ਨਕੋਦਰ ਪੁਲਿਸ ਵਲੋਂ ਯੋਜਨਾਬੱਧ ਗੋਲੀਬਾਰੀ ਘਟਨਾ ਨੂੰ ਸਫ਼ਲਤਾਪੂਰਵਕ ਕੀਤਾ ਗਿਆ ਨਾਕਾਮ
ਜਲੰਧਰ, 4 ਫਰਵਰੀ 2026 -ਨਕੋਦਰ ਪੁਲਿਸ ਨੇ ਇਕ ਯੋਜਨਾਬੱਧ ਗੋਲੀਬਾਰੀ ਦੀ ਘਟਨਾ ਨੂੰ ਸਫ਼ਲਤਾਪੂਰਵਕ ਨਾਕਾਮ ਕੀਤਾ ਹੈ ਅਤੇ ਵਿਦੇਸ਼ੀ ਗਰੋਹ ਦੇ ਮੈਂਬਰਾਂ ਦੀਆਂ ਧਮਕੀਆਂ ਨਾਲ ਜੁੜੇ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ਿਕਾਇਤਕਰਤਾ ਮਨੀਸ਼ ਬਖਸ਼ੀ ਉਰਫ਼ ਮੰਨੂ, ਨਕੋਦਰ ਸ਼ਹਿਰ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਦਾ ਪੁੱਤਰ, ਬਖਸ਼ੀ ਟ੍ਰੈਵਲ ਕੰਪਨੀ ਅਤੇ ਬੀ.ਬੀ. ਸਕੂਲ ਆਫ਼ ਆਈਲੈਟਸ ਦਾ ਮਾਲਕ, ਪਿਛਲੇ 16-17 ਸਾਲਾਂ ਤੋਂ ਆਪਣਾ ਕਾਰੋਬਾਰ ਚਲਾ ਰਿਹਾ ਹੈ, ਨੂੰ ਮਿਤੀ 11.11.2025 ਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ, ਜਿਸ ਵਿਚ ਕਾਲ ਕਰਨ ਵਾਲਿਆਂ ਨੇ ਗੋਲਡੀ ਬਰਾੜ ਅਤੇ ਰੋਹਿਤ ਗੋਧਰਾ ਗਰੋਹ ਦੇ ਮੈਂਬਰ ਹੋਣ ਦਾ ਦਾਅਵਾ ਕੀਤਾ ਅਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਇਸ ਸੰਬੰਧ ਵਿਚ ਥਾਣਾ ਸਿਟੀ ਨਕੋਦਰ ਵਿਖੇ ਧਾਰਾ 308(5) ਅਤੇ 352(3) ਬੀ.ਐਨ.ਐਸ. ਦੇ ਤਹਿਤ ਐਫ.ਆਈ.ਆਰ. ਨੰਬਰ 137 ਮਿਤੀ 14.11.2025 ਦਰਜ ਕੀਤੀ ਗਈ ਸੀ।
ਇਸ ਤੋਂ ਬਾਅਦ 16/17 ਜਨਵਰੀ 2026 ਦੀ ਵਿਚਕਾਰਲੀ ਰਾਤ ਨੂੰ ਸ਼ਿਕਾਇਤਕਰਤਾ ਨੂੰ ਵਿਦੇਸ਼ੀ ਨੰਬਰਾਂ ਤੋਂ ਹੋਰ ਧਮਕੀ ਭਰੇ ਸੁਨੇਹੇ ਮਿਲੇ, ਜਿਸ ਵਿਚ ਕਿਹਾ ਗਿਆ ਸੀ ਕਿ ਜਬਰੀ ਵਸੂਲੀ ਦੀ ਰਕਮ ਦਾ ਭੁਗਤਾਨ ਨਾ ਕਰਨ ਕਰਕੇ ਉਸ ਦੇ ਦਫਤਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ. ਹਰਵਿੰਦਰ ਸਿੰਘ ਐਸ.ਐਸ.ਪੀ. ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਕਾਰਵਾਈ ਦੀ ਨਿਗਰਾਨੀ ਓਂਕਾਰ ਸਿੰਘ ਬਰਾੜ ਡੀ.ਐਸ.ਪੀ. ਸਬ ਡਵੀਜ਼ਨ ਨਕੋਦਰ ਅਤੇ ਇੰਦਰਜੀਤ ਸਿੰਘ ਸੈਣੀ ਡੀ.ਐਸ.ਪੀ. ਨੇ ਕੀਤੀ, ਜਿਸ ਵਿਚ ਇੰਸਪੈਕਟਰ ਸੀ.ਆਈ.ਏ. ਪੁਸ਼ਪ ਬਾਲੀ, ਐਸ.ਆਈ. ਹਰਮਿੰਦਰ ਸਿੰਘ, ਐਸ.ਐਚ.ਓ. ਪੁਲਿਸ ਸਟੇਸ਼ਨ ਸਿਟੀ ਨਕੋਦਰ ਅਤੇ ਐਸ.ਆਈ. ਦਿਲਬਾਗ ਸਿੰਘ, ਐਸ.ਐਚ.ਓ. ਦੀ ਸਰਗਰਮ ਭਾਗੀਦਾਰੀ ਸੀ। ਏ.ਜੀ.ਟੀ.ਐਫ. ਦੇ ਅਧਿਕਾਰੀਆਂ ਨੇ ਵੀ ਕਾਰਵਾਈ ਦੌਰਾਨ ਨੇੜਿਓਂ ਤਾਲਮੇਲ ਵਿਚ ਕੰਮ ਕੀਤਾ।
ਅੱਜ ਮਿਤੀ 4 ਫਰਵਰੀ 2026 ਨੂੰ ਮਿਲੀ ਖਾਸ ਗੁਪਤ ਸੂਚਨਾ ਦੇ ਆਧਾਰ 'ਤੇ ਐਸ.ਆਈ. ਹਰਮਿੰਦਰ ਸਿੰਘ ਨੂੰ ਇਕ ਪੁਲਿਸ ਪਾਰਟੀ ਨਾਲ ਪਤਾ ਲੱਗਾ ਕਿ ਬਖਸ਼ੀ ਗੋਲੀਬਾਰੀ ਮਾਮਲੇ ਵਿਚ ਸ਼ਾਮਿਲ ਦੋਸ਼ੀ ਇਕ ਹੋਰ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੇ ਇਰਾਦੇ ਨਾਲ ਇਲਾਕੇ ਵਿਚ ਘੁੰਮ ਰਹੇ ਹਨ।
ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਬੀੜ ਪਿੰਡ ਫਾਟਕ ਤੋਂ ਨੂਰਮਹਿਲ ਰੋਡ 'ਤੇ ਪਿੰਡ ਸ਼ਕਰਪੁਰ ਵੱਲ ਜਾਣ ਵਾਲੀ ਲਿੰਕ ਸੜਕ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ। ਸ਼ੱਕੀਆਂ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਸਵੈ-ਰੱਖਿਆ ਵਿਚ ਪੁਲਿਸ ਪਾਰਟੀ ਨੇ ਤਰੀਕੇ ਨਾਲ ਜਵਾਬੀ ਕਾਰਵਾਈ ਕੀਤੀ।
ਮੁਕਾਬਲੇ ਦੌਰਾਨ ਦੋਸ਼ੀ ਅੰਕਿਤ ਕੁਮਾਰ ਉਰਫ਼ ਅੰਕਿਤ ਨੂੰ ਗੋਲੀ ਲੱਗੀ ਅਤੇ ਦੋਸ਼ੀ ਹਰਿੰਦਰ ਗੁਪਤਾ ਉਰਫ਼ ਹਰਿੰਦਰ ਦੀ ਲੱਤ ਵਿਚ ਸੱਟ ਲੱਗੀ। ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਤੁਰੰਤ ਪੁਲਿਸ ਨਿਗਰਾਨੀ ਹੇਠ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
ਉਨ੍ਹਾਂ ਦੇ ਕਬਜ਼ੇ ਵਿਚੋਂ ਇਕ .30 ਬੋਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਅੰਕਿਤ ਕੁਮਾਰ ਉਰਫ਼ ਅੰਕਿਤ, ਪੁੱਤਰ ਰਣਜੀਤ ਚੌਧਰੀ, ਵਾਸੀ ਪਿੰਡ ਬਿਲੋਲਬਾਜ਼, ਥਾਣਾ ਸਿਵਾਰ, ਜ਼ਿਲ੍ਹਾ ਸੀਤਾਮੜੀ, ਬਿਹਾਰ, ਵਰਤਮਾਨ ਵਿਚ ਗਲੀ ਨੰਬਰ 6, ਮੁਹੱਲਾ ਕਾਕੋਵਾਲ, ਬਸਤੀ ਜੋਧੇਵਾਲੀ, ਲੁਧਿਆਣਾ ਵਿਖੇ ਰਹਿੰਦਾ ਹੈ ਤੇ ਦੂਜਾ ਮੁਲਜ਼ਮ ਹਰਿੰਦਰ ਗੁਪਤਾ ਉਰਫ਼ ਹਰਿੰਦਰ, ਪੁੱਤਰ ਸੁਰਿੰਦਰ ਗੁਪਤਾ, ਵਾਸੀ ਪਿੰਡ ਉਨਵਾਲ, ਥਾਣਾ ਸਦਰ ਉਨਵਾਲ, ਜ਼ਿਲ੍ਹਾ ਗੋਰਖਪੁਰ, ਉੱਤਰ ਪ੍ਰਦੇਸ਼ ਤੇ ਵਰਤਮਾਨ ਵਿਚ ਜਗਤ ਨਗਰ, ਜੈਨ ਹਸਪਤਾਲ ਦੇ ਨੇੜੇ, ਬਸਤੀ ਜੋਧੇਵਾਲੀ, ਲੁਧਿਆਣਾ, ਥਾਣਾ ਸੁੰਦਰ ਨਗਰ ਅਧੀਨ ਜਗਤ ਨਗਰ ਵਿਖੇ ਰਹਿੰਦਾ ਹੈ, ਵਜੋਂ ਹੋਈ ਹੈ।
;
;
;
;
;
;
;
;