JALANDHAR WEATHER

ਪੰਜਾਬ ਨੂੰ ਬਰਬਾਦੀ ਤੋਂ ਬਚਾਉਣ ਲਈ ਦਿੱਲੀ ਵਾਲਿਆਂ ਨੂੰ ਭਜਾਉਣ ਦੀ ਲੋੜ-ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ, (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਠਾਂ ਮਾਰਦੇ ਇਕੱਠ ਦੀ ਵੱਡੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਰਬਾਦੀ ਤੋਂ ਬਚਾਉਣ ਲਈ ਦਿੱਲੀ ਵਾਲਿਆਂ ਨੂੰ ਭਜਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਟੀਮ ਪੰਜਾਬ ਨੂੰ ਲੁੱਟਣ ’ਤੇ ਲੱਗੀ ਹੋਈ ਹੈ। ਪੰਜਾਬ ਦਾ ਪੈਸਾ ਆਮ ਆਦਮੀ ਪਾਰਟੀ ਹੋਰ ਸੂਬਿਆਂ ਵਿਚ ਆਪਣੇ ਪ੍ਰਚਾਰ ਲਈ ਵਰਤ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਿਛਲੇ ਚਾਰ ਸਾਲਾਂ ਦਾ ਆਪਣੀ ਮਸ਼ਹੂਰੀ ਕਰਨ ਵਾਸਤੇ ਇਸ਼ਤਿਹਾਰਾਂ ਅਤੇ ਮਸ਼ਹੂਰੀ ਦੇ ਬੋਰਡਾਂ ਤੇ ਸਾਢੇ ਹਜ਼ਾਰ ਕਰੋੜ ਰੁਪਏ ਖਰਚ ਕਰ ਦਿੱਤਾ ਜਦ ਕਿ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਹਨਾਂ ਦਾ ਖਰਚਾ ਇਸ਼ਤਿਹਾਰਬਾਜ਼ੀ ਲਈ 30 ਕਰੋੜ ਰੁਪਏ ਦਾ ਸਲਾਨਾ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਦੀਆਂ ਸਾਜਿਸ਼ਾਂ ਹੋ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਖਾਲਸਾ ਪੰਥ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ। ਹਰਿਆਣਾ ਅਲੱਗ ਕਰ ਦਿੱਤਾ ਅਤੇ ਜੋ ਵੀ ਫ਼ੈਸਲੇ ਹੁੰਦੇ ਹਨ, ਉਹ ਹਰਿਆਣਾ ਦੇ ਮੁੱਖ ਮੰਤਰੀ ਕਰ ਰਹੇ ਹਨ ਜਦ ਕਿ ਸਿੱਖ ਸੰਗਤ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਫੈਸਲੇ ਕਰਨੇ ਹੁੰਦੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਪੰਜਾਬ ਵਿੱਚ ਟਿਊਬਵੈਲ ਕਨੈਕਸ਼ਨ ਦਿੱਤੇ ਜਾਣਗੇ ਅਤੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਵੀ ਖੋਲ੍ਹੇ ਜਾਣਗੇ। ਉਹਨਾਂ ਕਿਹਾ ਕਿ ਬਾਪੂ ਬਾਦਲ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਪਰ ਹੁਣ ਇਹਨਾਂ ਦੇ ਰਾਜ ਵਿਚ ਸ਼ਗਨ ਸਕੀਮ, ਪੈਨਸ਼ਨ ਅਤੇ ਸਭ ਕੁਝ ਬੰਦ ਪਿਆ ਹੈ ਤੇ 1000 ਪ੍ਰਤੀ ਮਹੀਨਾ ਔਰਤਾਂ ਨੂੰ ਵੀ ਨਹੀਂ ਦਿੱਤਾ ਅਤੇ ਪਿੰਡ ਛਣ ਦਾ ਵਾਅਦਾ 2500 ਕਰਨ ਦਾ ਵੀ ਪੂਰਾ ਨਹੀਂ ਕੀਤਾ।

ਇਸ ਕਾਨਫਰੰਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਡਾਕਟਰ ਦਲਜੀਤ ਸਿੰਘ ਚੀਮਾ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਹੁਣ ਮਾਲਵੇ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਜਿੱਤ ਨਾਲ ਅਕਾਲੀ ਦਲ ਦੀ ਹਨੇਰੀ ਉੱਠੀ ਹੈ, ਜੋ ਹੁਣ 2027 ਵਿਚ ਚੰਡੀਗੜ੍ਹ ਵਿਚ ਪਹੁੰਚ ਕੇ ਆਪਣੀ ਸਰਕਾਰ ਬਣਾ ਕੇ ਬੈਠੇਗੀ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ। ਸਾਰੇ ਬੁਲਾਰਿਆਂ ਨੇ 40 ਮੁਕਤਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਇਥੋਂ ਦਾ ਇਤਿਹਾਸ ਸਿੱਖ ਇਤਿਹਾਸ ਵਿਚ ਵੱਡੀ ਮਿਸਾਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ