ਦੋ ਮਹਿਲਾ ਕੌਂਸਲਰਾਂ ਦੇ ਦਲ ਬਦਲੀ ਤੋਂ ਬਾਅਦ ਕਾਂਗਰਸ, 'ਆਪ' ਅਤੇ ਭਾਜਪਾ ਅੱਜ ਪਹਿਲੀ ਵਾਰ ਇਕ ਦੂਜੇ ਦੇ ਸਾਹਮਣੇ ਹੋਣਗੇ
ਚੰਡੀਗੜ੍ਹ, 30 ਦਸੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਦੋ ਮਹਿਲਾ ਕੌਂਸਲਰਾਂ ਦੇ ਦਲ ਬਦਲੀ ਤੋਂ ਬਾਅਦ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਕੌਂਸਲਰ ਕੱਲ੍ਹ ਪਹਿਲੀ ਵਾਰ ਇਕ ਦੂਜੇ ਦੇ ਆਹਮਣੇ ਸਾਹਮਣੇ ਹੋਣਗੇ। ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬੀਤੇ ਕੱਲ੍ਹ ਚੰਡੀਗੜ੍ਹ ਨਗਰ ਨਿਗਮ ਹਾਊਸ ਮੀਟਿੰਗ ਲਈ ਰਣਨੀਤੀਆਂ 'ਤੇ ਚਰਚਾ ਕੀਤੀ। ਤਿੰਨੋਂ ਪਾਰਟੀਆਂ ਦੇ ਆਪਣੇ-ਆਪਣੇ ਕੌਂਸਲਰ ਸਮੂਹਾਂ ਨਾਲ ਮੁਲਾਕਾਤ ਕੀਤੀ। ਚੰਡੀਗੜ੍ਹ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਨਗਰ ਨਿਗਮ ਹਾਊਸ ਮੀਟਿੰਗ ਵਿਚ ਵਿਸ਼ੇਸ਼ ਮਹਿਮਾਨ ਹੋਣਗੇ। ਸਿੱਟੇ ਵਜੋਂ ਨਗਰ ਨਿਗਮ ਪ੍ਰਸ਼ਾਸਨ ਨੇ ਭਾਜਪਾ ਅਤੇ ਵਿਰੋਧੀ ਧਿਰ ਨੂੰ ਪ੍ਰਸ਼ਾਸਕ ਦੇ ਸਾਹਮਣੇ ਬੋਲਣ ਲਈ ਦੋ-ਦੋ ਕੌਂਸਲਰਾਂ ਨੂੰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਹੈ। ਸਚਿਨ ਗਾਲਵ ਨੂੰ ਕਾਂਗਰਸ ਵਲੋਂ ਅਤੇ ਕੌਂਸਲਰ ਯੋਗੇਸ਼ ਢੀਂਗਰਾ ਨੂੰ ਆਮ ਆਦਮੀ ਪਾਰਟੀ ਵਲੋਂ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਭਾਜਪਾ ਵਲੋਂ ਸੰਭਾਵਿਤ ਤੌਰ 'ਤੇ ਸੌਰਭ ਜੋਸ਼ੀ ਅਤੇ ਮਨੋਜ ਸੋਨਕਰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸਾਹਮਣੇ ਬੋਲਣਗੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਵੱਖ-ਵੱਖ ਪ੍ਰੀ-ਹਾਊਸ ਮੀਟਿੰਗਾਂ 'ਚ ਇਹ ਫੈਸਲਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਕੌਂਸਲਰ ਸ਼ਹਿਰ ਦੇ ਵਿਕਾਸ ਅਤੇ ਜਨਹਿੱਤ ਲਈ ਪ੍ਰਸਤਾਵਾਂ ਦਾ ਸਮਰਥਨ ਕਰਨਗੇ, ਪਰ ਵਿਰੋਧੀ ਧਿਰ ਮਨੀਮਾਜਰਾ ਜ਼ਮੀਨ ਅਤੇ 24x7 ਜਲ ਸਪਲਾਈ ਪ੍ਰੋਜੈਕਟ ਸੰਬੰਧੀ ਪ੍ਰਸਤਾਵਾਂ ਦਾ ਸਖ਼ਤ ਵਿਰੋਧ ਕਰੇਗੀ। ਭਾਵੇਂ ਵਿਰੌਧ ਜਤਾਉਣਾ ਹੋਵੇ ਜਾਂ ਮੀਟਿੰਗ ਵਿਚੋਂ ਵਾਕਆਊਟ ਕਰਨਾ, ਵਿਰੋਧੀ ਧਿਰ ਦੇ ਕੌਂਸਲਰ ਵਿਰੋਧ ਦਾ ਹਰ ਲੋਕਤੰਤਰੀ ਤਰੀਕਾ ਅਪਣਾਉਣਗੇ। ਇਸ ਦੌਰਾਨ, ਨਗਰ ਨਿਗਮ ਵਲੋਂ 30 ਦਸੰਬਰ ਨੂੰ ਹਾਊਸ ਮੀਟਿੰਗ ਲਈ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ 10-ਨੁਕਾਤੀ ਮੂਲ ਏਜੰਡੇ ਤੋਂ ਇਲਾਵਾ ਅੱਜ ਕੌਂਸਲਰਾਂ ਨੂੰ 5-ਨੁਕਾਤੀ ਪੂਰਕ ਏਜੰਡਾ ਵੀ ਵੰਡਿਆ ਗਿਆ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਹਾਊਸ ਮੀਟਿੰਗ ਲਈ ਜ਼ਿਆਦਾਤਰ ਏਜੰਡੇ ਦੀਆਂ ਚੀਜ਼ਾਂ ਭਾਜਪਾ ਕੌਂਸਲਰਾਂ ਦੇ ਵਾਰਡਾਂ ਦੇ ਕੰਮਾਂ ਨਾਲ ਸੰਬੰਧਿਤ ਹਨ, ਜੋ ਕਿ ਸਹੀ ਨਹੀਂ ਹੈ ਅਤੇ ਵਿਰੋਧੀ ਕੌਂਸਲਰਾਂ ਦੇ ਖੇਤਰਾਂ ਨਾਲ ਸੱਤਾਧਾਰੀ ਪਾਰਟੀ ਦੇ ਵਿਤਕਰੇ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ। ਅਜਿਹੀ ਸਥਿਤੀ 'ਚ, ਵਿਕਾਸ ਏਜੰਡਿਆਂ 'ਤੇ ਸਹਿਯੋਗ ਦਿੱਤਾ ਜਾਵੇਗਾ ਪਰ ਵਿਤਕਰੇ ਵਿਰੁੱਧ ਸਖ਼ਤ ਵਿਰੋਧ ਵੀ ਦਰਜ ਕੀਤਾ ਜਾਵੇਗਾ।
;
;
;
;
;
;
;
;