ਹੜ੍ਹ ਪ੍ਰਭਾਵਿਤ ਖੇਤਰਾਂ 'ਚ ਭਲਕੇ ਤੋਂ ਹੋਵੇਗੀ ਵਿਸ਼ੇਸ਼ ਗਿਰਦਾਵਰੀ - ਅਮਿਤ ਕੁਮਾਰ ਪੰਚਾਲ

ਕਪੂਰਥਲਾ, 12 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹੋਏ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ 13 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਲਈ 32 ਪਟਵਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਵਿਸ਼ੇਸ਼ ਗਿਰਦਾਵਰੀ ਦੇ ਕੰਮ ਦੀ ਨਿਗਰਾਨੀ ਲਈ ਐਸ.ਡੀ.ਐਮ. ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਵਿਸ਼ੇਸ਼ ਗਿਰਦਾਵਰੀ ਲਈ ਹਰੇਕ ਪਟਵਾਰੀ ਨੂੰ 3-3 ਪਿੰਡ ਅਲਾਟ ਕੀਤੇ ਗਏ ਹਨ ਤੇ ਉਹ ਰੋਜ਼ਾਨਾ ਰਿਪੋਰਟ ਐਸ.ਡੀ.ਐਮ. ਨੂੰ ਪੇਸ਼ ਕਰਨਗੇ ਤੇ ਉਨ੍ਹਾਂ ਵਲੋਂ ਮੁਲਾਂਕਣ ਕਰਨ ਤੋਂ ਬਾਅਦ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਸੌਂਪੀ ਜਾਵੇਗੀ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਸ਼ਿੱਦਤ ਨਾਲ ਵਿਸ਼ੇਸ਼ ਗਿਰਦਾਵਰੀ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ। ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਮੌਕੇ ਪਿੰਡ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕੋਈ ਵੀ ਹੜ੍ਹ ਪੀੜਤ ਵਿਅਕਤੀ ਮੁਆਵਜ਼ਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਦੇ ਪਾਣੀ ਦੇ ਘਟਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਮੰਤਵ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਟੀਮਾਂ ਬਣਾ ਕੇ ਘਰ- ਘਰ ਜਾ ਕੇ ਲੋਕਾਂ ਦੀ ਸਿਹਤ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਦੀ ਵੰਡ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵਿਭਾਗ ਵਲੋਂ ਮੱਛਰਾਂ ਤੇ ਡੇਂਗੂ ਤੋਂ ਬਚਾਅ ਲਈ ਪ੍ਰਭਾਵਿਤ ਖੇਤਰਾਂ ਵਿਚ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹੜ੍ਹ ਦੇ ਪਾਣੀ ਨਾਲ ਖ਼ਰਾਬ ਹੋਈਆਂ ਸੜਕਾਂ ਦੀ ਤੁਰੰਤ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਨ ਤਾਂ ਜੋ ਲੋਕਾਂ ਨੂੰ ਆਵਾਜਾਈ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਸ਼ੂਧਨ ਦੀ ਸਿਹਤ ਸੁਰੱਖਿਆ ਲਈ ਜਾਂਚ ਤੇ ਬੀਮਾਰ ਪਸ਼ੂਆਂ ਦੇ ਇਲਾਜ ਵਿਚ ਤੇਜ਼ੀ ਲਿਆਉਣ ਤੇ ਇਹ ਟੀਮਾਂ ਲੋਕਾਂ ਦੇ ਘਰ ਤੱਕ ਪਹੁੰਚ ਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਕਰਕੇ ਉਨ੍ਹਾਂ ਦਾ ਇਲਾਜ ਯਕੀਨੀ ਬਣਾਉਣ। ਉਨ੍ਹਾਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜਿਥੇ ਵੀ ਕਿਤੇ ਹੜ੍ਹ ਕਾਰਨ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਹੈ, ਉਥੇ ਪੀਣ ਵਾਲਾ ਸਾਫ਼ ਪਾਣੀ ਟੈਂਕਰਾਂ ਨਾਲ ਸਪਲਾਈ ਕਰਨ ਦੇ ਆਰਜ਼ੀ ਪ੍ਰਬੰਧ ਕੀਤੇ ਜਾਣ ਤੇ ਖ਼ਰਾਬ ਹੋਏ ਟਿਊਬਵੈੱਲਾਂ ਤੇ ਪਾਈਪਲਾਈਨਾਂ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ। ਮੀਟਿੰਗ ਵਿਚ ਨਵਨੀਤ ਕੌਰ ਬੱਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਅਲਕਾ ਕਾਲੀਆ ਐਸ.ਡੀ.ਐਮ. ਸੁਲਤਾਨਪੁਰ ਲੋਧੀ, ਡਾ. ਇਰਵਿਨ ਕੌਰ ਐਸ.ਡੀ.ਐਮ. ਕਪੂਰਥਲਾ, ਡੈਵੀ ਗੋਇਲ ਐਸ.ਡੀ.ਐਮ. ਭੁਲੱਥ, ਜਸ਼ਨਜੀਤ ਸਿੰਘ ਐਸ.ਡੀ.ਐਮ. ਫਗਵਾੜਾ, ਵਿਸ਼ਾਲ ਵਟਸ ਸਹਾਇਕ ਕਮਿਸ਼ਨਰ ਜਨਰਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।