JALANDHAR WEATHER

ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੇਸ਼ , ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ’ਚ ਪੁਲਿਸ ਕਾਰਵਾਈ ਲਈ ਕੀਤੀ ਖਿਮਾ ਯਾਚਨਾ

ਅੰਮ੍ਰਿਤਸਰ, 12 ਫ਼ਰਵਰੀ (ਜਸਵੰਤ ਸਿੰਘ ਜੱਸ)- ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਪ੍ਰਬੰਧਕਾਂ ਦੀ ਆਗਿਆ ਤੋਂ ਬਿਨਾਂ ਪੁਲਿਸ ਕਾਰਵਾਈ ਕਰਕੇ 2 ਵਿਅਕਤੀਆਂ ਨੂੰ ਚੁੱਕਣ ਦੇ ਮਾਮਲੇ ਵਿਚ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਮਾਮਲੇ ਸੰਬੰਧੀ ਆਪਣਾ ਪੱਖ ਰੱਖਣ ਅਤੇ ਪੁਲਿਸ ਵਲੋਂ ਹੋਈ ਗ਼ਲਤੀ ਦੀ ਖਿਮਾ ਜਾਚਨਾ ਕਰਨ ਲਈ ਪੁੱਜੇ। ਇਸ ਮੌਕੇ ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਹੋਈ ਭੁੱਲ ਦੀ ਖਿਮਾ ਜਾਚਨਾ ਕੀਤੀ।


ਇਸ ਸੰਬੰਧੀ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਸ਼ਵ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ ਅਤੇ ਇੱਥੋਂ ਦੇ 4 ਦਰਵਾਜ਼ੇ ਹਰ ਮਨੁੱਖ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਦੁਨੀਆ ਭਰ ਤੋਂ ਲੋਕ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਣ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਆਪਣਾ ਪੱਖ ਰੱਖਿਆ ਹੈ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਵੀ ਇਸ ਨੂੰ ਸੌਂਪਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਜਿਵੇਂ ਬੀਤੇ ਦਿਨੀਂ ਉਨ੍ਹਾਂ ਦੇ ਜ਼ਿਲ੍ਹੇ ਦੀ ਪੁਲਿਸ ਦੇ 5 ਬੰਦੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਦਾਖਲਦਾਖ਼ਲ ਹੋਏ , ਉਹ ਇਸ ਤਰ੍ਹਾਂ ਨਹੀਂ ਜਾਣੇ ਚਾਹੀਦੇ ਸਨ। ਪੁਲਿਸ ਵਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿਚ ਅਜਿਹੀ ਗ਼ਲਤੀ ਦੁਬਾਰਾ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਦੇ ਵੀ ਅਜਿਹਾ ਕੁਝ ਨਹੀਂ ਵਾਪਰਨਾ ਚਾਹੀਦਾ , ਜਿਸ ਨਾਲ ਇੱਥੋਂ ਦਾ ਮਾਹੌਲ ਖਰਾਬ ਹੋਵੇ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ