ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਕੈਨੇਡਾ 'ਚ ਅਚਾਨਕ ਮੌਤ
ਮਹਿਲ ਕਲਾਂ,29 ਦਸੰਬਰ (ਅਵਤਾਰ ਸਿੰਘ ਅਣਖੀ)- ਪਿੰਡ ਛੀਨੀਵਾਲ ਕਲਾਂ (ਬਰਨਾਲਾ) ਦੇ ਇਕ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਲਤੇਜ ਸਿੰਘ (24) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਛੀਨੀਵਾਲ ਕਲਾਂ ਜੋ ਕੈਨੇਡਾ ਦੇ ਸਰੀ ਇਲਾਕੇ 'ਚ ਰਹਿ ਰਿਹਾ ਹੈ, ਜਿੱਥੇ ਉਸ ਦੀ ਅਚਾਨਕ ਬੀਤੇ ਦਿਨੀਂ ਮੌਤ ਹੋ ਗਈ। ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਜਿਨ੍ਹਾਂ ਨੇ ਸੁਨਹਿਰੇ ਦਿਨਾਂ ਦੀ ਆਸ ਨਾਲ ਬਲਤੇਜ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਕੇ 2023 'ਚ ਕੈਨੇਡਾ ਭੇਜਿਆ ਸੀ । ਪਰ ਅਚਾਨਕ ਵਾਪਰੀ ਇਸ ਘਟਨਾ ਨੇ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਪਰ ਪਾਣੀ ਫੇਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਤੇ ਮਾਤਾ ਪਰਮਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਲੰਘੀ 26 ਦਸੰਬਰ ਨੂੰ ਉਸ ਦੇ ਨਾਲ ਕੈਨੇਡਾ ਰਹਿੰਦੇ ਦੋਸਤਾਂ ਨੇ ਫ਼ੋਨ ਰਾਹੀ ਸਾਨੂੰ ਦੱਸਿਆ ਕਿ ਰਾਤ ਨੂੰ ਗੱਲਬਾਤ ਕਰਕੇ ਖਾਣਾ ਖਾ ਕੇ ਸੁੱਤੇ ਬਲਤੇਜ ਨੂੰ ਸਵੇਰੇ ਬੈੱਡ ਤੋਂ ਉੱਠਣ ਲਈ ਆਵਾਜ਼ਾਂ ਦਿਤੀਆਂ, ਤਾਂ ਉਹ ਨਾ ਉਠਿਆ। ਮਾਪਿਆਂ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਸੰਬੰਧੀ ਅਜੇ ਕੁਝ ਨਹੀਂ ਦੱਸਿਆ ਜਾ ਸਕਦਾ । ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ।। ਪੀੜਤ ਮਾਪਿਆਂ ਨੇ ਭਰੇ ਮਨ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
;
;
;
;
;
;
;
;