JALANDHAR WEATHER

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫ਼ਸੀਲ ਤੋਂ ਕੌਮ ਲਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਦੇਸ਼ ਕੀਤਾ ਜਾਰੀ

ਸ੍ਰੀ ਅਨੰਦਪੁਰ ਸਾਹਿਬ , 4 ਮਾਰਚ (ਜੇ. ਐਸ. ਨਿੱਕੂਵਾਲ , ਕਰਨੈਲ ਸਿੰਘ)- ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫ਼ਸੀਲ ਤੋਂ ਕੌਮ ਲਈ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੋਲੇ ਮਹੱਲੇ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ, ਇਸ ਦੇ ਇਤਿਹਾਸ ਬਾਰੇ ਸੰਗਤ ਨਾਲ ਵਿਚਾਰਾਂ ਕੀਤੀਆਂ। । ਹੋਲਾ ਮਹੱਲਾ ਕੌਮ ਦੀ ਵਿਲੱਖਣਤਾ, ਚੜ੍ਹਦੀ ਕਲਾ ਅਤੇ ਨਿਆਰੀ ਆਭਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਾਨੂੰ ਸ਼ਸਤਰ ਵਿਦਿਆ ਦੇ ਨਾਲ ਜੋੜਦਾ ਹੈ। ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਸਿਰਫ ਬਾਣੀ ਦਾ ਰੰਗ ਹੀ ਲਾਉਣਾ ਹੈ, ਕੈਮੀਕਲ ਵਾਲੇ ਰੰਗ ਨਹੀਂ ਲਾਉਣੇ। ਰੰਗ ਲਾਉਣਾ ਸਿਰਫ਼ ਨਿਹੰਗ ਸਿੰਘ ਫੌਜਾਂ ਦੀ ਰਿਵਾਇਤ ਹੈ, ਉਹ ਵੀ ਘਰੇ ਪੀਸ ਕੇ ਗੁਲਾਲ ਲਾਉਂਦੇ ਹਨ ਅਤੇ ਮਰਿਆਦਾ ਵਿਚ ਰਹਿ ਕੇ ਲਾਉਂਦੇ ਹਨ, ਹੋਰ ਕਿਸੇ ਨੂੰ ਰੰਗ ਸੁੱਟਣ ਦੀ ਕੋਈ ਇਜਾਜ਼ਤ ਨਹੀਂ ਹੈ। ਇਸ ਧਰਤੀ ਲਈ ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਹਨ। ਇਤਿਹਾਸ ਗਵਾਹ ਹੈ ਜੇਕਰ ਕੋਈ ਹਕੂਮਤ ਸਿੱਖਾਂ ਨੂੰ ਖ਼ਤਮ ਕਰਕੇ ਤਕੜਾ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੀ ਆਪਣੀ ਹੋਂਦ ਵੀ ਨਹੀਂ ਰਹਿੰਦੀ। ਸਿੱਖ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ, ਪਰ ਹਕੂਮਤ ਇਸ ਵੱਲ ਕੋਈ ਤਵੱਜੋ ਨਹੀਂ ਦੇ ਰਹੀ। ਸਿੱਖਾਂ ਲਈ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ। ਇਸ ਮੁਲਕ ਵਿਚ ਅਦਾਲਤਾਂ ਵੀ ਹਨ, ਮਨੁੱਖੀ ਅਧਿਕਾਰ ਕਮਿਸ਼ਨ ਵੀ ਹਨ ਪਰ ਇਸ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ 34 ਨੌਜਵਾਨਾਂ ਦੇ ਕਤਲ ਹੋਏ ਹਨ।


ਲੋਕਤੰਤਰ ਵਿਚ ਕਾਨੂੰਨ ਦਾ ਰਾਜ ਹੁੰਦਾ ਹੈ । ਕੁਝ ਤਾਕਤਾਂ ਸਿੱਖਾਂ ਨੂੰ ਜਜ਼ਬ ਕਰਨਾ ਚਾਹੁੰਦੀਆਂ ਹਨ। ਉਹ ਤਾਕਤਾਂ ਇਹ ਗੱਲ ਸਮਝ ਲੈਣ ਕਿ ਸਿੱਖ ਕੌਮ ਸਿੱਖ ਕੌਮ ਇਕ ਵਿਲੱਖਣ ਕੌਮ ਹੈ। ਸਾਨੂੰ ਗੁਰੂ ਸਾਹਿਬ ਨੇ ਵੱਖਰੇ ਰੂਪ ਵਿਚ ਸਾਜਿਆ ਹੈ ਅਤੇ ਅਸੀਂ ਹਮੇਸ਼ਾ ਵਿਲੱਖਣ ਹੀ ਰਹਾਂਗੇ। ਸਾਡੀ ਪਛਾਣ ਦੇ ਮਸਲੇ 'ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ। ਅਸੀਂ ਅੱਜ ਤਹਈਆ ਕਰਕੇ ਜਾਈਏ ਕਿ ਸਾਡਾ ਸਿੱਖਿਆ ਤੰਤਰ ਤਕੜਾ ਹੋਵੇ। ਹਰ ਇਕ ਗੁਰਦੁਆਰਾ ਕਮੇਟੀ ਆਪਣੇ ਇਲਾਕੇ ਵਿਚ ਅੱਵਲ ਆਉਣ ਵਾਲੇ ਸਿੱਖ ਬੱਚਿਆਂ ਨੂੰ ਸਨਮਾਨਿਤ ਕਰੇ। ਸਾਡਾ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਹਨ ਇਸ ਲਈ ਕੌਮ ਚਾਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ