JALANDHAR WEATHER

ਬਾਦਲ ਨਰਸਿੰਗ ਇੰਸਟੀਚਿਊਟ ਦੇ ਹੋਸਟਲ ’ਚ ਵਿਦਿਆਰਥਣ ਦੀ ਸ਼ੱਕੀ ਮੌਤ, ਹੋਸਟਲ ਦੀਆਂ ਹੋਰ 6 ਵਿਦਿਆਰਥਣਾਂ ਦੀ ਹਾਲਤ ਵਿਗੜੀ

ਮੰਡੀ ਕਿੱਲਿਆਂਵਾਲੀ, 29 ਅਪ੍ਰੈਲ, (ਇਕਬਾਲ ਸਿੰਘ ਸ਼ਾਂਤ)- ਪਿੰਡ ਬਾਦਲ ਵਿਖੇ ਸਥਿਤ ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼ ਵਿਖੇ ਬੀਤੀ ਦੇਰ ਰਾਤ ਜੀ.ਐਨ.ਐਮ. (ਦੂਜਾ ਸਾਲ) ਦੀ ਕਰੀਬ 20 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੇ ਤੌਰ 'ਤੇ ਵਿਦਿਆਰਥਣ ਵਲੋਂ ਹੋਸਟਲ ਦੇ ਕਮਰੇ ਵਿਚ ਫਾਹਾ ਲੈਣ ਦੀ ਗੱਲ ਆਖੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਤਨੂੰ ਵਾਸੀ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਲੰਬੀ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਘਟਨਾ ਹੋਸਟਲ ਨੰਬਰ ਦੋ ਵਿਚ ਰਾਤ ਕਰੀਬ ਸਾਢੇ 9 ਵਜੇ ਵਾਪਰੀ। ਉਸ ਸਮੇਂ ਵਿਦਿਆਰਥਣ ਕਮਰੇ ਵਿਚ ਇਕੱਲੀ ਮੌਜੂਦ ਸੀ। ਸੂਤਰਾਂ ਮੁਤਾਬਕ ਘਟਨਾ ਦਾ ਪਤਾ ਲੱਗਣ 'ਤੇ ਹੋਰਨਾਂ ਵਿਦਿਆਰਥਣਾਂ ਵਲੋਂ ਤੁਰੰਤ ਹੋਸਟਲ ਪ੍ਰਬੰਧਨ ਨੂੰ ਸੂਚਿਤ ਕੀਤਾ ਗਿਆ। ਘਟਨਾ ਬਾਅਦ ਹੋਸਟਲ ਵਿਚ ਰਹਿੰਦੀਆਂ ਮ੍ਰਿਤਕ ਦੀਆਂ ਦੋ ਰੂਮਮੇਟ ਸਮੇਤ ਕੁੱਲ ਛੇ ਵਿਦਿਆਰਥਣਾਂ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਰਾਤ ਕਰੀਬ 10:35 ਵਜੇ ਤੋਂ 11:10 ਵਜੇ ਵਿਚਕਾਰ ਦੋ ਵਾਰ ਵਿਚ ਇੰਸਟੀਚਿਊਟ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਾਦਲ ਪਹੁੰਚਾਇਆ ਗਿਆ। ਹਸਪਤਾਲ ਵਿਚ ਪੱਤਰਕਾਰ ਨੇ ਦੇਖਿਆ ਕਿ ਜ਼ੇਰੇ ਇਲਾਜ ਇਹ ਵਿਦਿਆਰਥਣਾਂ ਬੇਹੱਦ ਘਬਰਾਹਟ ਵਿਚ ਸਨ ਤੇ ਕਈ ਚੀਕਾਂ ਤੱਕ ਮਾਰ ਰਹੀਆਂ ਸਨ ਅਤੇ ਗੱਲਬਾਤ ਕਰਨ ਦੀ ਹਾਲਤ ਵਿਚ ਨਹੀਂ ਸਨ। ਉਨ੍ਹਾਂ ਨਾਲ ਆਈਆਂ ਸੀਨੀਅਰ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਇਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣ ਅਤੇ ਸਾਂਭ-ਸੰਭਾਲ ਲਈ ਆਖਿਆ ਗਿਆ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਦਿਆਰਥਣਾਂ ਦੀ ਹਾਲਤ ਵਿਗੜਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ।


ਸਿਵਲ ਹਸਪਤਾਲ ਬਾਦਲ ਦੇ ਐਮਰਜੈਂਸੀ ਵਾਰਡ ਦੇ ਅਮਲੇ ਨੇ ਖਰਾਬ ਤਬੀਅਤ ਵਿਚ 6 ਵਿਦਿਆਰਥਣਾਂ ਦੇ ਪੁੱਜਣ ਦੀ ਪੁਸ਼ਟੀ ਕੀਤੀ ਹੈ।ਘਟਨਾ ਉਪਰੰਤ ਰਾਤ ਸਮੇਂ ਇੰਸਟੀਚਿਊਟ ਵਿਚ ਦਫ਼ਤਰੀ ਅਮਲੇ ਨੂੰ ਵੀ ਘਰਾਂ ਤੋਂ ਸੱਦਿਆ ਗਿਆ। ਸੂਤਰਾਂ ਮੁਤਾਬਕ ਪੁਲਿਸ ਵਲੋਂ ਮੌਕੇ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਹੋਸਟਲ ਦੇ ਹੋਰ ਵਿਦਿਆਰਥੀਆਂ ਤੇ ਸਟਾਫ਼ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।


ਇੰਸਟੀਚਿਊਟ ਦੀ ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਦੀ ਪੁਸ਼ਟੀ ਕਰਦੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਵਿਦਿਆਰਥਣਾਂ ਦੀ ਹਾਲਤ ਵਿਗੜਨ ਬਾਰੇ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਅਜਿਹੀ ਘਟਨਾ ਉਪਰੰਤ ਹੋਰਨਾਂ ਵਿਦਿਆਰਥਣਾਂ ਦੀ ਹਾਲਤ ਵਿਗੜਣਾ ਸੁਭਾਵਿਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ