JALANDHAR WEATHER

ਡੇਰਾਬੱਸੀ ਖੇਤਰ 'ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਮੱਚੀ ਹਾਹਾਕਾਰ, 16 ਘੰਟਿਆਂ ਤੋਂ ਵੱਧ ਸਮੇਂ ਤੋਂ ਬਿਜਲੀ ਸਪਲਾਈ ਠੱਪ

ਡੇਰਾਬੱਸੀ (ਮੁਹਾਲੀ), 27 ਜੁਲਾਈ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਖੇਤਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਲੋਕਾਂ ਦਾ ਅਸਹਿ ਗਰਮੀ ਨਾਲ ਬੁਰਾ ਹਾਲ ਹੋ ਗਿਆ ਹੈ ਅਤੇ ਇਲਾਕੇ ਵਿਚ ਹਾਹਾਕਾਰ ਮੱਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿੰਬੂਆ ਫੀਡਰ ਅਧੀਨ ਆਉਂਦੇ ਖੇਤਰਾਂ ਪੰਡਵਾਲਾ ਸੁੰਡਰਾ ਤੋਂ ਪਿੰਡ ਦੇਵੀਨਗਰ ਵਿਚ ਲੰਘੀ ਸ਼ਾਮ ਤੋਂ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ, ਜਿਸ ਕਾਰਨ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਆਮ ਨਾਗਰਿਕਾਂ ਨੇ ਭਾਰੀ ਹੁਮਸ ਅਤੇ ਗਰਮੀ ਵਿਚ ਰਾਤ ਕੱਟੀ। ਇਸ ਤੋਂ ਇਲਾਵਾ ਭਾਂਖਰਪੁਰ ਅਤੇ ਆਸ-ਪਾਸ ਦੀਆਂ ਕਾਲੋਨੀਆਂ ਵਿਚ ਵੀ ਬਿਜਲੀ ਸਪਲਾਈ ਠੱਪ ਰਹਿਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਲੀਹੋਂ ਲਹਿ ਗਿਆ।
ਪਿੰਡ ਦੇਵੀਨਗਰ ਦੇ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਲੰਘੀ ਸ਼ਾਮ ਤਕਰੀਬਨ 5 ਵਜੇ ਤੋਂ ਬਿਜਲੀ ਬੰਦ ਹੋਣ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਹੁੰਦੇ ਰਹੇ ਅਤੇ ਬਿਜਲੀ ਵਿਭਾਗ ਦਾ ਕੋਈ ਵੀ ਅਧਿਕਾਰੀ ਫੋਨ ਚੁੱਕਣ ਲਈ ਤਿਆਰ ਨਹੀਂ ਸੀ। ਪਿੰਡ ਵਾਸੀਆਂ ਨੇ ਹਲਕੇ ਦੇ ਸਮੂਹ ਸਿਆਸੀ ਆਗੂਆਂ ਅਤੇ ਸਰਕਾਰ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੀ ਇਸ ਗੰਭੀਰ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਕੱਢਿਆ ਜਾਵੇ। ਨਿੰਬੂਆ ਫੀਡਰ ਅਧੀਨ ਆਉਂਦੇ ਪਿੰਡਾਂ ਵਿਚ ਤਕਰੀਬਨ 16 ਘੰਟਿਆਂ ਦੀ ਲੰਮੀ ਖੱਜਲ-ਖੁਆਰੀ ਤੋਂ ਬਾਅਦ ਜਾ ਕੇ ਬਿਜਲੀ ਸਪਲਾਈ ਬਹਾਲ ਹੋ ਸਕੀ।
ਇਸ ਪੂਰੇ ਮਾਮਲੇ ਸੰਬੰਧੀ ਜਦੋਂ ਬਿਜਲੀ ਬੋਰਡ ਡੇਰਾਬੱਸੀ ਦੇ ਐਸਡੀਓ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਅਮਲੇ ਦੀ ਹੜਤਾਲ ਕਾਰਨ ਇਹ ਸਮੱਸਿਆ ਪੈਦਾ ਹੋਈ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਲੰਘੀ 21 ਜੁਲਾਈ ਤੋਂ ਹੜਤਾਲ 'ਤੇ ਚੱਲ ਰਹੇ ਰੈਗੂਲਰ ਸਟਾਫ਼ ਜਿਨ੍ਹਾਂ ਵਿਚ ਜੇਈ, ਲਾਈਨਮੈਨ, ਏਐਲਐਮ ਅਤੇ ਦਫ਼ਤਰੀ ਕਰਮਚਾਰੀ ਸ਼ਾਮਿਲ ਸਨ, ਮੰਗਾਂ ਬਾਰੇ ਹੋਈ ਸਹਿਮਤੀ ਤੋਂ ਬਾਅਦ ਅੱਜ ਸਵੇਰੇ ਕੰਮ 'ਤੇ ਵਾਪਸ ਪਰਤ ਆਏ ਹਨ। ਰੈਗੂਲਰ ਅਮਲੇ ਦੇ ਵਾਪਸ ਆਉਣ ਨਾਲ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਨੂੰ ਨਿਪਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐਸਡੀਓ ਨੇ ਅੱਗੇ ਦੱਸਿਆ ਕਿ ਸੀਐਚਡੀ ਕੰਟਰੈਕਟ ਵਾਲੇ ਮੁਲਾਜ਼ਮ ਅਤੇ ਕੰਪਲੇਂਟ ਸੈਂਟਰ ਨਾਲ ਸੰਬੰਧਿਤ ਕੰਟਰੈਕਟ ਸਟਾਫ਼ ਅਜੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੈਗੂਲਰ ਕਰਮਚਾਰੀਆਂ ਵਲੋਂ ਫੀਲਡ ਵਿਚ ਮੋਰਚਾ ਸੰਭਾਲਣ ਤੋਂ ਬਾਅਦ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸਾਰੇ ਪ੍ਰਭਾਵਿਤ ਇਲਾਕਿਆਂ ਵਿਚ ਸਥਿਤੀ ਪੂਰੀ ਤਰ੍ਹਾਂ ਸੁਖਾਵੀਂ ਕਰ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ