ਨਾਸਾ ਦਾ ਆਰਟੇਮਿਸ-II ਮਿਸ਼ਨ ਲਾਂਚ
ਵਾਸ਼ਿੰਗਟਨ, 2 ਅਪ੍ਰੈਲ- ਕਰੀਬ 54 ਸਾਲਾਂ ਬਾਅਦ ਮਨੁੱਖ ਇਕ ਵਾਰ ਫਿਰ ਚੰਦਰਮਾ ਲਈ ਰਵਾਨਾ ਹੋ ਰਹੇ ਹਨ। ਨਾਸਾ ਦਾ ਪਹਿਲਾ ਮਨੁੱਖੀ ਮਿਸ਼ਨ, ਆਰਟੇਮਿਸ II ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 4:05 ਵਜੇ ਫਲੋਰੀਡਾ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ। ਕ੍ਰਿਸਟੀਨਾ ਕੋਚ, ਵਿਕਟਰ ਗਲੋਵਰ, ਰੀਡ ਵਾਈਜ਼ਮੈਨ ਅਤੇ ਜੇਰੇਮੀ ਹੈਨਸਨ ਐਲ.ਐਲ.ਐਸ. ਰਾਕੇਟ 'ਤੇ ਸਵਾਰ ਸਨ। ਇਹ 10 ਦਿਨਾਂ ਦੀ ਯਾਤਰਾ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ ਲਗਭਗ 406,000 ਕਿਲੋਮੀਟਰ ਦੀ ਦੂਰੀ 'ਤੇ ਲੈ ਜਾਵੇਗੀ, ਜੋ ਕਿ ਹੁਣ ਤੱਕ ਦੀ ਸਭ ਤੋਂ ਲੰਬੀ ਮਨੁੱਖੀ ਪੁਲਾੜ ਉਡਾਣ ਹੈ। ਆਰਟੇਮਿਸ II ਮਿਸ਼ਨ ਦੇ ਤਹਿਤ ਪੁਲਾੜ ਯਾਤਰੀ ਚੰਦਰਮਾ ਦੇ ਨੇੜੇ ਯਾਤਰਾ ਕਰਨਗੇ ਪਰ ਉਥੇ ਉਤਰਣਗੇ ਨਹੀਂ। ਇਹ ਇਕ ਟੈਸਟ ਮਿਸ਼ਨ ਹੈ, ਜਿਸ ਦਾ ਉਦੇਸ਼ ਭਵਿੱਖ ਦੇ ਚੰਦਰਮਾ ਮਿਸ਼ਨਾਂ ਲਈ ਲੋੜੀਂਦੀ ਤਕਨਾਲੋਜੀ ਅਤੇ ਸਮਰੱਥਾਵਾਂ ਦੀ ਜਾਂਚ ਕਰਨਾ ਹੈ। ਪੂਰਾ ਮਿਸ਼ਨ ਲਗਭਗ 10 ਦਿਨਾਂ ਵਿਚ ਪੂਰਾ ਹੋ ਜਾਵੇਗਾ ਅਤੇ ਪੁਲਾੜ ਯਾਤਰੀ ਚੰਦਰਮਾ ਦੀ ਪਰਿਕਰਮਾ ਕਰਨਗੇ ਅਤੇ ਧਰਤੀ 'ਤੇ ਸੁਰੱਖਿਅਤ ਢੰਗ ਨਾਲ ਵਾਪਸ ਪਰਤਣਗੇ।
ਨਾਸਾ ਨੇ ਲਾਂਚ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਤੇ ਲੋਕਾਂ ਨੂੰ ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਸੱਦਾ ਦਿੱਤਾ। ਏਜੰਸੀ ਨੇ ਕਿਹਾ ਕਿ ਇਹ ਮਿਸ਼ਨ ਚੰਦਰਮਾ ਅਤੇ ਬਾਅਦ ਵਿਚ ਮੰਗਲ 'ਤੇ ਮਨੁੱਖੀ ਵਸੇਬੇ ਵੱਲ ਇਕ ਵੱਡਾ ਕਦਮ ਹੈ।
ਨਾਸਾ ਦਾ ਆਰਟੇਮਿਸ II ਮਿਸ਼ਨ ਚੰਦਰਮਾ ਦੀ ਪਰਿਕਰਮਾ ਕਰਨ ਤੋਂ ਕਿਤੇ ਵੱਧ ਹੈ। ਇਹ ਪਹਿਲੀ ਵਾਰ ਡੂੰਘੇ ਪੁਲਾੜ ਵਿਚ ਮਨੁੱਖੀ ਸਰੀਰ ਦੀ ਸੱਚਮੁੱਚ ਜਾਂਚ ਕਰੇਗਾ। ਚਾਰ ਪੁਲਾੜ ਯਾਤਰੀ ਧਰਤੀ ਦੀਆਂ ਸੁਰੱਖਿਆ ਸੀਮਾਵਾਂ ਤੋਂ ਉੱਪਰ ਜਾਮਗੇ ਅਤੇ ਬ੍ਰਹਿਮੰਡੀ ਰੇਡੀਏਸ਼ਨ ਅਤੇ ਬ੍ਰਹਿਮੰਡੀ ਸਥਿਤੀਆਂ ਦਾ ਸਾਹਮਣਾ ਕਰਨਗੇ, ਜਿਥੇ ਉਨ੍ਹਾਂ ਦੇ ਸਰੀਰ ਵਿਚ ਹਰ ਤਬਦੀਲੀ ਨੂੰ ਰਿਕਾਰਡ ਕੀਤਾ ਜਾਵੇਗਾ। 50 ਸਾਲਾਂ ਤੋਂ ਵੱਧ ਸਮੇਂ ਬਾਅਦ ਇਹ ਮਨੁੱਖੀ ਯਾਤਰਾ ਨਾ ਸਿਰਫ਼ ਇਤਿਹਾਸਕ ਹੈ ਬਲਕਿ ਭਵਿੱਖ ਦੀ ਲੰਬੇ ਸਮੇਂ ਦੀ ਪੁਲਾੜ ਯਾਤਰਾ ਲਈ ਇਕ ਮਹੱਤਵਪੂਰਨ ਵਿਗਿਆਨਕ ਪ੍ਰਯੋਗ ਵੀ ਹੈ।
ਨਾਸਾ ਦੇ ਅਨੁਸਾਰ ਆਰਟੇਮਿਸ II ਮਿਸ਼ਨ ਚਾਰ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੇ ਆਲੇ-ਦੁਆਲੇ ਲਗਭਗ 10 ਦਿਨਾਂ ਦੀ ਯਾਤਰਾ 'ਤੇ ਲੈ ਜਾਵੇਗਾ। ਇਹ 1972 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਮਨੁੱਖ ਧਰਤੀ ਦੇ ਚੁੰਬਕੀ ਖੇਤਰ ਤੋਂ ਪਾਰ ਜਾਣਗੇ ਅਤੇ ਇਹ ਦੂਰੀ ਅੱਜ ਤੱਕ ਕਿਸੇ ਵੀ ਮਨੁੱਖੀ ਪੁਲਾੜ ਉਡਾਣ ਤੋਂ ਵੱਧ ਹੋ ਸਕਦੀ ਹੈ। ਇਹ ਮਿਸ਼ਨ ਆਰਟੇਮਿਸ ਪ੍ਰੋਗਰਾਮ ਲੜੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਚੰਦਰਮਾ 'ਤੇ ਸਥਾਈ ਮਨੁੱਖੀ ਮੌਜੂਦਗੀ ਸਥਾਪਤ ਕਰਨਾ ਹੈ।
;
;
;
;
;
;
;
;