JALANDHAR WEATHER

ਡੇਰਾਬੱਸੀ 'ਚ ਤਿੰਨ ਮੰਜ਼ਿਲਾ ਇਮਾਰਤ ਦਾ ਢਾਂਚਾ ਡਿੱਗਿਆ

ਡੇਰਾਬੱਸੀ (ਮੁਹਾਲੀ), 15 ਜੁਲਾਈ - ਡੇਰਾਬੱਸੀ ਦੇ ਕਾਲਜ ਨੇੜੇ ਸਰਸਵਤੀ ਵਿਹਾਰ ਦੀ ਗਲੀ ਨੰਬਰ-9 ਵਿਚ ਅੱਜ ਰਾਤ ਕਰੀਬ 10:30 ਵਜੇ ਇਕ ਤਿੰਨ ਮੰਜ਼ਿਲਾ ਇਮਾਰਤ ਦਾ ਢਾਂਚਾ ਅਚਾਨਕ ਡਿੱਗ ਗਿਆ। ਢਾਂਚਾ ਡਿੱਗਣ ਸਮੇਂ ਹੋਏ ਜ਼ੋਰਦਾਰ ਧਮਾਕੇ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਗਲੀ ਵਾਸੀਆਂ ਨੂੰ ਪਹਿਲਾਂ ਲੱਗਾ ਕਿ ਭੂਚਾਲ ਆ ਗਿਆ ਹੈ। ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਤਿੰਨ ਮੰਜ਼ਿਲਾ ਇਮਾਰਤ ਨੂੰ ਮਲਬੇ ਦੇ ਢੇਰ ਵਿਚ ਤਬਦੀਲ ਹੋਇਆ ਦੇਖਿਆ।
ਇਸ ਹਾਦਸੇ ਵਿਚ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਢਾਂਚੇ ਦੇ ਬਿਲਕੁਲ ਨਾਲ ਵਾਲੀ ਇਮਾਰਤ ਵਿਚ ਰਹਿ ਰਹੇ ਸੁਮਿਤਰਾ (45 ਸਾਲ), ਰੋਟਾਸ਼ (61 ਸਾਲ), ਉਸ ਦੇ ਪਿਤਾ ਰਤੀ ਰਾਮ ਅਤੇ ਰਜਿੰਦਰ ਕੁਮਾਰ (44 ਸਾਲ) ਵਾਲ-ਵਾਲ ਬਚ ਗਏ। ਹਾਦਸੇ ਦੌਰਾਨ ਸੁਮਿਤਰਾ ਦੇ ਬਾਂਹ 'ਤੇ ਸੱਟ ਲੱਗਣ ਦੀ ਗੱਲ ਵੀ ਸਾਹਮਣੇ ਆਈ ਹੈ।
ਸਥਾਨਕ ਲੋਕਾਂ ਅਨੁਸਾਰ ਇਹ ਇਮਾਰਤ ਸਾਲ 2013 ਦੇ ਆਸ-ਪਾਸ ਬਣਾਈ ਗਈ ਸੀ ਅਤੇ ਕਾਫ਼ੀ ਸਮੇਂ ਤੋਂ ਖਾਲੀ ਪਈ ਸੀ। ਇਮਾਰਤ ਦੀ ਹਾਲਤ ਜਰਜਰ ਹੋ ਚੁੱਕੀ ਸੀ ਅਤੇ ਇਸ ਦਾ ਢਾਂਚਾ ਕਿਸੇ ਵੀ ਸਮੇਂ ਡਿੱਗ ਸਕਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਾਦਸਾ ਦਿਨ ਦੇ ਸਮੇਂ ਹੁੰਦਾ, ਜਦੋਂ ਗਲੀ ਵਿਚ ਬੱਚਿਆਂ ਅਤੇ ਹੋਰ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਤਾਂ ਨਤੀਜੇ ਕਾਫ਼ੀ ਗੰਭੀਰ ਹੋ ਸਕਦੇ ਸਨ।
ਇਮਾਰਤ ਦੇ ਲੈਂਟਰ ਅਤੇ ਕੰਧਾਂ ਦੇ ਵੱਡੇ ਟੁਕੜੇ ਨਾਲ ਲੱਗਦੇ ਮਕਾਨਾਂ ਉੱਤੇ ਵੀ ਡਿੱਗੇ। ਇਸ ਨਾਲ ਕੁਝ ਮਕਾਨਾਂ ਦੀਆਂ ਕੰਧਾਂ ਵਿੱਚ ਦਰਾਰਾਂ ਆ ਗਈਆਂ ਅਤੇ ਛੱਤਾਂ ਨੂੰ ਵੀ ਨੁਕਸਾਨ ਪਹੁੰਚਿਆ। ਇਮਾਰਤ ਦੇ ਨੇੜੇ ਖੜ੍ਹੀ ਇਕ ਮਾਰੂਤੀ ਕਾਰ ਸਮੇਤ ਹੋਰ ਵਾਹਨਾਂ ਅਤੇ ਸਾਮਾਨ ਨੂੰ ਵੀ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਤੋਂ ਬਾਅਦ ਨੇੜਲੇ ਮਕਾਨਾਂ ਵਿਚ ਰਹਿੰਦੇ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬੱਸੀ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਪੁਲਿਸ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਪ੍ਰਭਾਵਿਤ ਹਿੱਸੇ ਨੂੰ ਸੁਰੱਖਿਅਤ ਕਰਵਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ