ਚੋਰੀ ਕੀਤੇ 3 ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ
ਸੰਗਤ ਮੰਡੀ (ਬਠਿੰਡਾ), 10 ਦਸੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਪਾਰਟੀ ਨੇ ਇਕ ਗਸ਼ਤ ਦੌਰਾਨ ਦੋ ਨੌਜਵਾਨਾਂ ਪਾਸੋਂ ਤਿੰਨ ਚੋਰੀ ਕੀਤੇ ਗਏ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਦਾ ਜਗਰੂਪ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਸੰਗਤ ਕਲਾਂ ਡਰੇਨ ਪੁੱਲ ਕੋਲ ਗਸ਼ਤ ਕਰ ਰਹੀ ਸੀ ਤਾਂ ਦੋ ਨੌਜਵਾਨ ਜਿਨ੍ਹਾਂ ਪਾਸ ਇਕ ਬਿਨਾਂ ਨੰਬਰੀ ਮੋਟਰਸਾਈਕਲ ਸੀ, ਖੜ੍ਹੇ ਦਿਖਾਈ ਦਿੱਤੇ। ਜਦ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਤੋਂ ਕਾਗਜ਼ਾਤ ਦੀ ਮੰਗ ਕੀਤੀ ਤਾਂ ਉਹ ਘਬਰਾ ਗਏ ਅਤੇ ਪੁਲਿਸ ਨੂੰ ਕੋਈ ਵੀ ਕਾਗਜਤ ਪੇਸ਼ ਨਹੀਂ ਕਰ ਸਕੇ ਤਾਂ ਪੁਲਿਸ ਨੇ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਇਹ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਦੋ ਹੋਰ ਚੋਰੀ ਕੀਤੇ ਮੋਟਰਸਾਈਕਲ ਵੀ ਇਨ੍ਹਾਂ ਤੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਸਵਰਨ ਸਿੰਘ ਅਤੇ ਗੁਰਜੰਟ ਸਿੰਘ ਵਾਸੀ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਦੇ ਤੌਰ 'ਤੇ ਹੋਈ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਹੈ ਕਿ ਇਹ ਸ਼ਰਾਬ ਪੀਣ ਦੇ ਆਦੀ ਹਨ ਅਤੇ ਸ਼ਰਾਬ ਦੀ ਪੂਰਤੀ ਲਈ ਪੈਸੇ ਨਾ ਹੋਣ ਕਾਰਨ ਇਹ ਮੋਟਰਸਾਈਕਲ ਚੋਰੀ ਕਰਦੇ ਸਨ, ਜਿਨ੍ਹਾਂ ਨੂੰ ਕਿ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਹਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੁੰਘਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ।
;
;
;
;
;
;
;
;