JALANDHAR WEATHER

ਸਰਪੰਚ ਜਰਮਲ ਸਿੰਘ ਕਤਲ ਮਾਮਲੇ 'ਚ ਲੋੜੀਂਦਾ ਗੈਂਗਸਟਰ ਪੁਲਿਸ ਮੁਕਾਬਲੇ ਦੌਰਾਨ ਹਲਾਕ

ਤਰਨਤਾਰਨ, 6 ਜਨਵਰੀ (ਹਰਿੰਦਰ ਸਿੰਘ)—ਤਰਨਤਾਰਨ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਭਿੱਖੀਵਿੰਡ ਵਿਖੇ ਪੁਲਿਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਨੂੰ ਹਲਾਕ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇਲਾਕੇ ਵਿਚ ਇਕ ਗੈਂਗਸਟਰ ਬਿਨਾਂ ਨੰਬਰ ਮੋਟਰਸਾਈਕਲ ’ਤੇ ਘੁੰਮ ਰਿਹਾ ਹੈ, ਜਿਸ ’ਤੇ ਸੀ.ਆਈ.ਏ. ਸਟਾਫ਼ ਤਰਨਤਾਰਨ ਅਤੇ ਏ.ਜੀ.ਟੀ.ਐਫ. ਦੀ ਟੀਮ ਨੇ ਇਲਾਕੇ ਵਿਚ ਨਾਕਾਬੰਦੀ ਕਰ ਲਈ।

ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ’ਤੇ ਆ ਰਹੇ ਉਕਤ ਗੈਂਗਸਟਰ ਨੇ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਕੱਚੇ ਰਸਤੇ ਉਤਾਰ ਲਿਆ ਅਤੇ ਬਾਅਦ ਵਿਚ ਮੋਟਰਸਾਈਕਲ ਤੋਂ ਉਤਰ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਵਲੋਂ ਉਸ ਦਾ ਪਿੱਛਾ ਕੀਤਾ ਤਾਂ ਉਕਤ ਗੈਂਗਸਟਰ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਕ ਗੋਲੀ ਪੁਲਿਸ ਮੁਲਾਜ਼ਮ ਦੇ ਲੱਗੀ, ਪਰ ਉਸ ਵਲੋਂ ਬੁਲੇਟ ਪਰੂਫ ਜੈਕਟ ਪਾਈ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ। ਪੁਲਿਸ ਵਲੋਂ ਆਪਣੇ ਬਚਾਅ ਲਈ ਕੀਤੀ ਜਵਾਬੀ ਕਾਰਵਾਈ ਦੌਰਾਨ ਇਹ ਗੈਂਗਸਟਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਹਰਨੂਰ ਸਿੰਘ ਨੂਰ ਵਾਸੀ ਕਥੂਨੰਗਲ ਵਜੋਂ ਹੋਈ ਹੈ।

ਉਨ੍ਹਾਂ ਦੱਸਿਆਕਿ ਬਾਅਦ ਵਿਚ ਪਤਾ ਲੱਗਾ ਹੈ ਕਿ ਉਕਤ ਗੈਂਗਸਟਰ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਗੈਂਗਸਟਰ ਦੇ ਸੰਬੰਧ ਪ੍ਰਭ ਦਾਸੂਵਾਲ ਅਤੇ ਅਫਰੀਦੀ ਗੈਂਗ ਨਾਲ ਸਨ ਅਤੇ ਇਹ ਇਨ੍ਹਾਂ ਦਾ ਬਹੁਤ ਨਜ਼ਦੀਕੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਗੈਂਗਸਟਰ ਦਾ ਬੀਤੇ ਦਿਨੀਂ ਅੰਮ੍ਰਿਤਸਰ ਦੇ ਇਕ ਰਿਜ਼ੋਰਟ ਵਿਚ ਹੋਏ ਸਰਪੰਚ ਜਰਮਲ ਸਿੰਘ ਕਤਲ ਨਾਲ ਵੀ ਸੰਬੰਧ ਸੀ। ਇਸ ਨੇ ਸਰਪੰਚ ਨੂੰ ਕਤਲ ਕਰਨ ਵਾਲੇ ਗੈਂਗਸਟਰਾਂ ਨਾਲ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਬਾਕੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਜਨਤਕ ਕਰ ਦਿੱਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ