ਐੱਸ.ਐੱਸ.ਪੀ. ਦਫ਼ਤਰ ਬਾਹਰ ਗੁਰਵਿੰਦਰ ਸਿੰਘ ਹੱਤਿਆ ਮਾਮਲਾ: ਸ਼ੂਟਰਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ
ਐੱਸ. ਏ. ਐੱਸ. ਨਗਰ, 4 ਫਰਵਰੀ (ਕਪਿਲ ਵਧਵਾ)- ਮੁਹਾਲੀ ਦੇ ਐੱਸ.ਐੱਸ.ਪੀ. ਦਫ਼ਤਰ ਬਾਹਰ ਸੜਕ ’ਤੇ ਗੋਲੀਆਂ ਮਾਰ ਕੇ ਗੁਰਵਿੰਦਰ ਸਿੰਘ ਦੀ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਬਲਤੇਜ ਸਿੰਘ ਉਰਫ਼ ਬੰਟੀ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਅਤੇ ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਾਬਾਦ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਦੋ ਸ਼ੂਟਰਾਂ ਤੋਂ ਇਲਾਵਾ ਵਿਦੇਸ਼ ਬੈਠੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਵਿੱਕੀ ਸਿੰਘ ਉਰਫ ਵਿੱਕੀ ਸੱਟੇਵਾਲਾ ਅਤੇ ਰਵੀ ਕੁਮਾਰ ਉਰਫ਼ ਰਵੀ ਫਰੀਦਕੋਟੀਆ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਕੁੱਲ 7 ਵਿਕਅਤੀ ਕਾਨੂੰਨੀ ਤੌਰ ’ਤੇ ਨਾਮਜ਼ਦ ਕੀਤੇ ਜਾ ਚੁੱਕੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 28 ਜਨਵਰੀ ਨੂੰ ਗੁਰਵਿੰਦਰ ਸਿੰਘ ਮੁਹਾਲੀ ਅਦਾਲਤ ਵਿਖੇ ਆਪਣੀ ਤਾਰੀਖ਼ ਭੁਗਤਣ ਲਈ ਆਇਆ ਸੀ। ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਉਹ ਕੋਰਟ ਕੰਪਲੈਕਸ ਦੇ ਬਾਹਰ ਸੜਕ ’ਤੇ ਮੌਜੂਦ ਸੀ, ਤਾਂ ਅਣ-ਪਛਾਤੇ ਹਮਲਾਵਰਾਂ ਵਲੋਂ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਮੌਕੇ ਗੁਰਵਿੰਦਰ ਸਿੰਘ ਦੀ ਪਤਨੀ ਵੀ ਨਾਲ ਸੀ, ਜੋ ਕਿ ਬਚ ਗਈ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਹੱਤਿਆ ਦੀ ਜ਼ਿੰਮੇਵਾਰੀ ਬਾਅਦ ਵਿਚ ਗੈਂਗਸਟਰ ਗੋਲਡੀ ਬਰਾੜ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਗਈ ਸੀ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੱਤਿਆ ਵਿਚ ਸ਼ਾਮਿਲ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਖ਼ਤਰਨਾਕ ਗੈਂਗਸਟਰ ਹਰਪ੍ਰੀਤ ਮੰਨਾ ਅਤੇ ਜੋਕਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਗਈ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਵਿਚ ਵਰਤੇ ਗਏ ਬਜਾਜ ਮੋਟਰਸਾਈਕਲ ਅਤੇ ਅਮੇਜ਼ ਗੱਡੀ ਨੂੰ ਜਬਤ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਲਤੇਜ ਸਿੰਘ ਦੀ ਭੂਮਿਕਾ ਇਹ ਹੈ ਕਿ ਉਹ ਵਾਰਦਾਤ ਉਪਰੰਤ ਮੁਲਜ਼ਮਾਂ ਨੂੰ ਅਮੇਜ ਗੱਡੀ ਵਿਚ ਬਿਠਾ ਕੇ ਲੈ ਕੇ ਗਿਆ ਸੀ ਅਤੇ ਇਹ ਗੱਡੀ ਉਸ ਨੂੰ ਮੰਗਤ ਸਿੰਘ ਉਰਫ਼ ਮੈਕਸ ਨੇ ਮੁਹੱਈਆ ਕਰਵਾਈ ਸੀ।
;
;
;
;
;
;
;
;