਿੰਦਰ ਪੰਮੀ)- ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ਵਿਚ ਅੱਜ ਤੜਕੇ ਕਰੀਬ 5:30 ਵਜੇ ਏਅਰ ਕੰਡੀਸ਼ਨਰ (ਏਸੀ) ਦੇ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗ ਗਈ। ਘਟਨਾ ਨਾਲ ਕੁਝ ਸਮੇਂ ਲਈ ਹੜਕੰਪ ਮਚ ਗਿਆ, ਪਰ ਹਸਪਤਾਲ ਸਟਾਫ਼ ਦੀ ਤੁਰੰਤ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਅਨੁਸਾਰ ਅੱਗ ਲੱਗਦੇ ਹੀ ਲੇਬਰ ਰੂਮ ਅਤੇ ਨੇੜਲੇ ਹਿੱਸੇ ਵਿਚ ਮੌਜੂਦ ਮਰੀਜ਼ਾਂ ਨੂੰ ਤੁਰੰਤ ਸੁਰੱਖਿਅਤ ਥਾਂ 'ਤੇ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅੱਗ ਦੀ ਲਪੇਟ ਵਿਚ ਆਉਣ ਨਾਲ ਲੇਬਰ ਰੂਮ ਦੇ ਪਰਦੇ ਸੜ ਗਏ, ਜਦਕਿ ਧੂੰਆਂ ਫੈਲਣ ਕਾਰਨ ਕੁਝ ਸਮੇਂ ਲਈ ਹਸਪਤਾਲ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ ਅਤੇ ਤੁਰੰਤ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ। ਸਮੇਂ ਸਿਰ ਅੱਗ ਬੁਝਾਏ ਜਾਣ ਕਾਰਨ ਇਸ ਨੂੰ ਹੋਰ ਵਾਰਡਾਂ ਤੱਕ ਫੈਲਣ ਤੋਂ ਰੋਕ ਲਿਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਏ.ਸੀ. ਦਾ ਜ਼ਿਆਦਾ ਗਰਮ ਹੋਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਵਲੋਂ ਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਹਸਪਤਾਲ ਵਿਚ ਲੱਗੇ ਬਿਜਲੀ ਉਪਕਰਨਾਂ ਅਤੇ ਅੱਗ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।