ਆਈ.ਐੱਸ.ਆਈ. ਅਤੇ ਬੱਬਰ ਖਾਲਸਾ ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 1.3 ਕਿਲੋ ਵਿਸਫੋਟਕ ਸਮੇਤ ਆਈ.ਈ.ਡੀ. ਬਰਾਮਦ
ਜਲੰਧਰ, 26 ਜੁਲਾਈ (ਜਤਿੰਦਰ ਪੰਮੀ)– ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਜਲੰਧਰ ਦਿਹਾਤੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਸਰਪ੍ਰਸਤੀ ਹੇਠ ਵਿਦੇਸ਼ ਬੈਠੇ ਹੈਂਡਲਰਾਂ ਵਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਜਲੰਧਰ ਦੇ ਇਕ ਮੁੱਖ ਸਾਥੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ 1.3 ਕਿਲੋਗ੍ਰਾਮ ਉੱਚ ਸਮਰੱਥਾ ਵਾਲੇ ਵਿਸਫੋਟਕ ਨਾਲ ਤਿਆਰ ਕੀਤਾ ਗਿਆ ਇਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਕੀਤਾ ਹੈ। ਇਸ ਵਿਚ ਸ਼ਰੈਪਨਲ ਅਤੇ ਲੋਹੇ ਦੀਆਂ ਗੋਲੀਆਂ ਵੀ ਭਰੀਆਂ ਹੋਈਆਂ ਸਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਣ ਅਤੇ ਅਮਨ-ਕਾਨੂੰਨ ਭੰਗ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ।
ਪੁਲਿਸ ਦੀ ਸਮੇਂ ਸਿਰ ਕੀਤੀ ਕਾਰਵਾਈ ਨਾਲ ਇਕ ਵੱਡਾ ਅੱਤਵਾਦੀ ਹਮਲਾ ਟਲ ਗਿਆ ਅਤੇ ਕਈ ਬੇਕਸੂਰ ਲੋਕਾਂ ਦੀਆਂ ਜਾਨਾਂ ਬਚ ਗਈਆਂ। ਇਸ ਸਬੰਧੀ ਥਾਣਾ ਪਤਾਰਾ (ਜਲੰਧਰ ਦਿਹਾਤੀ) ਵਿਖੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.), ਵਿਸਫੋਟਕ ਪਦਾਰਥ ਐਕਟ ਅਤੇ ਹਥਿਆਰ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਵਲੋਂ ਵਿਦੇਸ਼ੀ ਹੈਂਡਲਰਾਂ, ਸਥਾਨਕ ਸਹਿਯੋਗੀਆਂ ਅਤੇ ਇਸ ਸਾਜ਼ਿਸ਼ ਨਾਲ ਜੁੜੀਆਂ ਅੱਗੇ-ਪਿੱਛੇ ਦੀਆਂ ਸਾਰੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਡੀ.ਜੀ.ਪੀ. ਪੰਜਾਬ ਪੁਲਿਸ ਗੌਰਵ ਯਾਦਵ ਨੇ ਕਿਹਾ ਹੈ ਕਿ ਸੂਬੇ ਵਿਚ ਅੱਤਵਾਦੀ ਨੈੱਟਵਰਕ ਅਤੇ ਸੰਗਠਿਤ ਅਪਰਾਧ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਅਮਨ, ਸੁਰੱਖਿਆ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ।
;
;
;
;
;
;
;
;
;