JALANDHAR WEATHER

ਆਲੂਆਂ ਦੀਆਂ ਬੋਰੀਆਂ ਹੇਠ ਲੁਕਾਈਆਂ 307 ਪੇਟੀਆਂ ਸ਼ਰਾਬ ਬਰਾਮਦ, ਦੋ ਤਸਕਰ ਕਾਬੂ

ਡੇਰਾਬੱਸੀ (ਮੋਹਾਲੀ), 31 ਜੁਲਾਈ- ਪੰਜਾਬ ਵਿਚ ਸ਼ਰਾਬ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਅਤੇ ਮੋਹਾਲੀ ਐਕਸਾਈਜ਼ ਵਿਭਾਗ ਦੀ ਸਾਂਝੀ ਟੀਮ ਨੇ ਲਹਲੀ ਨੇੜੇ ਵੱਡੀ ਕਾਰਵਾਈ ਕਰਦਿਆਂ ਆਲੂਆਂ ਦੀਆਂ ਬੋਰੀਆਂ ਹੇਠ ਲੁਕਾਈਆਂ 307 ਪੇਟੀਆਂ ਗੈਰਕਾਨੂੰਨੀ ਸ਼ਰਾਬ ਬਰਾਮਦ ਕੀਤੀਆਂ ਹਨ। ਮੌਕੇ ਤੋਂ ਦੋ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਕਸਾਈਜ਼ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ (ਐਕਸਾਈਜ਼) ਪਟਿਆਲਾ ਜ਼ੋਨ ਖੁਸ਼ਦਿਲ ਸਿੰਘ ਸੰਧੂ ਦੀ ਨਿਗਰਾਨੀ ਹੇਠ 30/31 ਜੁਲਾਈ ਦੀ ਦਰਮਿਆਨੀ ਰਾਤ ਇਹ ਕਾਰਵਾਈ ਕੀਤੀ ਗਈ। ਐਸਓਜੀ ਦੇ ਐਕਸਾਈਜ਼ ਅਫ਼ਸਰ ਸਰੂਪਿੰਦਰ ਸਿੰਘ ਸੰਧੂ ਅਤੇ ਡੇਰਾਬੱਸੀ ਦੇ ਐਕਸਾਈਜ਼ ਇੰਸਪੈਕਟਰ ਗੁਰਿੰਦਰ ਪਾਲ ਦੀ ਅਗਵਾਈ ਹੇਠ ਟੀਮ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਰਾਜਸਥਾਨ ਨੰਬਰ ਦੇ ਟਾਟਾ 3118 ਟਰੱਕ (RJ19-GD-7833) ਨੂੰ ਲਹਲੀ ਨੇੜੇ ਰੋਕਿਆ।

ਸ਼ੁਰੂਆਤੀ ਜਾਂਚ ਵਿਚ ਟਰੱਕ ਆਲੂਆਂ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਲੱਗ ਰਿਹਾ ਸੀ, ਪਰ ਡੂੰਘੀ ਤਲਾਸ਼ੀ ਦੌਰਾਨ ਬੋਰੀਆਂ ਹੇਠੋਂ 307 ਪੇਟੀਆਂ ਇੰਡੀਅਨ ਮੇਡ ਫ਼ੋਰਿਨ ਲਿਕਰ (IMFL) ਬਰਾਮਦ ਹੋਈਆਂ। ਇਹ ਸ਼ਰਾਬ ਸਿਰਫ਼ ਚੰਡੀਗੜ੍ਹ ਵਿਚ ਵਿਕਰੀ ਲਈ ਮਨਜ਼ੂਰਸ਼ੁਦਾ ਸੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਨੌਗਜਾ, ਤਹਿਸੀਲ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਅਤੇ ਮੱਖਣ ਸਿੰਘ ਵਾਸੀ ਪਿੰਡ ਪਤਨ ਕਲਾਂ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਬਰਾਮਦ ਸ਼ਰਾਬ ਵਿਚ 100 ਪੇਟੀਆਂ ਰਾਇਲ ਸਟੈਗ ਕਵਾਰਟ, 100 ਪੇਟੀਆਂ ਰਾਇਲ ਸਟੈਗ ਪਿੰਟ ਅਤੇ 107 ਪੇਟੀਆਂ ਗ੍ਰੈਂਡ ਪਾਰਟੀ ਨਿਪਸ ਸ਼ਾਮਲ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜ਼ਿਆਦਾਤਰ ਪੇਟੀਆਂ ਦੇ ਹੋਲੋਗ੍ਰਾਮਾਂ ਨਾਲ ਛੇੜਛਾੜ ਕੀਤੀ ਗਈ ਸੀ, ਜਦਕਿ ਸਿਰਫ਼ 4-5 ਪੇਟੀਆਂ 'ਤੇ ਹੀ ਸਹੀ ਹੋਲੋਗ੍ਰਾਮ ਲੱਗੇ ਹੋਏ ਸਨ।

ਮਾਮਲੇ ਸਬੰਧੀ ਥਾਣਾ ਲਾਲੜੂ ਵਿਚ ਪੰਜਾਬ ਐਕਸਾਈਜ਼ ਐਕਟ, 1914 ਦੀਆਂ ਧਾਰਾਵਾਂ 61 ਅਤੇ 78 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਦੋਵੇਂ ਮੁਲਜ਼ਮ ਪੁਲਿਸ ਹਿਰਾਸਤ ਵਿਚ ਹਨ ਅਤੇ ਸ਼ਰਾਬ ਤਸਕਰੀ ਦੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ