ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫ਼ਰੰਸ, ਵਿਰੋਧੀਆਂ ’ਤੇ ਸਾਧੇ ਨਿਸ਼ਾਨੇ
ਚੰਡੀਗੜ੍ਹ, 6 ਅਪ੍ਰੈਲ- ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿਚ ਹਾਲ ਹੀ ਵਿਚ ਹੋਏ ਮੀਂਹ ਅਤੇ ਗੜ੍ਹੇਮਾਰੀ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਵਿਸ਼ੇਸ਼ ਸਰਵੇਖਣ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਸਾਰੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੇਅਦਬੀ ਬਾਰੇ ਤਿਆਰ ਕੀਤਾ ਜਾ ਰਿਹਾ ਕਾਨੂੰਨ ਉਸੇ ਦਿਨ ਲਾਗੂ ਹੋਵੇਗਾ। ਉਨ੍ਹਾਂ ਇਸ ਮਕਸਦ ਲਈ ਇਕ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰਾਜ ਕਾਨੂੰਨ ਹੈ ਅਤੇ ਉਸੇ ਦਿਨ ਲਾਗੂ ਹੋਵੇਗਾ। ਇਸ ਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਸੁਝਾਅ ਦਿੰਦੀ ਹੈ ਤਾਂ ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਜੋ ਕਿੱਕਲੀ ਸੁਣਾਈ ਸੀ, ਉਹ ਬਿਲਕੁੱਲ ਸਹੀ ਹੈ। ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫ਼ੀ ਮੰਗ ਲਈ ਤੇ ਫਿਰ ਕਿਹਾ ਕਿ ਉਹ ਤਾਂ ਅਸੀਂ ਐਵੇਂ ਕਿਹਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਚਾਹੇ ਜੋ ਮਰਜ਼ੀ ਬੋਲਦੇ ਰਹਿਣ, ਸੱਚ ਸਭਨਾਂ ਨੂੰ ਪਤਾ ਹੈ।
ਬਠਿੰਡਾ ਦੇ ਸਦਰ ਥਾਣੇ ਸੰਬੰਧੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਵਲੋਂ ਪੂਰੇ ਥਾਣੇ ਦੇ ਸਟਾਫ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ’ਚ ਕੁਝ ਕਾਲੀਆਂ ਭੇਡਾਂ ਹਨ,ਜਿਨ੍ਹਾਂ ਕਾਰਨ ਪੁਲਿਸ ਨੂੰ ਦਿੱਤੀ ਸੂਚਨਾ ਤਸਕਰਾਂ ਤੱਕ ਪਹਿਲਾਂ ਪੁੱਜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾਮਲੇ ’ਚ ਸਾਡੀ ਜ਼ੀਰੋ ਟਾਲਰੈਂਸ ਨੀਤੀ ਹੈ।
;
;
;
;
;
;
;
;