ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣ ਰਹੀ ਸੜਕ ਨੂੰ ਲੱਗਿਆ ਗ੍ਰਹਿਣ , ਅਧੂਰੀ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ
ਨੱਥੂਵਾਲਾ ਗਰਬੀ , 29 ਅਪ੍ਰੈਲ ( ਨਵਦੀਪ ਸਿੰਘ)-- ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਗਰਬੀ ਤੋਂ ਪਿੰਡ ਭਲੂਰ ਤੱਕ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਅਧੀਨ 18 ਫੁੱਟੀ ਸੜਕ ਬਣ ਰਹੀ ਹੈ। ਜਿਸ ਦਾ ਨੀਂਹ ਪੱਥਰ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਲੋਕ ਸਭਾ ਹਲਕਾ ਫ਼ਰੀਦਕੋਟ ਨੇ 7- 11- 2024 ਨੂੰ ਰੱਖਿਆ ਸੀ। ਕਰੀਬ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਹ ਸੜਕ ਅਧੂਰੀ ਹੀ ਹੈ। ਇਥੇ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ਇਸ ਰਸਤੇ ਉੱਪਰੋਂ ਹਰ ਰੋਜ਼ 25 ਤੋਂ 30 ਸਕੂਲੀ ਬੱਸਾਂ ਗੁਜਰਦੀਆਂ ਹਨ। ਪਿਛਲੇ ਡੇਢ ਸਾਲ ਤੋਂ ਇਸ ਰਸਤੇ ਉੱਪਰ ਇਕੱਲਾ ਪੱਥਰ ਹੀ ਵਿਛਿਆ ਹੋਇਆ ਹੈ ਅਤੇ ਇਸ ਰਸਤੇ ਉੱਪਰ ਕਾਫੀ ਹਾਦਸੇ ਵੀ ਹੋਏ ਹਨ। ਇੱਥੋਂ ਲੰਘਣ ਵਾਲੇ ਸਕੂਟਰ ਮੋਟਰਸਾਈਕਲ ਤੇ ਗੱਡੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਡੇਢ ਸਾਲ ਤੋਂ ਪੱਥਰ ਵਿਛਿਆ ਹੋਣ ਕਾਰਨ ਲੋਕ ਪੰਜਾਬ ਸਰਕਾਰ ਤੇ ਸਥਾਨਕ ਆਗੂਆਂ ਨੂੰ ਕੋਸਣ ਲਈ ਮਜਬੂਰ ਹੋ ਰਹੇ ਹਨ। ਇਹ ਸੜਕ ਉੱਪਰ ਪੱਥਰ ਦੀ ਕੁਟਾਈ ਨਾ ਹੋਣ ਕਾਰਨ ਪੱਥਰ ਆਸੇ ਪਾਸੇ ਖਿਲਰਨ ਕਾਰਨ ਬਹੁਤ ਡੂੰਘੇ ਖੱਡੇ ਬਣ ਚੁੱਕੇ ਹਨ ਅਤੇ ਇਹ 18 ਫੁੱਟੀ ਪ੍ਰਧਾਨ ਮੰਤਰੀ ਸੜਕ ਕੱਚੇ ਰਸਤੇ ਦਾ ਭੁਲੇਖਾ ਪਾਉਂਦੀ ਹੈ। ਇਹਨਾਂ ਤਿੰਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੜਕ ਜਲਦੀ ਮੁਕੰਮਲ ਨਹੀਂ ਹੁੰਦੀ ਤਾਂ ਇਥੇ ਰਹਿਣ ਵਾਲੇ ਲੋਕ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਪਤਾ ਚੱਲਿਆ ਹੈ ਕਿ ਇਸ ਸੜਕ ਉੱਪਰ ਕੰਮ ਕਰਨ ਵਾਲਾ ਠੇਕੇਦਾਰ ਕਿਸੇ ਕਾਰਨਾਂ ਕਰਕੇ ਅੱਧ ਵਿਚਾਲੇ ਕੰਮ ਛੱਡ ਕੇ ਜਾ ਚੁੱਕਿਆ ਹੈ। ਜਦ ਮੰਡੀਕਰਨ ਬੋਰਡ ਦੇ ਐਸ. ਡੀ. ਓ. ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਕੰਮ ਅੱਧ ਵਿਚਾਲੇ ਛੱਡ ਕੇ ਦੌੜ ਗਿਆ ਹੈ ਅਤੇ ਉਸ ਨੂੰ ਸਾਡੇ ਵਿਭਾਗ ਵਲੋਂ 55 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਕੋਈ ਜਦ ਕੋਈ ਨਵਾਂ ਠੇਕੇਦਾਰ ਆਵੇਗਾ ਤਾਂ ਉਹ ਇਸ ਸੜਕ ਨੂੰ ਸਿਰੇ ਲਾਵੇਗਾ। ਅਸਲੀਅਤ ਇਹ ਹੈ ਕਿ ਸੰਬੰਧਿਤ ਅਧਿਕਾਰੀਆਂ ਵਲੋਂ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਗਈ ਹੈ। ਉਨ੍ਹਾਂ ਨੇ ਇਸ ਸੜਕ ਨੂੰ ਮੁਕੰਮਲ ਹੋਣ ਦੀ ਕੋਈ ਵੀ ਤਰੀਕ ਦੀ ਜਾਣਕਾਰੀ ਨਹੀਂ ਦਿੱਤੀ। ਲੱਗਦਾ ਹੈ ਕਿ ਲੋਕਾਂ ਨੂੰ ਅਜੇ ਹੋਰ ਸਮਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।
;
;
;
;
;
;
;
;