ਫਗਵਾੜਾ ਸ਼ਹਿਰ ਦੇ ਇਕ ਹੋਟਲ ’ਤੇ ਪੁਲਿਸ ਦੀ ਵੱਡੀ ਛਾਪੇਮਾਰੀ, 39 ਵਿਅਕਤੀ ਗਿ੍ਫ਼ਤਾਰ

.jpeg)
.jpeg)
.jpeg)
.jpeg)

ਫਗਵਾੜਾ, (ਕਪੂਰਥਲਾ), 19 ਸਤੰਬਰ (ਹਰਜੋਤ ਸਿੰਘ ਚਾਨਾ)- ਬੀਤੀ ਦੇਰ ਰਾਤ ਇਥੋਂ ਦੇ ਪਲਾਹੀ ਰੋਡ ’ਤੇ ਸਥਿਤ ਇਕ ਹੋਟਲ ’ਤੇ ਪੁਲਿਸ ਵਲੋਂ ਵੱਡੀ ਛਾਪੇਮਾਰੀ ਕੀਤੀ ਗਈ, ਜੋ ਅਜੇ ਤੱਕ ਜਾਰੀ ਹੈ। ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀ.ਐਸ.ਪੀ. ਭਾਰਤ ਭੂਸ਼ਣ ਅਤੇ ਸਾਇਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇਮਾਰੀ ਜੋ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵਲੋਂ ਕੀਤੀ ਗਈ, ਦੌਰਾਨ 39 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਨੰਬਰ 14, ਮਿਤੀ 19 ਸਤੰਬਰ 2025, ਪੁਲਿਸ ਸਟੇਸ਼ਨ ਸਾਇਬਰ ਕ੍ਰਾਈਮ ਕਪੂਰਥਲਾ ’ਚ ਦਰਜ ਕੀਤੀ ਗਈ ਹੈ। ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 111, 318(4), 61(2) ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ 663 ਤੇ 664 ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਜਾਂਚ ਜਾਰੀ ਹੈ ਤਾਂ ਜੋ ਵੱਡੇ ਨੈੱਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ।
ਪਹਿਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ , ਵਾਸੀ ਮੁਹੱਲਾ ਗੁਜਰਾਤੀਆਂ ਵਲੋਂ ਚਲਾਇਆ ਜਾ ਰਿਹਾ ਸੀ। ਉਸ ਨੇ ਲੀਜ਼ ’ਤੇ ਇਹ ਹੋਟਲ ਲੈ ਕੇ ਇਹ ਗੈਰਕਾਨੂੰਨੀ ਸੈਂਟਰ ਬਣਾਇਆ ਸੀ। ਕਾਲ ਸੈਂਟਰ ਦੀ ਦੇਖਭਾਲ ਜਸਪ੍ਰੀਤ ਸਿੰਘ ਤੇ ਸਾਜਨ ਮਦਾਨ (ਸਾਊਥ ਐਵਨਿਊ, ਨਵੀਂ ਦਿੱਲੀ) ਕਰ ਰਹੇ ਸਨ। ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇਕ ਵਿਅਕਤੀ ਸੂਰਜ ਨਾਲ ਮਿਲੇ ਹਨ, ਜੋ ਕਿ ਕੋਲਕਾਤਾ ਦੇ ਸ਼ੈਨ ਨਾਲ ਜੁੜਿਆ ਹੋਇਆ ਹੈ।
ਪੁਲਿਸ ਅਨੁਸਾਰ ਗਰੋਹ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਸਾਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂਅ ’ਤੇ ਧੋਖਾਧੜੀ ਕਰ ਰਿਹਾ ਸੀ। ਇਨ੍ਹਾਂ ਦੇ ਲੈਣ-ਦੇਣ ਮੁੱਖ ਤੌਰ ’ਤੇ ਬਿਟਕੌਇਨ ਰਾਹੀਂ ਹੁੰਦੇ ਸਨ, ਜਦਕਿ ਹਵਾਲਾ ਚੈਨਲਾਂ ਰਾਹੀਂ ਵੀ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਜਾਰੀ ਹੈ।