ਟਿੱਪਰ ਵਲੋਂ ਦਰੜੇ ਜਾਣ ਕਰਕੇ ਨੌਜਵਾਨ ਦੀ ਦਰਦਨਾਕ ਮੌਤ
ਉਸਮਾਨਪੁਰ, (ਨਵਾਂਸ਼ਹਿਰ), 15 ਜੂਨ (ਸੰਦੀਪ ਮਝੂਰ)- ਅੱਜ ਸਵੇਰੇ 9: 30 ਵਜੇ ਦੇ ਕਰੀਬ ਰਾਹੋਂ - ਜਾਡਲਾ ਮਾਰਗ ਤੇ ਪਿੰਡ ਰਾਮਗੜ੍ਹ ਇੱਟ ਭੱਠੇ ਨੇੜੇ ਇਕ ਟਿੱਪਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਦਰੜ ਦਿੱਤਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਿੰਡ ਉਸਮਾਨਪੁਰ ਦੇ ਵਸਨੀਕ ਸੁਖਵਿੰਦਰ ਸਿੰਘ ਉਰਫ਼ ਸੁੱਖਾ ( 39) ਪੁੱਤਰ ਸ਼ੀਤਲ ਸਿੰਘ ਵਜੋਂ ਹੋਈ ਹੈ। ਮੌਕੇ ’ਤੇ ਇੱਕਤਰ ਲੋਕਾਂ ਨੇ ਰੋਸ ਵਜੋਂ ਸੜਕ ਬੰਦ ਕਰ ਦਿੱਤੀ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ ਮ੍ਰਿਤਕ ਦੀ ਲਾਸ਼ ਟਿੱਪਰ ਦੇ ਪਿਛਲੇ ਟਾਇਰਾਂ ਹੇਠਾਂ ਫਸ ਗਈ। ਇਸ ਮੌਕੇ ’ਤੇ ਹਾਜ਼ਰ ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਉਕਤ ਨੌਜਵਾਨ ਮੋਟਰਸਾਈਕਲ ਨੰਬਰ ਪੀ. ਬੀ. 32 ਜੇ. 9859 ’ਤੇ ਸਵਾਰ ਹੋ ਕੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤੇ ਆਪਣੀ ਸਾਈਡ ’ਤੇ ਸੀ। ਜਿਉਂ ਹੀ ਇਹ ਉਕਤ ਇੱਟ ਭੱਠੇ ਕੋਲ ਪੁੱਜਾ ਤਾਂ ਰਾਹੋਂ ਦੀ ਤਰਫ਼ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੰਬਰ ਪੀ. ਬੀ. 10 ਜੇ. ਜੈਡ. 0529 ਟੱਕਰ ਨੇ ਮੋਟਰਸਾਇਕਲ ਸਵਾਰ ਉਕਤ ਨੌਜਵਾਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤੇ ਆਪਣੇ ਨਾਲ ਘੜੀਸਦਾ ਹੋਇਆ ਲੈ ਗਿਆ। ਇਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮੌਕੇ ਪੰਕਜ ਸ਼ਰਮਾ ਡੀ. ਐਸ. ਪੀ. ਨਵਾਂਸ਼ਹਿਰ, ਵਰਿੰਦਰ ਕੁਮਾਰ ਬੰਗਾ ਥਾਣਾ ਮੁਖੀ ਸਦਰ ਅਤੇ ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲਿਆ।
;
;
;
;
;
;
;